ਪਟਿਆਲਾ, 8 ਜੂਨ (ਗਗਨਦੀਪ ਸਿੰਘ)-ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਅੱਜ ਯੂਨੀਵਰਸਿਟੀ ਅਧੀਨ ਚਲ ਰਹੇ ਕੰਸਟੀਚਿਊਟ ਕਾਲਜਾਂ ਵਿਚ ਇੰਟਰਵਿਊ ਲੈ ਕੇ ਰੱਖੇ ਗਏ 25 ਅਧਿਆਪਕਾਂ ਨੂੰ ਨੋਟਿਸ ਕੱਢ ਕੇ ਕਿਹਾ ਹੈ ਕਿ ਉਨ੍ਹਾਂ ਦੀ ਭਰਤੀ ਵਿਚ ਗੜਬੜ ਹੋਈ ਹੈ ਇਸ ਲਈ ਕਿਉਂ ਨਾ ਉਨ੍ਹਾਂ ਦੀ ਸਰਵਿਸ ਵਿੱਚ ਵਾਧਾ ਰੋਕ ਦਿੱਤਾ ਜਾਵੇ। ਪਰ ਦੂਜੇ ਪਾਸ ਯੂਨੀਵਰਸਿਟੀ ਵਿਚ ਮਾਹਿਰਾਂ ਨੇ ਚਰਚਾ ਸ਼ੁਰੂ ਕਰ ਦਿੱਤੀ ਹੈ ਕਿ ਜੋ ਅਧਿਆਪਕ ਪਿਛਲੇ ਕਈ ਸਾਲਾਂ ਤੋਂ ਪੜ੍ਹਾ ਰਹੇ ਹਨ ਉਨ੍ਹਾਂ ਦੀ ਭਰਤੀ ਵਿਚ ਗੜਬੜੀ ਦਾ ਨੋਟਿਸ ਤਾਂ ਕਾਰਜਕਾਰੀ ਵਾਈਸ ਚਾਂਸਲਰ ਨੇ ਭੇਜ ਦਿੱਤਾ ਹੈ ਪਰ ਜਿਨ੍ਹਾਂ ਨੇ ਇਹ ਅਧਿਆਪਕ ਭਰਤੀ ਕੀਤੇ ਸਨ ਉਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਸਕੱਤਰ ਤੇ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਨੁਰਾਗ ਵਰਮਾ ਨੇ ਦੱਸਿਆ ਕਿ ਕੰਨਸੀਚਿਊਟ ਕਾਲਜਾਂ ਵਿਚ ਕੰਟਰੈਕਟ ਅਧਿਆਪਕਾਂ ਦੀ ਭਰਤੀ ਬਾਰੇ ਆਈਆਂ ਸ਼ਿਕਾਇਤਾਂ ਦੇ ਆਧਾਰ ਤੇ ਪੜਤਾਲ ਕਰਵਾਈ ਸੀ ਤੇ ਪੜਤਾਲ ਰਿਪੋਰਟ ਦੇ ਆਧਾਰ ਤੇ 25 ਅਧਿਆਪਕਾਂ ਨੂੰ ਸ਼ੋ ਕਾਜ਼ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿਚੋਂ 17 ਅਧਿਆਪਕ ਅਜਿਹੇ ਹਨ ਜਿਨ੍ਹਾਂ ਦੇ ਅਕੈਡਮਿਕ ਰਿਕਾਰਡ ਅਤੇ ਰਿਸਰਚ ਪਰਫਾਰਮੈਂਸ ਦੇ ਨੰਬਰਾਂ ਵਿਚ ਅਤੇ ਇੰਟਰਵਿਊ ਦੇ ਨੰਬਰਾਂ ਵਿਚ ਭਾਰੀ ਅੰਤਰ ਹੈ। ਅਨੁਰਾਗ ਵਰਮਾ ਨੇ ਦੱਸਿਆ ਕਿ ਪੜਤਾਲ ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਸਿਲੈਕਟ ਕੈਂਡੀਡੇਟਸ ਨੂੰ ਉਨ੍ਹਾਂ ਦੇ ਅਕੈਡਮਿਕ ਰਿਕਾਰਡ ਦੇ ਮੁਕਾਬਲੇ ਬਹੁਤ ਜ਼ਿਆਦਾ ਨੰਬਰ ਦਿੱਤੇ ਗਏ ਹਨ, ਪੜਤਾਲ ਵਿਚ ਸਾਹਮਣੇ ਆਇਆ ਕਿ ਯੂ.ਜੀ.