June 14, 2026 4:53 am

ਸਮੇਂ ਸਿਰ ਟੈਕਸ ਦੀ ਅਦਾਇਗੀ ਨਾ ਕਰਨ ਵਾਲੇ ਨਾਗਰਿਕਾਂ ਨੂੰ ਲੱਗੇਗਾ ਜੁਰਮਾਨਾ

ਲੁਧਿਆਣਾ, 3 ਅਕਤੂਬਰ (ਸੁਖਚੈਨ ਮਹਿਰਾ)-ਪੰਜਾਬ ਸਰਕਾਰ ਨੇ ਇੰਸਪੈਕਟਰੀ ਰਾਜ ਨੂੰ ਖਤਮ ਕਰਨ ਲਈ ਸ਼ਹਿਰਾਂ ਵਿੱਚ ਹਾਊਸ ਟੈਕਸ ਦੀ ਥਾਂ ਤੇ ਸਵੈ-ਘੋਸ਼ਿਤ ਪ੍ਰਾਪਰਟੀ ਟੈਕਸ ਲਾਗੂ ਕੀਤਾ ਹੈ। ਇਹ ਟੈਕਸ ਪ੍ਰਣਾਲੀ ਬਹੁਤ ਹੀ ਸਰਲ ਹੈ ਅਤੇ ਹਰੇਕ ਸ਼ਹਿਰੀ ਬਹੁਤ ਆਸਾਨੀ ਨਾਲ ਆਪਣੀ ਪ੍ਰਾਪਰਟੀ ਸਬੰਧੀ ਨਿਰਧਾਰਤ ਪ੍ਰੋਫਾਰਮੇ ਤੇ ਵੇਰਵੇ ਦਰਸਾ ਕੇ ਪ੍ਰਾਪਰਟੀ ਟੈਕਸ ਦੀ ਅਦਾਇਗੀ ਕਰ ਸਕਦਾ ਹੈ। ਇਹ ਜਾਣਕਾਰੀ ਮੇਅਰ ਨਗਰ ਨਿਗਮ ਸ. ਹਰਚਰਨ ਸਿੰਘ ਗੋਹਲਵੜੀਆ ਅਤੇ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਪ੍ਰਾਪਰਟੀ ਟੈਕਸ ਪ੍ਰਣਾਲੀ ਸਬੰਧੀ ਸ਼ਹਿਰ ਦੇ ਨਾਗਰਿਕਾਂ ਨੂੰ ਜਾਗਰੂਕ ਕਰਨ ਸਬੰਧੀ ਗੁਰੂ ਨਾਨਕ ਭਵਨ ਵਿਖੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆ ਦਿੱਤੀ। ਇਸ ਮੌਕੇ ਮੇਅਰ ਨੇ ਆਪਣੀ ਨਿੱਜੀ ਪ੍ਰਾਪਰਟੀ ਸਬੰਧੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਮਿੰਨੀ ਸਕੱਤਰੇਤ ਦੇ ਵੱਖ-ਵੱਖ ਦਫ਼ਤਰਾਂ ਦਾ ਬਣਦਾ 4 ਲੱਖ 36 ਹਜ਼ਾਰ ਪ੍ਰਾਪਰਟੀ ਟੈਕਸ ਦਾ ਚੈਕ ਵਧੀਕ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੂੰ ਦੇ ਕੇ ਪ੍ਰਾਪਰਟੀ ਟੈਕਸ ਦੀ ਅਦਾਇਗੀ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ੍ਰੀਮਤੀ ਸੁਨੀਤਾ ਅਗਰਵਾਲ ਅਤੇ ਡਿਪਟੀ ਮੇਅਰ ਸ੍ਰੀ ਆਰ.ਡੀ.ਸ਼ਰਮਾ ਅਤੇ ਹੋਰ ਕਈ ਨਗਰ ਨਿਗਮ ਕੌਸਲਰਾਂ ਨੇ ਵੀ ਪ੍ਰਾਪਰਟੀ ਟੈਕਸ ਦੀ ਅਦਾਇਗੀ ਕੀਤੀ।
ਸ੍ਰੀ ਗੋਹਲਵੜੀਆ ਨੇ ਸ਼ਹਿਰ ਦੇ ਸਮੂਹ ਨਾਗਰਿਕਾਂ  ਨੂੰ ਅਪੀਲ ਕੀਤੀ ਕਿ ਉਹ ਸਮੇ ਸਿਰ ਪ੍ਰਾਪਰਟੀ  ਟੈਕਸ ਦੀ ਅਦਾਇਗੀ ਕਰਨ ਕਿਉਕਿ ਇਹਨਾਂ  ਟੈਕਸਾਂ ਤੋ ਇਕੱਤਰ ਹੋਈ ਰਾਸ਼ੀ ਸ਼ਹਿਰ ਦੇ ਵਿਕਾਸ  ਕਾਰਜ਼ਾ ਦੇ ਖਰਚ ਕੀਤੀ ਜਾਵੇਗੀ। ਉਹਨਾਂ ਆਖਿਆ ਕਿ ਪ੍ਰਾਪਰਟੀ ਟੈਕਸ ਦੇ ਰੇਟ ਬਹੁਤ ਹੀ ਵਾਜਬ ਹਨ ਜਿਨ੍ਹਾਂ ਨੂੰ ਹਰੇਕ ਨਾਗਰਿਕ ਆਸਾਨੀ ਨਾਲ ਭਰ ਸਕਦਾ ਹੈ। ਉਹਨਾਂ ਦੱਸਿਆ ਕਿ ਜਿਹੜੇ ਨਾਗਰਿਕ 30 ਨਵੰਬਰ,2013 ਤੱਕ ਪ੍ਰਾਪਰਟੀ ਟੈਕਸ ਦੀ ਅਦਾਇਗੀ ਕਰਨਗੇ ਉਹਨਾਂ ਨੂੰ 10 ਫੀਸਦੀ ਛੋਟ ਦਿੱਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਧਾਰਮਿਕ ਸਥਾਨ, ਸ਼ਮਸ਼ਾਨਘਾਟ, ਗਾਊਸ਼ਾਲਾ, ਇਤਿਹਾਸਕ ਇਮਾਰਤ, ਰਜਿਸਟਰਡ ਚੈਰੀਟੇਬਲ ਸੰਸਥਾ, ਸਰਕਾਰੀ ਸਕੂਲ ਤੇ ਕਾਲਜ਼, ਸਰਕਾਰੀ ਹਸਪਤਾਲ, ਖੇਤੀਬਾੜੀ ਅਤੇ ਬਾਗਬਾਨੀ ਲਈ ਵਰਤੀ ਜਾਂਦੀ ਜ਼ਮੀਨ ਤੇ ਪ੍ਰਾਪਰਟੀ ਟੈਕਸ ਤੋਂ ਛੋਟ ਹੋਵੇਗੀ, ਇਸ ਤੋ ਇਲਾਵਾ ਪੈਨਸ਼ਨ ਪ੍ਰਾਪਤ ਕਰਨ ਵਾਲੇ ਸੁਤੰਤਰਤਾਂ ਸੰਗਰਾਮੀ, ਬੀ.ਪੀ.ਐਲ ਕਾਰਡ ਹੋਲਡਰ ਨੂੰ ਵੀ ਪ੍ਰਾਪਰਟੀ ਟੈਕਸ ਤੋਂ ਛੋਟ ਦਿੱਤੀ ਗਈ ਹੈ। ਇਸ ਤੋ ਬਿਨਾਂ ਵਿਧਵਾ ਅਤੇ ਅਪੰਗ ਵਿਅਕਤੀ ਨੂੰ 5 ਹਜ਼ਾਰ ਤੱਕ ਦੀ ਛੋਟ ਅਤੇ ਵਿਦਿਅਕ ਸੰਸਥਾਵਾਂ ਜੋ ਸਰਕਾਰੀ ਸਹਾਇਤਾ ਪ੍ਰਾਪਤ ਨਹੀ ਹਨ ਨੂੰ 50 ਫੀਸਦੀ ਛੋਟ ਦਿੱਤੀ ਗਈ ਹੈ। ਕਮਿਸ਼ਨਰ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਗਰ ਨਿਗਮ ਵੱਲੋ ਜੋਪੱਧਰ ਤੇ ਸਥਾਪਤ ਸੁਵਿਧਾ ਕੇਦਰਾਂ, ਮੋਬਾਇਲ ਟੀਮਾਂ ਰਾਹੀਂ ਅਤੇ www.mcludhiana.gov.in ਤੇ ਲਾਗ-ਆਨ ਕਰਕੇ ਆਨ-ਲਾਈਨ ਪ੍ਰਾਪਰਟੀ ਟੈਕਸ ਦੀ ਅਦਾਇਗੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰਜਿਸਟਰਡ ਪੋਸਟ ਰਾਹੀਂ ਵੀ ਅਦਾਇਗੀ ਕੀਤੀ ਜਾ ਸਕਦੀ ਹੈ।ਉਹਨਾਂ ਦੱਸਿਆ ਕਿ 31 ਦਸੰਬਰ,2013 ਤੱਕ ਜਿਹੜੇ ਨਾਗਰਿਕ ਪ੍ਰਾਪਰਟੀ ਟੈਕਸ ਨਹੀ ਭਰਨਗੇ ਉਹਨਾਂ ਨੂੰ 25 ਫੀਸਦੀ ਜਰਮਾਨੇ ਦੀ ਅਦਾਇਗੀ ਕਰਨੀ ਪਵੇਗੀ ਅਤੇ ਜਿਹੜੇ ਨਾਗਰਿਕ ਵਿੱਤੀ ਸਾਲ ਦੇ 31 ਮਾਰਚ ਤੱਕ ਟੈਕਸ ਦੀ ਅਦਾਇਗੀ ਨਹੀ ਕਰਨਗੇ ਉਹਨਾਂ ਨੂੰ 50 ਫੀਸਦੀ ਜਰਮਾਨਾ ਅਤੇ 18 ਫੀਸਦੀ ਵਿਆਜ਼ ਦੀ ਵੀ ਅਦਾਇਗੀ ਕਰਨੀ ਪਵੇਗੀ।ਇਸ ਮੌਕੇ ਨਗਰ ਨਿਗਮ ਦੇ ਸਮੂਹ ਕੌਸਲਰ, ਅਧਿਕਾਰੀ, ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਜੱਥੇਬੰਦੀਆਂ ਦੇ ਪ੍ਰਤੀਨਿਧ, ਵਕੀਲ, ਵਪਾਰੀ, ਉਦਯੋਗਪਤੀ ਅਤੇ ਹੋਰ ਵੱਖ-ਵੱਖ ਖੇਤਰਾਂ ਨਾਲ ਸਬੰਧਤ ਨਾਗਰਿਕ ਵੀ ਸ਼ਾਮਲ ਹੋਏ।