ਤਲਵੰਡੀ ਸਾਬੋ, 8 ਜੂਨ- ਅੱਜ ਦੁਪਹਿਰ ਦੇ ਕਰੀਬ ਇਲਾਕੇ ਅੰਦਰ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਨੇੜਲੇ ਪਿੰਡ ਭਾਗੀਵਾਂਦਰ ਵਿਖੇ ਬੀਤੇ ਸਮੇਂ ਤੋਂ ਪਿੰਡ ਵਿੱਚ ਆ ਕੇ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਨ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰਦੇ ਆ ਰਹੇ ਇੱਕ ਨੌਜਵਾਨ ਨੂੰ ਅਣਪਛਾਤੇ ਲੋਕਾਂ ਨੇ ਬੇਰਹਿਮੀ ਨਾਲ ਵੱਢ ਦਿੱਤਾ। ਅਤਿ ਗੰਭੀਰ ਜਖਮੀ ਹਾਲਤ ਵਿੱਚ ਪੁਲਿਸ ਨੇ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਲਿਆਂਦਾ ਜਿੱਥੋਂ ਅਗਲੇ ਇਲਾਜ ਲਈ ਰੈਫਰ ਕਰਨ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ ਹਸਪਤਾਲ ਨੂੰ ਘੇਰ ਲਿਆ ਤੇ ਪੁਲਿਸ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਆਰੰਭ ਦਿੱਤੀ। ਆਖਿਰ ਲੰਬੀ ਜਦੋਜਹਿਦ ਤੋਂ ਬਾਦ ਪੁਲਿਸ ਅਧਿਕਾਰੀ ਜਖਮੀ ਨੌਜਵਾਨ ਨੂੰ ਅਗਲੇਰੇ ਇਲਾਜ ਲਈ ਹਸਪਤਾਲ ਵਿੱਚੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕੱਢਣ ਵਿੱਚ ਸਫਲ ਹੋ ਸਕੇ। ਪੁਲਿਸ ਵੱਲੋਂ ਦਰਜ ਮਾਮਲੇ ਅਨੁਸਾਰ ਅੱਜ ਥਾਣਾ ਤਲਵੰਡੀ ਸਾਬੋ ਵਿਖੇ ਇੱਕ ਫੋਨ ਆਇਆ ਕਿ ਵਿਨੋਦ ਕੁਮਾਰ ਉਰਫ ਸੋਨੂੰ ਅਰੋੜਾ ਨਾਮੀ ਵਿਅਕਤੀ ਜੋ ਫੋਨ ਕਰਨ ਵਾਲੇ ਦੇ ਦੱਸਣ ਅਨੁਸਾਰ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਤੇ ਪਿੰਡ ਭਾਗੀਵਾਂਦਰ ਵਿਖੇ ਕਥਿਤ ਤੌਰ ਤੇ ਨਸ਼ਾ ਸਪਲਾਈ ਕਰਦਾ ਸੀ ਨੂੰ ਵਾਂਦਰ ਪੱਤੀ ਦੀ ਸੱਥ ਕੋਲ ਵੱਢ ਕੇ ਸੁੱਟਿਆ ਪਿਆ ਹੈ ਜਿਸ ਤੇ ਥਾਣਾ ਮੁਖੀ ਜਗਦੀਸ਼ ਕੁਮਾਰ ਦੇ ਨਿਰਦੇਸ਼ਾਂ ਤੇ ਏ. ਐਸ. ਆਈ ਗੁਰਮੇਜ ਸਿੰਘ ਤੇ ਏ. ਐਸ. ਆਈ ਗੁਰਜੰਟ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪੁੱਜੇ ਤੇ ਉਨ੍ਹਾਂ ਨੇ ਉਥੇ ਬੁਰੀ ਤਰ੍ਹਾਂ ਵੱਢੇ ਪਏ ਗੰਭੀਰ ਜਖਮੀ ਹੋ ਚੁੱਕੇ ਸੋਨੂੰ ਅਰੋੜਾ ਨਾਮੀ ਨੌਜਵਾਨ ਨੂੰ 108 ਐਂਬੂਲੈਂਸ ਰਾਂਹੀ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਦਾ ਮੁਢਲਾ ਇਲਾਜ ਆਰੰਭ ਦਿੱਤਾ। ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਪਿੰਡ ਦੀ ਮਹਿਲਾ ਸਰਪੰਚ ਚਰਨਜੀਤ ਕੌਰ ਤੇ ਅਕਾਲੀ ਆਗੂ ਮਨਦੀਪ ਕੌਰ ਬਰਾੜ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਹਸਪਤਾਲ ਪੁੱਜੇ ਪਿੰਡ ਵਾਸੀਆਂ ਨੇ ਜਖਮੀ ਨੂੰ ਉਚ ਇਲਾਜ ਲਈ ਰੈਫਰ ਕੀਤੇ ਜਾਣ ਵਿੱਚ ਅੜਿੱਕਾ ਡਾਹੁੰਦਿਆਂ ਇਹ ਤੌਖਲਾ ਪ੍ਰਗਟਾਉਂਦਿਆਂ ਹਸਪਤਾਲ ਨੂੰ ਘੇਰਾ ਪਾ ਲਿਆ ਕਿ ਪੁਲਿਸ ਇਸ ਮਾਮਲੇ ਵਿੱਚ ਮਹਿਲਾ ਸਰਪੰਚ ਦੇ ਪੁੱਤਰ ਅਮਰਿੰਦਰ ਸਿੰਘ ਰਾਜੂ ਤੇ ਮਾਮਲਾ ਦਰਜ ਕਰ ਸਕਦੀ ਹੈ। ਇਕੱਤਰ ਹੋਏ ਲੋਕਾਂ ਨੇ ਸਥਾਨਕ ਪੁਲਿਸ ਅਧਿਕਾਰੀਆਂ ‘ਤੇ ਦੋਸ਼ ਲਾਏ ਕਿ ਚਾਰ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਥਾਣਾ ਮੁਖੀ ‘ਤੇ ਉਚ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਸ਼ਿਕਾਇਤ ਕੀਤੀ ਸੀ ਕਿ ਉਕਤ ਸੋਨੂੰ ਅਰੋੜਾ ਨਾਮੀ ਵਿਅਕਤੀ ਨਾ ਕੇਵਲ ਪਿੰਡ ਵਿੱਚ ਸਮੈਕ ਵੇਚ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਪਾ ਰਿਹਾ ਸੀ ਸਗੋਂ ਪਿੰਡ ਦੀਆਂ ਲੜਕੀਆਂ ਨਾਲ ਸਮੇਂ ਸਮੇਂ ‘ਤੇ ਦੁਰਵਿਵਹਾਰ ਕਰਦਾ ਰਹਿੰਦਾ ਸੀ ਪ੍ਰੰਤੂ ਪੁਲਿਸ ਨੇ ਸ਼ਿਕਾਇਤ ਦੇ ਬਾਵਜੂਦ ਵਿਅਕਤੀ ਦੀ ਸੱਤਾ ਧਿਰ ਵਿੱਚ ਪਹੁੰਚ ਹੋਣ ਦੇ ਚਲਦਿਆਂ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਉਲਟਾ ਦੋ ਦਿਨ ਪਹਿਲਾਂ ਮਹਿਲਾ ਸਰਪੰਚ ਚਰਨਜੀਤ ਕੌਰ ਦੇ ਦੂਜੇ ਸਪੁੱਤਰ ਉਪਰ ਸੋਨੂੰ ਅਰੋੜਾ ਦੇ ਘਰ ਜਾ ਕੇ ਉਸ ਦੀ ਕੁੱਟਮਾਰ ਤੇ ਘਰ ਦੀਆਂ ਔਰਤਾਂ ਦੇ ਕੱਪੜੇ ਪਾੜਨ ਦਾ ਝੂਠਾ ਮਾਮਲਾ ਦਰਜ ਕਰ ਦਿੱਤਾ ਗਿਆ। ਅੱਜ ਜਦੋਂ ਇਸ ਧੱਕੇਸ਼ਾਹੀ ਖਿਲਾਫ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਡੀ. ਐਸ. ਪੀ ਤਲਵੰਡੀ ਸਾਬੋ ਨੂੰ ਮਿਲਣ ਆ ਰਹੇ ਸਨ ਤਾਂ ਸਥਾਨਕ ਲੇਲੇਵਾਲਾ ਰੋਡ ਤੇ ਸੋਨੂੰ ਅਰੋੜਾ ਨੇ ਪਿੰਡ ਦੀਆਂ ਔਰਤਾਂ ਨੂੰ ਦੇਖ ਕੇ ਉਨ੍ਹਾਂ ਵੱਲ ਅਸ਼ਲੀਲ ਇਸ਼ਾਰੇ ਕਰਦਿਆਂ ਪਿੰਡ ਵਾਸੀਆਂ ਨੂੰ ਚੈਲਿੰਜ ਕੀਤਾ ਕਿ ਉਸਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਭਾਵੇਂ ਸਾਰਾ ਪਿੰਡ ਇਕੱਠਾ ਹੋ ਕੇ ਆ ਜਾਵੇ। ਜਿਸਤੇ ਉਸਦੀ ਪਿੰਡ ਵਾਸੀਆਂ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਤੇ ਬਾਅਦ ਵਿੱਚ ਸੋਨੂੰ ਅਰੋੜਾ ਪੁਲਿਸ ਨੂੰ ਭੇਦਭਰੀ ਹਾਲਤ ਵਿੱਚ ਗੰਭੀਰ ਜਖਮੀ ਰੂਪ ਵਿੱਚ ਪਿੰਡ ਭਾਗੀਵਾਂਦਰ ਦੀ ਸੱਥ ਕੋਲੋ ਮਿਲਿਆ। ਜਿਸ ਦੀਆਂ ਲੱਤਾਂ ਅਤੇ ਬਾਹਾਂ ਤੇ ਤੇਜਧਾਰ ਹਥਿਆਰਾਂ ਨਾਲ ਕਾਫੀ ਡੂੰਘੇ ਜਖਮ ਕੀਤੇ ਹੋਏ ਸਨ। ਪਿੰਡ ਵਾਸੀਆਂ ਨੇ ਇਸ ਮੌਕੇ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਨਾ ਕੇਵਲ ਪੁਲਿਸ ਪ੍ਰਸ਼ਾਸ਼ਨ ਸਗੋਂ ਪੰਜਾਬ ਸਰਕਾਰ ਖਿਲਾਫ ਵੀ ਰੱਜ ਕੇ ਨਾਅਰੇਬਾਜ਼ੀ ਕਰਦਿਆਂ ਪੁਲਿਸ ‘ਤੇ ਨਸ਼ਾ ਤਸਕਰਾਂ ਦਾ ਪੱਖ ਪੂਰਨ ਦੇ ਕਥਿਤ ਦੋਸ਼ ਲਾਏ।ਸਥਿੱਤੀ ਤਣਾਅਪੂਰਨ ਹੁੰਦੀ ਦੇਖ ਕੇ ਪਹਿਲਾਂ ਥਾਣਾ ਮੁਖੀ ਜਗਦੀਸ਼ ਕੁਮਾਰ ਬਾਅਦ ਵਿੱਚ ਡੀ. ਐਸ. ਪੀ ਬਰਿੰਦਰ ਸਿੰਘ ਗਿੱਲ ਤੇ ਥਾਣਾ ਰਾਮਾਂ ਮੁਖੀ ਮਨੋਜ ਕੁਮਾਰ ਹਸਪਤਾਲ ਪੁੱਜੇ ‘ਤੇ ਜਖਮੀ ਦੀ ਗੰਭੀਰ ਹਾਲਤ ਹੋਣ ਕਾਰਨ ਉਸਨੂੰ ਉਚ ਇਲਾਜ ਲਈ ਰੈਫਰ ਕਰਵਾ ਕੇ ਅਗਲੇ ਹਸਪਤਾਲ ਲੈ ਜਾਣ ਲਈ ਪਿੰਡ ਵਾਸੀਆਂ ਨੂੰ ਮਨਾਉਣ ਲੱਗੇ। ਪਿੰਡ ਵਾਸੀਆਂ ਵੱਲੋਂ ਵਾਰ ਵਾਰ ਮੰਗ ਕਰਨ ‘ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 307 ਅਧੀਨ ਮਾਮਲਾ ਦਰਜ ਕਰਕੇ ਐਫ. ਆਈ. ਆਰ ਦੀ ਕਾਪੀ ਪਿੰਡ ਵਾਸੀਆਂ ਨੂੰ ਸੌਂਪ ਦਿੱਤੀ ਤਾਂ ਕਿ ਉਹ ਜਖਮੀ ਨੂੰ ਲੈ ਜਾਣ ਦੇਣ ਪ੍ਰੰਤੂ ਪਿੰਡ ਵਾਸੀ ਫਿਰ ਵੀ ਅੜੇ ਰਹੇ ਤੇ ਹਾਲਾਤ ਉਦੋਂ ਨਾਜੁਕ ਬਣ ਗਏ ਜਦੋਂ ਭੀੜ ਵਿੱਚੋਂ ਇੱਕ ਨੌਜਵਾਨ ਨੇ ਸੋਨੂੰ ਅਰੋੜਾ ਦੇ ਹੱਕ ਵਿੱਚ ਬੋਲਦਿਆਂ ਪਿੰਡ ਵਾਸੀਆਂ ਨੂੰ ਮੰਦਾ ਚੰਗਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਪਿੰਡ ਵਾਸੀਆਂ ਨੇ ਹਸਪਤਾਲ ਵਿੱਚ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਨੇ ਹਲਕਾ ਲਾਠੀਚਾਰਜ ਕਰਕੇ ਉਸ ਨੌਜਵਾਨ ਨੂੰ ਛੁਡਾ ਕੇ ਪੁਲਿਸ ਦੀ ਗੱਡੀ ਰਾਂਹੀ ਅਣਪਛਾਤੀ ਜਗਾ ਪਹੁੰਚਾਇਆ। ਇਸੇ ਝੜਪ ਦੌਰਾਨ ਇੱਕ ਗੁਰਸਿੱਖ ਪਿੰਡ ਵਾਸੀ ਨੇ ਪੁਲਿਸ ਅਧਿਕਾਰੀਆਂ ਤੇ ਉਸਦੀ ਦਸਤਾਰ ਉਤਾਰਨ ਦੇ ਦੋਸ਼ ਲਾ ਦਿੱਤੇ ‘ਤੇ ਸਥਿਤੀ ਤਣਾਅਪੂਰਨ ਹੋ ਗਈ ਪਰ ਪੁਲਿਸ ਅਧਿਕਾਰੀਆਂ ਨੇ ਮੌਕਾ ਸੰਭਾਲ ਲਿਆ ਤੇ ਗੱਲ ਟਿਕ ਗਈ। ਪਿੰਡ ਵਾਸੀਆਂ ਦੇ ਅੜੇ ਰਹਿਣ ਤੇ ਆਖਿਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੂੰ ਬੁਲਾਏ ਜਾਣ ਤੋਂ ਬਾਦ ਐਸ. ਪੀ (ਐਚ) ਭੁਪਿੰਦਰ ਸਿੰਘ ਦੇ ਉਥੇ ਪੁੱਜਣ ‘ਤੇ ਪੁਲਿਸ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਸਮਝਾਇਆ ਕਿ ਜਖਮੀ ਦੀ ਹਾਲਤ ਨਾਜੁਕ ਹੋ ਚੁੱਕੀ ਹੈ ਤੇ ਜੇ ਉਸਨੂੰ ਇਲਾਜ ਲਈ ਰੈਫਰ ਨਾ ਕੀਤਾ ਗਿਆ ਤਾਂ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ।ਪੁਲਿਸ ਅਧਿਕਾਰੀਆਂ ਵੱਲੋਂ ਕਿਸੇ ਪਿੰਡ ਵਾਸੀ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਭਰੋਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਜਖਮੀ ਨੂੰ ਅਗਲੇਰੇ ਇਲਾਜ ਲਈ ਜਾਣ ਤੇ ਸਹਿਮਤੀ ਪ੍ਰਗਟਾਈ ਤੇ ਆਖਿਰ ਪੁਲਿਸ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜਖਮੀ ਨੌਜਵਾਨ ਨੂੰ ਅਗਲੇ ਹਸਪਤਾਲ ਵਿੱਚ ਲੈਜਾਣ ਵਿੱਚ ਕਾਮਯਾਬ ਹੋ ਗਈ।ਪਿੰਡ ਵਾਸੀਆਂ ਨੇ ਬਾਦ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪੁਲਿਸ ਨੇ ਬਾਅਦ ਵਿੱਚ ਇਸ ਮਾਮਲੇ ਵਿੱਚ ਕਿਸੇ ਵਿਅਕਤੀ ਵਿਸ਼ੇਸ ਤੇ ਮਾਮਲਾ ਦਰਜ ਕੀਤਾ ਤਾਂ ਪਿੰਡ ਵਾਸੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।ਉਧਰ ਭਾਵੇਂ ਜਖਮੀ ਨੌਜਵਾਨ ਨੂੰ ਰੈਫਰ ਕਰ ਦਿੱਤੇ ਜਾਣ ਨਾਲ ਫਿਲਹਾਲ ਮਾਮਲਾ ਠੰਢਾ ਪੈ ਗਿਆ ਨਜਰ ਆ ਰਿਹਾ ਹੈ ਪ੍ਰੰਤੂ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਦਿਖਾਈ ਦੇ ਰਹੀ ਹੈ।