ਬਲਾਕ ਦੀਆਂ 16 ਪੰਚਾਇਤਾਂ ਦਾ ਹੋਇਆ ਸਨਮਾਨ
ਸਾਦਿਕ,11 ਜੂਨ (ਗੁਰਵਿੰਦਰ ਔਲਖ)-ਪੀ.ਐਚ.ਸੀ ਜੰਡ ਸਾਹਿਬ ਦੇ ਬਲਾਕ ਐਕਸਟੈਂਸ਼ਨ ਐਜੂਕੇਟਰ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਦਸਿਆ ਕਿ ਸਿਵਲ ਸਰਜਨ ਡਾ.ਰਾਮ ਲਾਲ ਗਾਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ ਦੀ ਯੋਗ ਅਗਵਾਈ ਹੇਠ ਅਪ੍ਰੈਲ-ਮਈ ਮਹੀਨਿਆਂ ਨੂੰ ਤੰਬਾਕੂ ਮੁਕਤ ਮਹੀਨਿਆਂ ਵਜੋਂ ਮਨਾਇਆ ਗਿਆ ਸੀ।ਪੀ.ਐਚ.ਸੀ ਜੰਡ ਸਾਹਿਬ ਦੀ ਟਾਸਕ ਫੋਰਸ ਵਲਂੋ ਵਖ-ਵਖ ਜਨਤਕ ਸਥਾਨਾਂ ਤੇ ਚੈਕਿੰਗ ਕਰਕੇ ਦੇਸ਼ ਭਰ ਵਿਚ ਲਾਗੂ ਸਿਗਰੇਟ ਐਂਡ ਅਦਰ ਤੰਬਾਕੂ ਉਤਪਾਦ ਐਕਟ-2003 ਦੀ ਉਲੰਘਣਾ ਕਰਨ ਵਾਲਿਆਂ ਨੂੰ ਜ਼ੁਰਮਾਨਾ ਕਰ ਚਲਾਣ ਵੀ ਕੱਟੇ ਗਏ ਅਤੇ ਆਮ ਲੋਕਾਂ ਨੂੰ ਇਸ ਐਕਟ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ, ਵਰਕਸ਼ਾਪ ਅਤੇ ਸਕੂਲ ਰੈਲੀਆ ਵੀ ਕਰਵਾਈਆਂ ਗਈਆਂ ਤਾਂ ਜੋ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਘਰ-ਘਰ ਪਹੁੰਚਾਈ ਜਾ ਸਕੇ।ਇਸ ਮੁਹਿੰਮ ਨੂੰ ਸੂਚਾਰੂ ਢੰਗ ਨਾਲ ਲਾਗੂ ਕਰਵਾਉਣ ਅਤੇ ਸਿਹਤ ਵਿਭਾਗ ਦਾ ਸਹਿਯੋਗ ਦੇਣ ਲਈ ਉਨ੍ਹਾਂ ਬਲਾਕ ਦੇ ਫੀਲਡ ਸਟਾਫ,ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗ ,ਸਿੱਖਿਆ ਵਿਭਾਗ,ਪੁਲਿਸ ਵਿਭਾਗ,ਪਿੰਡ ਪੰਚਾਇਤਾਂ ਅਤੇ ਪ੍ਰੈਸ ਦਾ ਧੰਨਵਾਦ ਕੀਤਾ।ਪੀ.ਐਚ.ਸੀ ਜੰਡ ਸਾਹਿਬ ਦਾ ਪੰਜਾਬ ਤੰਬਾਕੂ ਮੁਕਤ ਮੁਹਿੰਮ ਵਿੱਚ ਅਹਿਮ ਯੋਗਦਾਨ ਹੈ। ਬਲਾਕ ਜੰਡ ਸਹਿਬ ਦੇ 16 ਪਿੰਡ ਤੰਬਾਕੂਨੋਸ਼ੀ ਰਹਿਤ ਘੋਸ਼ਿਤ ਹੋ ਚੁੱਕੇ ਹਨ।