ਧੂਰੀ, 9 ਜੂਨ (ਸਨੀ ਘਨੌਰ)-ਪਿਛਲੇ ਦਿਨੀਂ ਮੱਧ ਪ੍ਰਦੇਸ਼ ਵਿੱਚ ਕਰਜਾ ਮੁਆਫੀ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗੋਲੀ ਕਾਂਡ ਦੌਰਾਨ ਹੋਈ ਮੌਤ ਦੇ ਰੋਸ ਵੱਜੋਂ ਅੱਜ ਯੂਥ ਕਾਂਗਰਸ ਹਲਕਾ ਧੂਰੀ ਵੱਲੋਂ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ’ਤੇ ਰੇਲ ਗੱਡੀਆਂ ਰੋਕ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਰਾਜਨੀਤਿਕ ਭੇਦਭਾਵ ਕਰਦੇ ਹੋਏ ਰਾਜਨੀਤੀਕ ਲਾਹਾ ਲੈਣ ਲਈ ਸਿਰਫ ਉਤਰ ਪ੍ਰਦੇਸ਼ ਦੇ ਕਿਸਾਨਾਂ ਦਾ ਕਰਜਾ ਮੁਆਫੀ ਦਾ ਹੀ ਐਲਾਨ ਕੀਤਾ ਗਿਆ ਹੈ, ਜਦਕਿ ਮੱਧ ਪ੍ਰਦੇਸ਼ ਵਿਖੇ ਕਰਜਾ ਮੁਆਫੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਕਈ ਕਿਸਾਨਾਂ ਦੀ ਮੌਤ ਹੋ ਗਈ। ਉਨ੍ਹਾਂ ਸੂਬੇ ’ਚ ਆਪਣੀ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਦੇਸ਼ ਕੇਂਦਰ ਸਰਕਾਰ ਕਰਜਾ ਮੁਆਫੀ ਸਬੰਧੀ ਅਨੁਦਾਨ ਨਾ ਦੇਣ, ਪਰੰਤੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਕਰਜੇ ਮੁਆਫੀ ਸਬੰਧੀ ਕੀਤਾ ਗਿਆ ਵਾਅਦਾ ਪੂਰਾ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਸਾਲਾਂ ਦੇ ਰਾਜ ਦੌਰਾਨ ਭਾਜਪਾ ਦੇ ਰਾਜ ਅੰਦਰ ਕੁੱਲੀ, ਜੁੱਲੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਧਰਨਾਕਾਰੀਆਂ ਦਾ ਪੱਖ ਸੁਣਨ ਦੀ ਬਜਾਏ ਉਨ੍ਹਾਂ ਦਾ ਪੱਖ ਡੰਡੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਚੰਗੇ ਦਿਨ ਦੇਣ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵੱਡੇ ਪੱਧਰ ’ਤੇ ਪਿੱਛੇ ਗਿਆ ਹੈ। ਪੁਲਿਸ ਵੱਲੋਂ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਆਰ.ਪੀ.ਐਫ, ਜੀ.ਆਰ.ਪੀ. ਅਤੇ ਪੰਜਾਬ ਪੁਲਿਸ ਵੱਲੋਂ ਸਖਤਾਂ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸ਼ਮਸ਼ੇਰ ਕੰਧਾਰਗੜ੍ਹ, ਗੁਰੀ ਮਾਨ ਧੂਰੀ, ਹਿਮਾਂਸ਼ੂ ਧੂਰੀ, ਬੱਬੀ ਲੱਡਾ, ਲੱਕੀ ਲੱਡਾ, ਵਿੱਕੀ ਗਿੱਲ ਆਦਿ ਵੀ ਹਾਜਰ ਸਨ।