June 20, 2026 10:12 am

ਮੁੱਖ ਮੰਤਰੀ ਵੱਲੋਂ ਰਾਈਸ ਸ਼ੈਲਰਾਂ ਲਈ ਸੋਧੀ ਹੋਈ ਨੀਤੀ ਨੂੰ ਪ੍ਰਵਾਨਗੀ

ਚੰਡੀਗੜ੍ਹ, 3 ਅਕਤੂਬਰ (ਪੀ.ਟੀ.)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਚਾਵਲ ਸ਼ੈਲਰਾਂ ਅਤੇ ਸ਼ੈਲਾ ਪਲਾਂਟਾਂ ਦੀ ਸੋਧੀ ਨੀਤੀ ਨੂੰ ਅੱਜ ਏਥੇ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦਾ ਉਦੇਸ਼ ਝੋਨੇ ਦੀ ਫੱਕ ਦੀ ਸ਼ੈਲਰਾਂ ਅੰਦਰ ਸੰਭਾਲ ਨੂੰ ਦਰੁਸਤ ਕਰਨਾ ਹੈ। ਇਸ ਸਬੰਧੀ ਫ਼ੈਸਲਾ ਪੰਜਾਬ ਦੇ ਮੁੱਖ ਮੰਤਰੀ ਨੇ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ, ਕਿਰਤ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗਾਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਅਤੇ ਪੰਜਾਬ ਰਾਈਸ ਸ਼ੈਲਰ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਹੋਈ ਇੱਕ ਮੀਟਿੰਗ ਦੌਰਾਨ ਲਿਆ। ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਹਾਜ਼ਰ ਸਨ। ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਸਕੱਤਰ ਸ਼੍ਰੀਮਤੀ ਸੀਮਾ ਜੈਨ ਦੇ ਅਨੁਸਾਰ ਸੋਧੀ ਗਈ ਨੀਤੀ ਦੇ ਮੁਤਾਬਕ ਇਹ ਉਦਯੋਗ 35 ਫੁੱਟ ਲੰਮੀ ਇੱਟਾਂ ਦੀ ਦੀਵਾਰ ਦੀ ਉਸਾਰੀ ਕਰੇਗਾ ਜਿਸ ਦੀ ਉਚਾਈ 10 ਫੁੱਟ ਹੋਵੇਗੀ ਜਾਂ ਇਸ ਦੀ ਉਚਾਈ ਫੱਕ ਦੇ ਨਿਕਾਸੀ ਪਾਈਪ ਤੋਂ ਸਾਢੇ ਤਿੰਨ ਫੁੱਟ ਉਚੀ ਹੋਣੀ ਚਾਹੀਦੀ ਹੈ ਤਾਂ ਜੋ ਸ਼ੈਲਰ ਦੇ ਵਿੱਚ ਹੀ ਫੱਕ ਦੀ ਵਧੀਆ ਢੰਗ ਨਾਲ ਸਟੋਰੇਜ਼ ਹੋ ਸਕੇ ਅਤੇ ਇਹ ਉਡ ਕੇ ਸ਼ੈਲਰ ਤੋਂ ਬਾਹਰ ਨਾ ਜਾ ਸਕੇ। ਇਸ ਦੇ ਨਾਲ ਹੀ ਪਾਲਿਸੀ ਵਿੱਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਇਸ ਦੀਵਾਰ ਉਪਰ ਪੰਜ ਫੁੱਟ ਪਤਲਾ ਸਟੀਲ ਜਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਧਾਤ ਦੀ ਚਾਦਰ ਖੜ੍ਹੀ ਕੀਤੀ ਜਾਵੇ। ਇਸ ਤੋਂ ਇਲਾਵਾ ਨਵੇਂ ਨਿਯਮ੍ਵਾਂ ਦੇ ਹੇਠ ਤਿੰਨ ਫੁੱਟ ਤੋਂ ਉੱਚੀ ਕਿਸੇ ਵੀ ਫੱਕ ਦੀ ਢੇਰੀ ਨੂੰ ਜਾਲ ਨਾਲ ਢਕਣਾ ਵੀ ਲਾਜਮੀ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਸ਼ੈਲਰ ਨਵੰਬਰ 2013 ਤੱਕ ਇਸ ਨੀਤੀ ਨੂੰ ਅਮਲ ਵਿੱਚ ਲਿਆਉਣ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਇਕਾਈਆਂ ਨੂੰ ਸੌਰਟੈਕਸ ਮਸ਼ੀਨਾਂ ਸਥਾਪਤ ਕਰਨ ਦੀ ਵੀ ਆਗਿਆ ਦਿੱਤੀ ਗਈ ਹੈ ਜੇ ਇਸ ਦੀ ਸਥਾਪਤੀ ਨਾਲ ਮੌਜੂਦਾ ਪਦੂਸ਼ਣ ਲੋਡ ਅਤੇ ਯੂਨਿਟ ਦੀ ਕਪੈਸਟੀ ਵਿੱਚ ਕੋਈ ਵਾਧਾ ਨਾ ਹੁੰਦਾ ਹੋਵੇ।  ਇਸ ਤੋਂ ਇਲਾਵਾ ਯੂਨਿਟਾਂ ਦੇ ਅੰਦਰ ਗੱਡੀਆਂ ਦੀ ਆਵਾਜਾਈ ਨੂੰ ਠੀਕ ਰੱਖਣ ਲਈ ਪਾਲਿਸੀ ਵਿੱਚ ਖੜਵੰਜੇ ਜਾਂ ਪੱਕੀ ਬਜਰੀ ਦੀ ਸੜਕ ਤੋਂ ਇਲਾਵਾ ਸੀਮਿੰਟ ਦੀ ਸੜਕ ਹੋਣ ਨੂੰ ਵੀ ਪ੍ਰਵਾਨਤ ਕੀਤਾ ਗਿਆ ਹੈ।

Send this to a friend