ਰਾਸ਼ਟਰਪਤੀ ਪਦ ਲਈ ਚੋਣ 17 ਜੁਲਾਈ ਨੂੰ : ਚੋਣ ਕਮਿਸ਼ਨ ਵੱਲੋਂ ਐਲਾਨ

image ਵੋਟਾਂ ਦੀ ਗਿਣਤੀ 20 ਨੂੰ

ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ : 14 ਜੂਨ
ਕਾਗਜ਼ ਭਰਨ ਦੀ ਆਖਰੀ ਮਿਤੀ : 28 ਜੂਨ
ਕਾਗਜ਼ਾਂ ਦੀ ਪੜਤਾਲ : 29 ਜੂਨ
ਕਾਗਜ਼ ਵਾਪਸ ਲੈਣ ਦੀ ਮਿਤੀ : 1 ਜੁਲਾਈ
ਜੇ ਲੋੜ ਪਈ ਤਾਂ ਚੋਣ : 17 ਜੁਲਾਈ
ਵੋਟਾਂ ਦੀ ਗਿਣਤੀ : 20 ਜੁਲਾਈ

ਨਵੀਂ ਦਿੱਲੀ, 7 ਜੂਨ (ਬਲਜੀਤ ਸਿੰਘ ਬਰਾੜ)- ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਤਰੀਕਾਂ ਦਾ ਐਲਾਨ ਹੋ ਗਿਆ ਹੈ। ਮੁੱਖ ਚੋਣ ਕਮਿਸ਼ਨਰ ਸ੍ਰੀ ਨਸੀਮ ਜੈਦੀ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿਖੇ ਪ੍ਰੈਸ ਕਾਨਫਰੰਸ ਕਰਕੇ ਚੋਣ ਤਰੀਕਾਂ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਹਿੱਤ ਵੋਟਾਂ 17 ਜੁਲਾਈ ਨੂੰ ਪਾਈਆਂ ਜਾਣਗੀਆਂ।  20 ਜੁਲਾਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਮੌਜੂਦਾ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਉਨ੍ਹਾਂ ਤੋਂ ਬਾਅਦ ਨਵੇਂ ਚੁਣੇ 14ਵੇਂ ਰਾਸ਼ਟਰਪਤੀ ਅਹੁਦਾ ਸੰਭਾਲਣਗੇ। ਰਾਸ਼ਟਰਪਤੀ ਦੀ ਬਹੁਤ ਹੀ ਅਹਿਮ ਚੋਣ ਲਈ ਚੋਣ ਅਮਲ ਉਂਝ 14 ਜੂਨ ਤੋਂ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਸ਼ੁਰੂ ਹੋ ਜਾਵੇਗਾ। ਕਾਗਜ਼ ਭਰਨ ਦੀ ਆਖਰੀ ਮਿਤੀ 28 ਜੂਨ ਰੱਖੀ ਗਈ ਹੈ। 29 ਜੂਨ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ, ਜਦੋਂ ਕਿ 1 ਜੁਲਾਈ ਤੱਕ ਕਾਗਜ਼ ਵਾਪਿਸ ਲਏ ਜਾ ਸਕਣਗੇ। ਜੇ ਲੋੜ ਪਈ ਤਾਂ 17 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ 20 ਜੁਲਾਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ। ਚੋਣ ਕਮਿਸ਼ਨ ਦੇ ਐਲਾਨ ਨਾਲ ਹੀ ਕੇਂਦਰ ਵਿੱਚ ਹੁਕਮਰਾਨ ਐਨਡੀਏ ਅਤੇ ਕਾਂਗਰਸ ਦੀ ਅਗਵਾਈ ਹੇਠਲੇ ਵਿਰੋਧੀ ਯੂਪੀਏ ਦਰਮਿਆਨ ਚੋਣ ਜੰਗ ਸ਼ੁਰੂ ਹੋ ਗਈ ਹੈ। ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਉਮੀਦਵਾਰ ਦੀ ਤਲਾਸ਼ ਈ ਇੱਕ ਪੈਨਲ ਬਣਾਇਆ ਗਿਆ ਹੈ। ਹੁਕਮਰਾਨ ਧਿਰ ਹਾਲੇ ਇਸ ਮੁੱਦੇ ’ਤੇ ਚੁੱਪ ਹੈ। ਸੂਤਰਾਂ ਮੁਤਾਬਿਕ ਭਾਜਪਾ ਸਹਿਯੋਗੀ ਸਿਆਸੀ ਧਿਰਾਂ ਨਾਲ ਚਰਚਾ ਤੋਂ ਬਾਅਦ ਉਮੀਦਵਾਰ ਦਾ ਐਲਾਨ ਕਰੇਗੀ। ਪਾਰਟੀ ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਰੀ ਕਰਨ ਨੂੰ ਹੀ ਉਡੀਕ ਰਹੀ ਸੀ। ਰਾਸ਼ਟਰਪਤੀ ਚੋਣ ਵਿੱਚ ਇਲੈਕਟ੍ਰੋਕਾਲਜ ਰਾਹੀਂ ਗੁਪਤ ਤੌਰ ’ਤੇ ਵੋਟਾਂ ਪੈਂਦੀਆਂ ਹਨ। ਇਸ ਵਿੱਚ ਚੁਣੇ ਹੋਏ ਮੈਂਬਰ ਪਾਰਲੀਮੈਂਟ ਅਤੇ ਸਾਰਿਆਂ ਰਾਜਾਂ ਦੇ ਵਿਧਾਇਕ ਹਿੱਸਾ ਲੈਂਦੇ ਹਨ। ਹਰ ਇੱਕ ਰਾਜ ਦੀ ਅਬਾਦੀ ਮੁਤਾਬਿਕ ਵੋਟ ਦਾ ਵੱਖਰਾ-ਵੱਖਰਾ ਵਜ਼ਨ ਹੁੰਦਾ ਹੈ। ਮੈਂਬਰ ਪਾਰਲੀਮੈਂਟ ਦੀ ਵੋਟ ਦੀ ਵੈਲਿਊ 708 ਹੈ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਵਿੱਚ ਕੁੱਲ 83,824 ਵੋਟਾਂ ਹਨ। ਇਸ ਰਾਜ ਤੋਂ ਭਾਜਪਾ ਕੋਲ ਸਭ ਤੋਂ ਵਧ ਵੋਟਾਂ ਹਨ। ਇਸ ਕਾਰਨ ਹੀ ਭਾਜਪਾ ਰਾਸ਼ਟਰਪਤੀ ਚੋਣ ਵਿੱਚ ਉਤਸ਼ਾਹੀ ਨਜ਼ਰ ਆ ਰਹੀ ਹੈ। 2007 ਦੀ ਚੋਣ ਵਿੱਚ ਐਨਡੀਏ ਦੇ ਕੁਝ ਸਿਆਸੀ ਸਹਿਯੋਗੀ ਜਿਨ੍ਹਾਂ ਵਿੱਚ ਸ਼ਿਵਸੈਨਾ ਸ਼ਾਮਿਲ ਸੀ ਨੇ ਕਾਂਗਰਸੀ ਉਮੀਦਵਾਰ ਸ੍ਰੀਮਤੀ ਪ੍ਰਤਿਭਾ ਪਾਟਿਲ ਦੀ ਹਮਾਇਤ ਕੀਤੀ ਸੀ। ਇਸ ਵਾਰ ਹਾਲਾਤ ਕੁਝ ਵੱਖਰੇ ਲੱਗ ਰਹੇ ਹਨ।
ਇਹ ਜ਼ਿਕਰਯੋਗ ਹੈ ਕਿ ਇਸ ਚੋਣ ਵਿੱਚ ਨਾਮਜ਼ਦ ਮੈਂਬਰ ਪਾਰਲੀਮੈਂਟ ਹਿੱਸਾ ਨਹੀਂ ਲੈ ਸਕਦੇ। ਵੋਟਾਂ ਪਾਉਣ ਲਈ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਪੈਨ ਦਾ ਪ੍ਰਬੰਧ ਕੀਤਾ ਜਾਵੇਗਾ। ਕਿਸੇ ਹੋਰ ਪੈਨ ਜਾਂ ਬੈਲਟ ਪੇਪਰ ਰਾਹੀਂ ਵੋਟ ਰੱਦ ਸਮਝੀ ਜਾਵੇਗੀ। ਵੋਟਾਂ ਸੰਸਦ ਭਵਨ ਅਤੇ ਸਾਰੇ ਰਾਜਾਂ ਦੀਆਂ ਵਿਧਾਨ ਸਭਾ ਭਵਨਾਂ ਵਿੱਚ ਪੈਣਗੀਆਂ। ਚੋਣ ਲੜਣ ਵਾਲੇ ਉਮੀਦਵਾਰਾਂ ਨੂੰ 15 ਹਜ਼ਾਰ ਰੁਪਏ ਸਕਿਊਰਿਟੀ ਜਮ੍ਹਾਂ ਕਰਵਾਉਣੀ ਹੋਵੇਗੀ।

Send this to a friend