‘‘ਮੈਂ 34 ਵਰ੍ਹਿਆਂ ਦਾ ਹਾਂ। ਉਦਾਸੀ ਦੀ ਡੂੰਘੀ ਖਾਈ ਵਿੱਚ ਗਰਕ ਹਾਂ। ਉਦਾਸੀ ਦਾ ਕਾਰਨ ਇਕ ਔਰਤ ਹੈ। ਔਰਤ ਕੋਈ ਬਾਹਰਲੀ ਨਹੀਂ ਮੇਰੀ ਆਪਣੀ ਪਤਨੀ ਹੈ। ਅਜੇ ਤੱਕ ਤਾਂ ਉਹ ਮੇਰੀ ਪਤਨੀ ਹੈ ਪਰ ਅਸੀਂ ਵੱਖ-ਵੱਖ ਰਹਿੰਦੇ ਹਾਂ। ਵਿਆਹ ਨੂੰ ਅਜੇ 2 ਸਾਲ ਹੋਏ ਹਨ। ਧੋਖਾ ਹੋ ਗਿਆ ਮੇਰੇ ਨਾਲ ਬਹੁਤ ਵੱਡਾ। ਮੈਨੂੰ ਇਹ ਦੱਸਿਆ ਗਿਆ ਕਿ ਕੁੜੀ ਆਸਟ੍ਰੇਲੀਆ ਦੀ ਪੀ ਆਰ ਹੈ। ਮੈਂ ਵਿਆਹ ਕਰਵਾ ਲਿਆ ਕੁੜੀ ਦੀ ਨੇਚਰ ਇੰਨੀ ਆਕੜਖੋਰੀ, ਨਾ ਮੇਰੀ ਮਾਂ ਨੂੰ ਕੁਝ ਸਮਝਦੀ ਹੈ ਅਤੇ ਨਾ ਹੀ ਮੇਰੀ ਭੈਣ ਨੂੰ। ਜਿੰਨਾ ਚਿਰ ਇਥੇ ਰਹੀ ਘਰ ਵਿੱਚ ਕਲੇਸ਼ ਰਿਹਾ। ਹੁਣ ਉਹ ਗਈ ਹੈ ਥੋੜ੍ਹੀ ਸ਼ਾਂਤੀ ਹੈ ਜਦੋਂ ਤਲਾਕ ਹੋ ਗਿਆ ਸ਼ਾਂਤੀ ਤਾਂ ਅਸਲ ਵਿੱਚ ਉਦੋਂ ਹੀ ਮਿਲੂ।’’ ਮੇਰਾ ਇਕ ਆਰਟੀਕਲ ਪੜ੍ਹਣ ਤੋਂ ਬਾਅਦ ਇਕ ਨੌਜਵਾਨ ਨੇ ਉਕਤ ਇਬਾਰਤ ਵਾਲਾ ਫੋਨ ਮੈਨੂੰ ਕੀਤਾ। ਉਸ ਦਾ ਕਹਿਣਾ ਸੀ ਕਿ ਉਹ ਡਿਪਰੈਸ਼ਣ ਵਿੱਚ ਜਾ ਰਿਹਾ ਹੈ ਅਤੇ ਮੈਂ ਉਸ ਲਈ ਕੁੱਝ ਕਰਾਂ, ਕੁੱਝ ਲਿਖਾਂ ਅਤੇ ਚੜ੍ਹਦੀ ਕਲਾਂ ’ਚ ਆਉਣ ਦੇ ਕੁੱਝ ਸੂਤਰ ਦੱਸਾਂ।
