ਸਮਰਾਲਾ, 3 ਅਕਤੂਬਰ (ਕਮਲਜੀਤ)-ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਜੋ ਇੱਕ ਵੱਡੀ ਬਿਜਲੀ ਦੀ ਲਾਇਨ ਕੁਰੂਕੇਸ਼ਤਰ ਤੋਂ ਨਕੋਦਰ ਤੱਕ ਬਿਨਾ ਜ਼ਮੀਨ ਦਾ ਮੁਆਵਜ਼ਾ ਦਿੱਤੇ ਕੱਢੀ ਜਾ ਰਹੀ ਹੈ, ਇਸ ਉਪਰ ਤੁਰੰਤ ਰੋਕ ਲਾਈ ਜਾਵੇ ਕਿਉਂਕਿ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਇਸ ਨਾਲ ਪ੍ਰਭਾਵਿਤ ਹੋ ਰਹੀ ਹੈ। ਇਸ ਸੰਬੰਧ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਮੇਹਲੋਂ ਦੀ ਪ੍ਰਧਾਨਗੀ ਹੇਠ ਸਥਾਨਕ ਐਸ.ਡੀ.ਐਮ. ਦਫਤਰ ਅੱਗੇ ਇੱਕ ਵੱਡੇ ਇਕੱਠ ਕਰਕੇ ਇੱਕ ਰੋਸ ਧਰਨਾ ਲਗਾਇਆ ਗਿਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਇੱਕ ਮੰਗ ਪੱਤਰ ਐਸ.ਡੀ.ਐਮ. ਸਮਰਾਲਾ ਰਾਹੀਂ ਦਿੱਤਾ ਗਿਆ।

ਇਸ ਮੰਗ ਪੱਤਰ ਵਿਚ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇਸ ਲਾਇਨ ਨੂੰ ਕੱਢਣਾ ਜਿੱਥੇ ਜਿੱਥੇ ਵੀ ਕਿਸਾਨਾਂ ਨੇ ਇਸ ਨੂੰ ਰੋਕਿਆ ਹੋਇਆ ਹੈ, ਪ੍ਰਸ਼ਾਸ਼ਨ ਪਾਵਰ ਗਰਿੱਡ ਕਾਰਪੋਰੇਸ਼ਨ ਨੂੰ ਹਦਾਇਤ ਕਰੇ ਕਿ ਕਿਤੇ ਵੀ ਧੱਕੇਸ਼ਾਹੀ ਨਾਲ ਲਾਇਨ ਦਾ ਕੰਮ ਸ਼ੁਰੂ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਸਾਰੀ ਕਾਨੂੰਨ ਪ੍ਰਕਿਰਿਆ ਮੁਕੰਮਲ ਕਰਕੇ ਜ਼ਮੀਨ ਦੀ ਕੀਮਤ ਦੇਣ ਲਈ ਇੱਕ ਐਵਾਰਡ ਕਮੇਟੀ ਦਾ ਗਠਨ ਕੀਤਾ ਜਾਵੇ ਜਿਸ ਵਿਚ ਪ੍ਰਭਾਵਿਤ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਇਕੱਠੇ ਕੀਤੇ ਜਾਣ। ਸ਼ੂਗਰ ਮਿੱਲ ਬੁੱਢੇਵਾਲ ਚੇਅਰਮੈਨ ਹਰਿੰਦਰ ਸਿੰਘ ਲੱਖੋਵਾਲ ਅਤੇ ਬੀ.ਕੇ.ਯੂ. ਲੱਖੋਵਾਲ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਨੇ ਇਹ ਵੀ ਮੰਗ ਕੀਤੀ ਹੈ ਕਿ ਪਿਛਲੇ ਦਿਨੀਂ ਆਏ ਝੱਖੜ ਨਾਲ ਝੋਨਾ ਅਤੇ ਮੱਕੀ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਝੋਨੇ ਦਾ ਦਾਣਾ ਬਰਦੰਗ ਵੀ ਹੋ ਗਿਆ ਹੈ। ਇਸ ਦੇ ਮਿਆਰ ਅਤੇ ਝਾੜ ਉਪਰ ਮਾਰੂ ਅਸਰ ਹੋਇਆ ਹੈ। ਇਸ ਦਾ ਨੁਕਸਾਨ ਸਹਿਣ ਦੀ ਸਮਰੱਥਾ ਕਿਸਾਨਾਂ ਦੀ ਨਹੀਂ ਰਹੀ। ਇਸ ਲਈ ਮੰਗ ਕੀਤੀ ਜਾਂਦੀ ਹੈ ਕਿ ਸਰਕਾਰ ਬਿਨਾਂ ਦੇਰੀ ਤੋਂ ਸਪੈਸ਼ਲ ਗੁਦਾਵਰੀ ਕਰਵਾ ਕੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਕੁਦਰਤੀ ਆਫਤਾਂ ਦੇ ਫੰਡ ਵਿਚੋਂ ਪੂਰਾ ਪੂਰਾ ਮੁਆਵਜਾ ਦੇਵੇ ਅਤੇ ਝੋਨੇ ਦੀ ਖਰੀਦ ਲਈ ਮਿਆਰ ਸਮੇਂ ਦੀ ਲੋੜ ਅਨੁਸਾਰ ਨਰਮ ਕੀਤੇ ਜਾਣ ਅਤੇ ਨਮੀਂ ਦੀ ਮਾਤਰਾ 17 ਫੀਸਦੀ ਤੋਂ ਵਧਾ ਕੇ 20 ਫੀਸਦੀ ਕੀਤੀ ਜਾਵੇ। ਇਸ ਤੋਂ ਇਲਾਵਾ ਲੁਧਿਆਣਾ ਚੰਡੀਗੜ ਸੜਕ ‘ਤੇ ਕਿਸਾਨਾਂ ਵੱਲੋਂ ਕੁੱਝ ਸਮੇਂ ਲਈ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਤੇ ਸ਼ੇਰ ਸਿੰਘ ਮੁਸ਼ਕਾਬਾਦ ਐਕਜੈਕਟਿਵ ਕਮੇਟੀ ਮੈਂਬਰ, ਹਰਗੁਰਮੱਖ ਸਿੰਘ ਦਿਆਲਪੁਰਾ ਬਲਾਕ ਪ੍ਰਧਾਨ, ਕੁਲਦੀਪ ਸਿੰਘ ਜਾਤੀਵਾਲ, ਜਸਮੇਲ ਸਿੰਘ ਬੌਂਦਲੀ, ਸ਼ੇਰ ਸਿੰਘ, ਰੁਪਿੰਦਰ ਸਿੰਘ ਮਾਣਕੀ ਆਦਿ ਹਾਜ਼ਰ ਸਨ।