ਬਠਿੰਡਾ, 6 ਜੂਨ (ਇਕਬਾਲ ਸਿੰਘ)- ਸਿੱਖ ਜਥੇਬੰਦੀਆਂ ਵੱਲੋਂ ਐਲਾਨੇ ਗਏ ਘੱਲੂਘਾਰਾ ਦਿਵਸ ਨੂੰ ਦੇਖਦੇ ਹੋਏ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿਚ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ। ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਚੰਪੇ-ਚੰਪੇ ’ਤੇ ਭਾਰੀ ਪੁਲੀਸ ਫੋਰਸ ਦੀ ਤੈਨਾਤੀ ਕੀਤੀ ਗਈ। ਪੰਜਾਬ ਪੁਲੀਸ ਦੇ ਨਾਲ ਨੀਮ ਫੌਜੀ ਦਸਤਿਆ ਨੂੰ ਵੀ ਤੈਨਾਤ ਕੀਤਾ ਗਿਆ ਤਾਂ ਕਿ ਸ਼ਹਿਰ ਵਿਚ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਨਾਕਿਆਂ ਉਪਰ ਤੈਨਾਤ ਪੁਲੀਸ ਮੁਲਾਜ਼ਮਾਂ ਨੇ ਸ਼ਹਿਰ ਵਿਚ ਦਾਖ਼ਲ ਹੋ ਰਹੇ ਵਾਹਨਾਂ ਦੀ ਵਿਸ਼ੇਸ਼ ਤੌਰ ’ਤੇ ਤਲਾਸ਼ੀ ਲਈ ਤਾਂ ਕਿ ਕੋਈ ਸ਼ਰਾਰਤੀ ਅਨਸਰ ਬਾਹਰੋ ਆ ਕੇ ਕਿਸੇ ਵ ਮਾੜੀ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ, ਭਾਰੀ ਗਰਮੀ ਪੈਣ ਦੇ ਬਾਵਜੂਦ ਪੁਲੀਸ ਅਤੇ ਨੀਮ ਫੌਜੀ ਦਸਤਿਆਂ ਦੇ ਜਵਾਨ ਨਾਕਿਆਂ ਉਪਰ ਡਟੇ ਰਹੇ। ਆਧੁਨਿਕ ਹਥਿਆਰਾਂ ਨਾਲ ਲੈਸ ਪੰਜਾਬ ਪੁਲੀਸ ਦੇ ਜਵਾਨ ਅਨਸੁਖਾਵੀ ਘਟਨਾ ਨਾਲ ਨਜਿੱਠਣ ਲਈ ਤਿਆਰ-ਬਰ ਤਿਆਰ ਦਿਖੇ। ਜਿਲ੍ਹਾ ਪੁਲੀਸ ਕਪਤਾਨ ਅਤੇ ਪੁਲੀਸ ਦੇ ਹੋਰ ਉਚ ਅਧਿਕਾਰੀ ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਂਦੇ ਦਿਖਾਈ ਦਿਤੇ। ਨੀਮ ਫੌਜੀ ਦਸਤਿਆਂ ਨੇ ਤਿੰਨ ਦਿਨ ਪਹਿਲਾਂ ਹੀ ਸ਼ਹਿਰ ਵਿਚ ਮੋਰਚੇ ਸੰਭਾਲੇ ਸਨ। ਸਵੇਰ ਹੁੰਦੇ ਸਾਰ ਹੀ ਸ਼ਹਿਰ ਦੇ ਪੰਜੇ ਥਾਣਿਆਂ ਅਤੇ ਪੁਲੀਸ ਚੋਕੀਆਂ ਦੇ ਇਨਚਾਰਜਾਂ ਨੇ ਆਪਣੇ-ਆਪਣੇ ਇਲਾਕਿਆਂ ਵਿਚ ਨਾਕੇ ਲਗਾਕੇ ਮੋਰਚੇ ਸੰਭਾਲ ਰਹੇ ਸਨ, ਸਾਰੇ ਥਾਣਿਆਂ ਦੇ ਥਾਣੇਦਾਰਾਂ ਨੇ ਖੁਦ ਨਾਕਆਂਿ ’ਤੇ ਮੌਜੂਦ ਰਹਿਕੇ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ ਲਿਆ।