ਬਰਨਾਲਾ, 8 ਜੂਨ (ਨਿਰਮਲ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਸੋਨੀ)- ਬਰਨਾਲਾ ਦੇ ਕਚਹਿਰੀ ਚੌਂਕ ਤੋਂ ਐਸ ਡੀ ਕਾਲਜ ਰੋਡ ਤੇ ਰਿਹਾਇਸ਼ੀ ਇਲਾਕੇ ਵਿੱਚ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਦਾ ਮੁਹੱਲਾ ਨਿਵਾਸੀਆਂ ਵੱਲੋਂ ਜਬਰਦਸਤ ਵਿਰੋਧ ਕਰਦੇ ਹੋਏ ਠੇਕੇ ਅੱਗੇ ਧਰਨਾ ਦੇ ਕੇ ਠੇਕਾ ਤੁਰੰਤ ਇੱਥੋਂ ਚੁੱਕੇ ਜਾਣ ਦੀ ਮੰਗ ਕੀਤੀ ਹੈ। ਐਸਡੀ ਕਾਲਜ ਨਜ਼ਦੀਕ ਰੇਲਵੇ ਫਾਟਕਾਂ ਕੋਲ ਸੰਘਣੀ ਆਬਾਦੀ ਵਿੱਚ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਕਿਹਾ ਕਿ ਉਹ ਇਸ ਜਗ੍ਹਾ ਠੇਕਾ ਕਿਸੇ ਵੀ ਹਾਲਤ ਨਹੀਂ ਖੁੱਲ੍ਹਣ ਦੇਣਗੇ। ਇਸ ਸਮੇਂ ਧਰਨਾਕਾਰੀਆਂ ਨੇ ਕਿਹਾ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਠੇਕੇਦਾਰ ਵੱਲੋਂ ਇਸ ਜਗ੍ਹਾ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਯਤਨ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਨੇੜੇ ਹੀ ਇੱਕ ਗਲੀ ਵਿੱਚ ਵੀ ਇਹ ਠੇਕਾ ਖੋਲ੍ਹਣ ਦਾ ਯਤਨ ਕੀਤਾ ਗਿਆ ਸੀ। ਪ੍ਰੰਤੂ ਲੋਕਾਂ ਦੇ ਵਿਰੋਧ ਨੇ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ ਸੀ। ਹੁਣ ਫਿਰ ਠੇਕੇਦਾਰਾਂ ਨੇ ਸ਼ਰਾਬ ਦਾ ਠੇਕਾ ਮੁੜ ਓਮਜੀ ਸਵੀਟਸ ਨਜ਼ਦੀਕ ਖੋਲ੍ਹ ਦਿੱਤਾ, ਜਿਸਦਾ ਲੋਕਾਂ ਵੱਲੋਂ ਵਿਰੋਧ ਕਰਦਿਆਂ ਘਿਰਾਓ ਕੀਤਾ ਗਿਆ। ਇਸ ਸਮੇਂ ਭਾਜਪਾ ਜ਼ਿਲ੍ਹਾ ਮਹਾਂਸਚਿਵ ਯਾਦਵਿੰਦਰ ਸੈਂਟੀ, ਮਨਜੀਤ ਸਿੰਘ, ਪ੍ਰਦੀਪ ਕੁਮਾਰ, ਜਸਵੀਰ ਸਿੰਘ, ਬੇਅੰਤ ਸਿੰਘ, ਵਿਜੈ ਕੁਮਾਰ, ਸੁਰਜੀਤ ਸਿੰਘ, ਮਦਨ ਲਾਲ ਨੇ ਕਿਹਾ ਕਿ ਜਿਸ ਜਗ੍ਹਾ ਠੇਕੇਦਾਰ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਜਿੱਦ ਕਰ ਰਹੇ ਹਨ, ਉਥੇ ਨਜ਼ਦੀਕ ਮੰਦਰ ਹੈ ਅਤੇ ਕੁੱਝ ਦੂਰੀ ਤੇ ਕਾਲਜ ਹੈ। ਇਸ ਰੋਡ ਤੇ ਹਰ ਰੋਜ਼ ਸੈਂਕੜੇ ਦੀ ਗਿਣਤੀ ਵਿੱਚ ਬੱਚੇ, ਔਰਤਾਂ, ਲੜਕੀਆਂ ਗੁਜ਼ਰਦੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਠੇਕੇ ਨੂੰ ਜਲਦੀ ਹੀ ਬੰਦ ਨਾਂ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।
ਮੁਹੱਲਾ ਵਾਸੀਆਂ ਵੱਲੋਂ ਸ਼ਰਾਬ ਦੇ ਠੇਕੇ ਅੱਗੇ ਧਰਨਾ