ਸੀ. ਦੀਆਂ ਗਾਈਡਲਾਈਨਸ ਦੇ ਮੁਤਾਬਿਕ ਇੰਟਰਵਿਊ ਦੇ ਕੇਵਲ 20% ਨੰਬਰ ਹੋਣੇ ਚਾਹੀਦੇ ਸਨ, ਪਰੰਤੂ ਇੰਟਰਵਿਊ ਕਮੇਟੀ ਨੇ ਅਸੈਸਮੈਂਟ ਆਫ਼ ਡੋਮੇਨ ਨਾਲੇਜ ਐਂਡ ਟੀਚਿੰਗ ਸਕਿਲਜ਼ ਦੇ 30% ਨੰਬਰ ਵੀ ਇੰਟਰਵਿਊ ਵਿਚ ਹੀ ਸ਼ਾਮਿਲ ਕਰ ਲਏ ਜਿਸ ਨਾਲ ਇੰਟਰਵਿਊ ਦੇ 50% ਨੰਬਰ ਹੋ ਗਏ। ਉਨ੍ਹਾਂ ਦੱਸਿਆ ਕਿ ਉਦਾਹਰਨ ਦੇ ਤੌਰ ਤੇ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਲਈ ਇੱਕ ਉਮੀਦਵਾਰ ਦੇ ਏ.ਆਰ.ਆਰ.ਪੀ. ਵਿਚ 50 ਨੰਬਰਾਂ ਵਿਚੋਂ 32.41 ਨੰਬਰ ਸਨ ਪਰੰਤੂ ਉਸ ਨੂੰ ਇੰਟਰਵਿਊ ਵਿਚ 50 ਨੰਬਰਾਂ ਵਿਚੋਂ 23 ਨੰਬਰ ਦੇ ਕੇ ਪਿੱਛੇ ਕਰ ਦਿੱਤਾ ਗਿਆ ਅਤੇ ਜਿਸ ਉਮੀਦਵਾਰ ਨੇ ਏ.ਆਰ.ਆਰ.ਪੀ. ਵਿਚ 50 ਨੰਬਰਾਂ ਵਿਚੋਂ ਸਭ ਤੋਂ ਘੱਟ 25.09 ਨੰਬਰ ਸਨ, ਉਸ ਨੂੰ ਇੰਟਰਵਿਊ ਵਿਚ 50 ਨੰਬਰਾਂ ਵਿਚੋਂ 31 ਨੰਬਰ ਦੇ ਕੇ ਸਿਲੈਕਟ ਕਰ ਲਿਆ ਗਿਆ। ਅਨੁਰਾਗ ਵਰਮਾ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਵਿਖੇ ਜਿਸ ਉਮੀਦਵਾਰ ਦੇ ਏ.ਆਰ.ਆਰ.ਪੀ. ਵਿਚ 50 ਨੰਬਰਾਂ ਵਿਚੋਂ 35.30 ਨੰਬਰ ਬਣਦੇ ਸਨ, ਉਸ ਨੂੰ ਇੰਟਰਵਿਊ ਵਿਚ 50 ਨੰਬਰਾਂ ਵਿਚੋਂ ਕੇਵਲ 19 ਨੰਬਰ ਦੇ ਕੇ ਰਿਜੈਕਟ ਕਰ ਦਿੱਤਾ ਗਿਆ ਅਤੇ ਜਿਸ ਉਮੀਦਵਾਰ ਦੇ ਏ.ਆਰ.ਆਰ.ਪੀ. ਵਿਚ 50 ਨੰਬਰਾਂ ਵਿਚੋਂ ਕੇਵਲ 22 ਨੰਬਰ ਬਣਦੇ ਸਨ ਅਤੇ ਮੈਰਿਟ ਵਿਚ ਸਭ ਤੋਂ ਥੱਲੇ ਸੀ, ਉਸ ਨੂੰ ਇੰਟਰਵਿਊ ਵਿਚ 50 ਨੰਬਰਾਂ ਵਿਚੋਂ 38 ਨੰਬਰ ਦੇ ਕੇ ਸਿਲੈਕਟ ਕਰ ਲਿਆ ਗਿਆ। ਸ੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਹੁਣ ਇਨ੍ਹਾਂ ਅਧਿਆਪਕਾਂ ਨੂੰ ਨੋਟਿਸ ਰਾਹੀਂ ਕਿਹਾ ਗਿਆ ਹੈ ਕਿ ਪੜਤਾਲ ਰਿਪੋਰਟ ਵਿੱਚ ਆਈ ਗੜਬੜੀ ਕਾਰਨ ਉਹ ਵਜ੍ਹਾ ਬਿਆਨ ਕਰਨ ਕਿ ਕਿਉਂ ਨਾ ਉਨ੍ਹਾਂ ਦੀ ਐਕਸਟੈਨਸ਼ਨ ਵਿਚ ਹੋਰ ਵਾਧਾ ਨਾ ਕੀਤਾ ਜਾਵੇ।