ਘੱਲੂਘਾਰਾ ਦਿਵਸ ਸ਼ਾਂਤਮਈ ਤਰੀਕੇ ਨਾਲ ਮਨਾਉਣ ਸਬੰਧੀ ਪ੍ਰੋ. ਬਡੂੰਗਰ ਦੇ ਯਤਨ ਸ਼ਲਾਘਾਯੋਗ : ਬੁੱਢਾ ਦਲ ਮੁਖੀ

image ਤਲਵੰਡੀ ਸਾਬੋ 6 ਜੂਨ (ਰਾਮ ਰੇਸ਼ਮ ਨਥੇਹਾ)- ਭਾਰਤੀ ਫੌਜ ਵੱਲੋਂ ਸਿੱਖ ਕੌਮ ਦੀ ਬੁਲੰਦ ਹਸਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਤੇ ‘ਸਾਕਾ ਨੀਲਾ ਤਾਰਾ’ ਨਾਮੀ ਆਪਰੇਸ਼ਨ ਤਹਿਤ ਜੂਨ 1984 ਵਿੱਚ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਹਰ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਕਾ ਨੀਲਾ ਤਾਰਾ ਦੀ ਮਨ੍ਹਾਈ ਜਾਂਦੀ ਵਰ੍ਹੇਗੰਢ ਮੌਕੇ ਭੇਂਟ ਕੀਤੀਆਂ ਜਾਣ ਵਾਲੀਆਂ ਸ਼ਰਧਾਂਜਲੀਆਂ ਦੀ ਲੜੀ ਵਿੱਚ ਇਸ ਵਾਰ ਸਾਕਾ ਨੀਲਾ ਤਾਰਾ ਦੀ ਯਾਦ ਨੂੰ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਸਦਕਾਂ ਸ਼ਾਂਤਮਈ ਤਰੀਕੇ ਨਾਲ ਮਨ੍ਹਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਬੀਤੇ ਦਿਨਾਂ ਤੋਂ ਆਰੰਭੇ ਯਤਨ ਸ਼ਲਾਘਾਯੋਗ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਅੱਜ ਬੁੱਢਾ ਦਲ ਮੁੱਖ ਅਸਥਾਨ ਗੁ:ਬੇਰ ਸਾਹਿਬ ਦੇਗਸਰ ਛਾਉਣੀ ਨਿਹੰਗ ਸਿੰਘਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਬੁੱਢਾ ਦਲ ਮੁਖੀ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਸਿੱਖ ਕੌਮ ਦੇ ਸੀਨੇ ਤੇ ਇੱਕ ਅਜਿਹਾ ਜਖਮ ਹੈ ਜਿਸਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ ਪ੍ਰੰਤੂ ਸਿਆਣਪ ਇਸ ਵਿੱਚ ਹੈ ਕਿ ਸਮੁੱਚੀ ਕੌਮ ਦੇ ਆਗੂ ਸਾਹਿਬਾਨ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਇਸ ਮੌਕੇ ਤੇ ਇਕੱਤਰ ਹੋ ਕੇ ਬਿਨਾ ਭੇਦਭਾਵ ਅਤੇ ਸ਼ਾਂਤੀਪੂਰਬਕ ਤਰੀਕੇ ਨਾਲ ਇਹ ਦਿਹਾੜਾ ਮਨ੍ਹਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਬੁੱਢਾ ਦਲ ਮੁਖੀ ਨਾਲ ਗੁ:ਬੇਰ ਸਾਹਿਬ ਦੇਗਸਰ ਦੇ ਮੁੱਖ ਸੇਵਾਦਾਰ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ,ਬਾਬਾ ਜੱਸਾ ਸਿੰਘ, ਭਾਈ ਮੇਜਰ ਸਿੰਘ ਮੁਖਤਿਆਰ ਏ ਆਮ, ਭਾਈ ਰਣਯੋਧ ਸਿੰਘ,ਭਾਈ ਹਰਪ੍ਰੀਤ ਸਿੰਘ,ਭਾਈ ਸੁਖਮੰਦਰ ਸਿੰਘ ਮੋਰ, ਭਾਈ ਬਲਦੇਵ ਸਿੰਘ ਢੋਡੀਵਿੰਡੀਆ,ਭਾਈ ਸਰਵਣ ਸਿੰਘ ਮਝੈਲ਼, ਭਾਈ ਜੋਗਾ ਸਿੰਘ ਤੇ ਭਾਈ ਪਿਆਰਾ ਸਿੰਘ ਆਦਿ ਹਾਜ਼ ਸਨ।

Send this to a friend