ਮੈਂ ਉਸ ਨੌਜਵਾਨ ਨੂੰ ਸਮਝਾਉਂਦਾ ਹਾਂ ਕਿ ਤੂੰ ਤਾਂ ਆਸਟ੍ਰੇਲੀਆ ਜਾ ਕੇ ਰਹਿਣਾ ਹੈ। ਜਦੋਂ ਤੂੰ ਉਸ ਕੋਲ ਚਲਿਆ ਗਿਆ ਅਤੇ ਤੁਸੀਂ ਇਕੱਠੇ ਰਹਿਣ ਲੱਗੇ ਆਪਣੇ ਆਪ ਪਿਆਰ ਵਧੂ ਅਤੇ ਜਦੋਂ ਮੁਹੱਬਤ ਹੋ ਜਾਂਦੀ ਹੈ ਤਾਂ ਔਰਤ ਆਪਣੇ ਪਤੀ ਲਈ ਕੁੱਝ ਵੀ ਕੁੱਝ ਕਰਨ ਨੂੰ ਤਿਆਰ ਹੁੰਦੀ ਹੈ। ਤੂੰ ਉਸ ਨੂੰ ਪਿਆਰ ਨਾਲ ਜਿੱਤ ਲਈਂ। ਮੇਰੀ ਇਹ ਗੱਲ ਸੁਣਕੇ ਉਸ ਨੇ ਦੱਸਿਆ ਕਿ ਅਸਲੀ ਗੱਲ ਤਾਂ ਇਹ ਹੈ ਕਿ ਮੈਂ ਉਸ ਕੋਲ ਜਾਣਾ ਨਹੀਂ। ਮੇਰੇ ਨਾਲ ਧੋਖਾ ਹੋਇਆ ਹੈ। ਉਹ ਪਹਿਲਾਂ ਹੀ ਕਿਸੇ ਨੂੰ ਆਪਣਾ ਪਤੀ ਬਣਾਕੇ ਲਿਜਾ ਚੁੱਕੀ ਹੈ। ਉਸਨੇ ਤਾਂ ਸਿਰਫ ਅੰਗਰੇਜ਼ੀ ਦਾ ਟੈਸਟ ਪਾਸ ਕੀਤਾ ਸੀ। ਬਾਕੀ ਖਰਚਾ ਤਾਂ ਦੂਜੀ ਪਾਰਟੀ ਨੇ ਕੀਤਾ ਸੀ। ਇਹ ਗੱਲ ਉਨ੍ਹਾਂ ਨੇ ਸਾਡੇ ਕੋਲੋਂ ਲੁਕੋ ਕੇ ਰੱਖੀ। ਹੁਣ ਕੀ ਪਤਾ ਉਹ ਪੇਪਰ ਮੈਰਿਜ਼ ਸੀ ਜਾਂ ਉਹ ਉਥੇ ਪਤੀ-ਪਤਨੀ ਵਾਂਗ ਰਹੇ। ਮੈਨੂੰ ਸ਼ੱਕ ਨੇ ਖਾ ਲਿਆ ਹੈ। ਹੁਣ ਤਾਂ ਮੈਂ ਚਾਹੁੰਦਾ ਹੋਇਆ ਵੀ ਨਹੀਂ ਰਹਿ ਸਕਾਂਗਾ।
ਇਹ ਕੋਈ ਇਕ ਕੇਸ ਨਹੀਂ ਅਜਿਹੇ ਸੈਂਕੜੇ ਕੇਸ ਹਨ ਜੋ ਸਾਡੀ ਘਰੈਲੂ ਜ਼ਿੰਦਗੀ ਤਬਾਹ ਕਰ ਰਹੇ ਹਨ। ਰੱਬ ਜਿੰਨਾਂ ਵਿਸ਼ਵਾਸ ਤਾਂ ਗੀਤਾਂ ਵਿੱਚ ਹੀ ਸੁਣਨ ਨੂੰ ਮਿਲਦਾ ਹੈ। ਨਵੀਂ ਪੀੜ੍ਹੀ ਦੀ ਜ਼ਿੰਦਗੀ ਸਰਾਪੀ ਗਈ ਹੈ। ਇਕ ਪਾਸੇ ਤਾਂ ਉਨ੍ਹਾਂ ਦੀਆਂ ਜੜ੍ਹਾਂ ਸਾਡੇ ਸਭਿਆਚਾਰ ਵਿੱਚ ਹਨ ਜਿੱਥੇ ਔਰਤ ਦਾ ਦਰਜ਼ਾ ਉਹ ਨਹੀਂ ਜੋ ਪੱਛਮੀਂ ਸਮਾਜ ਵਿੱਚ ਹੈ। ਅਸੀਂ ਚਾਹੁੰਦੇ ਹਾਂ ਕਿ ਔਰਤ ਵਿਚਰੇ ਤਾਂ ਪੱਛਮ ਦੀਆਂ ਔਰਤਾਂ ਵਾਂਗ, ਕਮਾਵੇ ਵੀ ਮਰਦਾਂ ਵਾਂਗ ਅਤੇ ਘਰ ਆ ਕੇ ਘਰੇਲੂ ਔਰਤਾਂ ਵਾਂਹ ਵਿਵਹਾਰ ਕਰੇ। ਸੱਸ ਅਤੇ ਨਨਾਣ ਨੂੰ ਪੂਰਾ ਸਤਿਕਾਰ ਦੇਵੇ। ਦੂਜੇ ਪਾਸੇ ਔਰਤ ਵੀ ਜਾਗਰੂਕ ਹੋ ਗਈ ਹੈ। ਇਕ ਗਰੀਬ ਕੁੜੀ ਨੇ ਮਿਹਨਤ ਕਰਕੇ ਆਈਲਟੈਸ ਦਾ ਟੈਸਟ ਪਾਸ ਕੀਤਾ ਇਕ ਅਮੀਰ ਬਾਪ ਦੇ ਨਲਾਇਕ ਮੁੰਡੇ ਨੂੰ ਆਸਟ੍ਰੇਲੀਆ ਦਾ ਸ਼ਹਿਰੀ ਬਣਾਇਆ। ਇਨ੍ਹਾਂ ਸਾਰੇ ਵਰ੍ਹਿਆਂ ਵਿੱਚ ਉਹ ਦਬੰਗ ਹੋ ਗਈ। ਉਸ ਨੂੰ ਦੁਨੀਆਂ ਦੀ ਸਮਝ ਆ ਗਈ। ਉਸ ਨੂੰ ਇਹ ਵੀ ਪਤਾ ਲੱਗ ਗਿਆ ਕਿ ਇਹ ਵਿਆਹ ਵੀ ਕਿਸੇ ਕੁੜੀ ਨਾਲ ਨਹੀਂ ਸਗੋਂ ਇਕ ਵਿਕਸਤ ਦੇਸ਼ ਦੀ ਪੀ ਆਰ ਦੀ ਲਾਲਸਾ ਨਾਲ ਹੋਇਆ ਹੈ। ਸ਼ਾਇਦ ਇਸੇ ਕਾਰਨ ਵਿਆਹ ਤੋਂ ਤੁਰੰਤ ਬਾਅਦ ਇਹ ਲੜਾਈ ਝਗੜੇ ਸ਼ੁਰੂ ਹੋ ਗਏ ਹਨ।
ਉਕਤ ਕੇਸ ਨੂੰ ਇਕ ਪਾਸੇ ਰੱਖਕੇ ਇਹ ਗੱਲ ਸਾਡੇ ਧਿਆਨ ਦੀ ਮੰਗ ਕਰਦੀ ਹੈ ਕਿ ਅੱਜ ਦੇ ਯੁੱਗ ਵਿੱਚ ਵਿਆਹ ਸੱਚਮੁੱਚ ਹੀ ਕਿਸਮਤ ਵਾਲਿਆਂ ਦੇ ਹੀ ਸੁੱਖਸਾਂਦੀ ਸਿਰੇ ਚੜ੍ਹਦੇ ਹਨ। ਨਵੀਂ ਪੀੜ੍ਹੀ ਦੀਆਂ ਕੁੜੀਆਂ ਵਿੱਚ ਵੀ ਸਿਖਿਆ, ਮੀਡੀਆ ਅਤੇ ਆਰਥਿਕ ਨਿਰਭਰਤਾ ਨੇ ਵੱਡੇ ਬਦਲਾਅ ਲਿਆ ਦਿੱਤੇ ਹਨ। ਕੁੜੀਆਂ ਵਿਆਹ ਤੋਂ ਬਾਅਦ ਸੰਯੁਕਤ ਪਰਿਵਾਰ ਵਿੱਚ ਰਹਿਣ ਤੋਂ ਕੰਨੀ ਕਤਰਾਉਂਦੀਆਂ ਹਨ। ਮੀਡੀਆ ’ਤੇ ਆਉਂਦੇ ਲੜੀਵਾਰਾਂ ਤੋਂ ਸੱਸਾਂ ਨੂੰ ਸਿੱਧੇ ਰਾਹ ਪਾਉਣ ਦੇ ਤਰੀਕੇ ਸਿੱਖ ਜਾਂਦੀਆਂ ਨੇ ਅਤੇ ਘਰਾਂ ਵਿੱਚ ਅਮਲੀਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਸਿਆਣੇ ਮਾਪੇ ਇਸ ਗਲੋਂ ਲਾਂਬੇ ਹੋਣ ਵਿੱਚ ਭਲਾ ਸਮਝਦੇ ਹਨ ਕਿ ਉਨ੍ਹਾਂ ਦੇ ਪੁੱਤ ਦਾ ਘਰ ਵਸਿਆ ਰਹੇ। ਜੇ ਪੁੱਤ ਅਤੇ ਨੂੰਹ ਦੋਵੇਂ ਰਲ ਜਾਣ ਤਾਂ ਮਾਪਿਆਂ ਨੂੰ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਪੀੜ੍ਹਤ ਕਰ ਦਿੰਦੇ ਹਨ। ਜੇ ਮੁੰਡਾ ਮਾਪਿਆਂ ਦੇ ਕਹੇ ਚਲਦਾ ਹੈ ਤਾਂ ਕੁੜੀ ਦੀ ਜ਼ਿੰਦਗੀ ਦੁਭਰ ਹੋ ਜਾਂਦੀ ਹੈ। ਸਮਾਜ ਵਿੱਚ ਕਾਫੀ ਕੁੱਝ ਮਾੜਾ ਵਾਪਰਨ ਲੱਗਾ ਹੈ। ਕੈਨੇਡਾ ਵਿੱਚ ਇਕ ਕੁੜੀ ਆਪਣੇ ਪਤੀ ਦਾ ਘਰ ਛੱਡਕੇ ਆਪਣੇ ਪਾਕਿਸਤਾਨੀ ਦੋਸਤਾਂ ਨਾਲ ਰਹਿ ਰਹੀ ਹੈ ਅਤੇ ਮੁੰਡਾ ਉਸ ਘੜੀ ਨੂੰ ਪਛਤਾ ਰਿਹਾ ਹੈ ਜਦੋਂ ਉਹ ਉਸ ਨੂੰ ਵਿਆਹ ਕੇ ਕੈਨੇਡਾ ਲੈ ਕੇ ਆਇਆ ਸੀ।
ਉਕਤ ਵਿਸ਼ੇ ’ਤੇ ਬਹੁਤ ਲੰਬੀ ਚਰਚਾ ਕੀਤੀ ਜਾ ਸਕਦੀ ਹੈ। ਇਸ ਦਾ ਕੋਈ ਅੰਤ ਨਹੀਂ। ਅੱਜ ਦੀ ਗੱਲ ਇਥੇ ਇਸ ਨਾਲ ਖਤਮ ਕਰੀਏ ਕਿ ਅਸੀਂ ਆਪਣੇ ਸਮਾਜ ’ਚ ਵੱਧ ਰਹੀ ਇਸ ਬੀਮਾਰੀ ਤੋਂ ਕਿਵੇਂ ਬੱਚੀਏ। ਇਸ ਬਾਰੇ ਸਿਰ ਜੋੜ ਕੇ ਸੋਚੀਏ।