ਮੋਗਾ, 7 ਜੂਨ (ਪੰਜਾਬ ਟਾਇਮਜ਼ ਬਿਊਰੋ)- ਜ਼ਿਲ੍ਹੇ ’ਚ ਅਜ ਸਵੇਰੇ 5 ਵਜੇ ਦੇ ਕਰੀਬ ਕੁਦਰਤ ਦਾ ਕਹਿਰ 4 ਇਨਸਾਨਾਂ ਦੀ ਜਾਨ ਨਿਗਲ ਗਿਆ। ਨਿਹਾਲ ਸਿੰਘ ਵਾਲਾ ਇਲਾਕੇ ਦੇ ਪਿੰਡ ਪਤੋਂ ਦੇ ਰਹਿਣ ਵਾਲਾ ਗੁਰਪ੍ਰੀਤ ਸਿੰਘ, ਆਪਣੀ 60 ਸਾਲਾ ਮਾਂ ਹਰਪਾਲ ਕੌਰ ਤੇ ਦੋ ਭਾਣਜੀਆਂ ਨਾਲ ਘਰ ਦੇ ਬਰਾਂਡੇ ਵਿਚ ਸੌਂ ਰਿਹਾ ਸੀ। ਸਵੇਰੇ 5 ਵਜੇ ਅਚਾਨਕ ਤੇਜ਼ ਹਨ੍ਹੇਰੀ ਆਉਣ ਕਾਰਨ ਬਰਾਂਡੇ ਦੀ ਛਤ ਡਿਗ ਪਈ। ਮਲਬੇ ਹੇਠ ਆ ਕੇ ਗੁਰਪ੍ਰੀਤ, ਉਸ ਦੀ ਮਾਂ ਹਰਪਾਲ ਕੌਰ ਤੇ ਇਕ 4 ਸਾਲਾ ਭਾਣਜੀ ਦੀ ਮੌਤ ਹੋ ਗਈ ਜਦਕਿ ਦੂਜੀ ਭਾਣਜੀ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਜ਼ੇਰੇ ਇਲਾਜ ਹੈ।ਗੁਰਪ੍ਰੀਤ ਦੀਆਂ ਦੋਵੇਂ ਭਾਣਜੀਆਂ ਆਪਣੇ ਨਾਨਕੇ ਛੁਟੀਆਂ ਕਟਣ ਆਈਆਂ ਸਨ। ਦੂਜਾ ਹਾਦਸਾ ਮੋਗਾ ਦੇ ਬੇਦੀ ਨਗਰ ਇਲਾਕੇ ਵਿਚ ਵਾਪਰਿਆ। ਇਥੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਮਾਧੂਰਾਮ ਨਾਂ ਦੇ ਵਿਅਕਤੀ ਦੇ ਕਮਰੇ ਦੀ ਛਤ ਡਿਗਣ ਕਾਰਨ ਉਸ ਦੀ ਇਕ ਧੀ ਦੀ ਮੌਤ ਹੋ ਗਈ ਜਦਕਿ ਮਾਧੂਰਾਮ, ਉਸ ਦੀ ਪਤਨੀ ਤੇ ਇਕ ਦੀ ਬੁਰੀ ਤਰਾਂ ਨਾਲ ਜ਼ਖਮੀ ਹੋ ਗਏ ਹਨ।