ਹੁਣ ਭਾਂਵੇ ਸੂਬੇ ਵਿੱਚ ਇਹ ਮੁਹਿੰਮ ਤੇਜੀ ਫੜ੍ਹ ਰਹੀ ਹੈ ਪਰ ਜਿਕਰਯੋਗ ਹੈ ਕਿ ਪੰਜਾਬ ਦੇ ਪਹਿਲੇ 5 ਤੰਬਾਕੂਨੋਸ਼ੀ ਮੁਕਤ ਪਿੰਡ ਵੀ ਇਸੇ ਹੀ ਪੀ.ਐਚ.ਸੀ ਦੇ ਸਨ। ਉਨਾਂ ਹੋਰ ਪਿੰਡ ਪੰਚਾਇਤਾਂ ਨੂੰ ਵੀ ਤੰਬਾਕੂ ਮੁਕਤ ਪੰਜਾਬ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜਨਤਕ ਸਥਾਨਾਂ ਜਿਥੇ ਆਮ ਨਾਗਰਿਕ ਆਉਂਦੇ-ਜਾਂਦੇ ਹਨ,ਦੀ ਚੈਕਿੰਗ ਕਰਕੇ ਸਿਗਰੇਟ ਅਤੇ ਬੀੜੀ ਪੀਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ ਜਿਹੜੇ ਜਨਤਕ ਸਥਾਨਾਂ ਤੇ ਤੰਬਾਕੂਨੋਸ਼ੀ ਦੀ ਪਾਬੰਦੀ ਬਾਰੇ ਬੋਰਡ ਨਹੀਂ ਲਗੇ ਹੁੰਦੇ ਜਾਂ ਤੰਬਾਕੂਨੋਸ਼ੀ ਦੇ ਸਬੂਤ ਮਿਲਦੇ ਹਨ,ਉਥੇ ਮਾਲਕਾਂ ਨੂੰ ਮੌਕੇ ਤੇ ਜੁਰਮਾਨਾ ਵੀ ਕੀਤਾ ਜਾਂਦਾ ਹੈ।ਸਿਗਰੇਟ,ਬੀੜੀ ਜਾਂ ਹੁਕਾ ਨਾ ਪੀਣ ਵਾਲੇ ਮਾਸੂਮ ਲੋਕਾਂ ਨੂੰ ਤੰਬਾਕੂ ਦੇ ਧੂਏਂ ਤੋਂ ਹੋਣ ਵਾਲੇ ਕੈਂਸਰ ਅਤੇ ਹੋਰ ਮਾੜੇ ਪ੍ਰਭਾਵਾਂ ਤੋਂ ਬਚਾਉਣ ਅਤੇ 18 ਸਾਲ ਤੋਂ ਘਟ ਉਮਰ ਦੇ ਬਚਿਆਂ ਨੂੰ ਤੰਬਾਕੂ ਤੋਂ ਦੂਰ ਰਖਣ ਲਈ ਦੇਸ਼ ਭਰ ਵਿਚ ਸਿਗਰੇਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ ਲਾਗੂ ਕੀਤਾ ਗਿਆ ਹੈ।ਐਕਟ ਦੀ ਧਾਰਾ 4 ਤਹਿਤ ਜਨਤਕ ਸਥਾਨਾਂ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ। ਹਰ ਜਨਤਕ ਸਥਾਨ ਤੇ ਤੰਬਾਕੂਨੋਸ਼ੀ ਰਹਿਤ ਖੇਤਰ ਸਬੰਧੀ ਬੋਰਡ ਲਗਾਉਣ ਅਤੇ ਤੰਬਾਕੂਨੋਸ਼ੀ ਨੂੰ ਰੋਕਣ ਦੀ ਜ਼ਿੰਮੇਦਾਰੀ ਮਾਲਕ/ ਪ੍ਰੋਪਰਾਈਟਰ/ ਪ੍ਰਬੰਧਕ/ ਸੁਪਰਵਾਈਜ਼ਰ ਜਾਂ ਇੰਚਾਰਜ ਦੀ ਹੈ।ਤੰਬਾਕੂਨੋਸ਼ੀ ਨਾ ਕਰਨ ਦਾ ਸੁਨੇਹਾ ਦਿੰਦੇ ਪੋਸਟਰ ਵਿਭਾਗਾਂ ਅਤੇ ਸੰਸਥਾਵਾਂ ਨੂੰ ਲਗਾਉਣ ਦੀ ਸਲਾਹ ਦਿਤੀ।