ਬਰਨਾਲਾ, 2 ਜੂਨ (ਨਿਰਮਲ ਸਿੰਘ ਪੰਡੋਰੀ)-ਅਕਸਰ ਹੀ ਸੋਸ਼ਲ ਮੀਡੀਆ ਤੇ ਗੁਰੂਆਂ,ਪੀਰਾਂ ਅਤੇ ਦੇਵੀ ਦੇਵਤਿਆਂ ਨਾਲ ਸੰਬੰਧਿਤ ਤਸਵੀਰਾਂ ਅਤੇ ਵੀਡੀਓ ਕਲਿੱਪ ਵਾਇਰਲ ਹੁੰਦੇ ਰਹਿੰਦੇ ਹਨ ਜਿਨ੍ਹਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਜ਼ਖਮੀ ਹੁੰਦੀਆਂ ਹਨ।ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਸਰਕਾਰ ਅਤੇ ਪ੍ਰਸ਼ਾਸਨ ਦੀ ਢਿੱਲ ਨਾਲ ਇਹ ਮਾੜੀਆਂ ਘਟਨਾਵਾਂ ਵਾਰ ਵਾਰ ਘਟਦੀਆਂ ਹਨ ਜਿਸ ਕਰਕੇ ਕਈ ਵਾਰ ਦੇਸ਼ ਦਾ ਸਦਭਾਵਨਾ ਭਰਿਆ ਮਾਹੌਲ ਫਿਰਕੂ ਰੰਗਤ ਵੀ ਧਾਰਨ ਕਰ ਜਾਂਦਾ ਹੈ।ਅੱਜਕੱਲ੍ਹ ਸੋਸ਼ਲ ਮੀਡੀਆ ਤੇ ਤਾਜ਼ਾ ਵਾਇਰਲ ਹੋਈ ਵੀਡੀਓ ਨੇ ਹਿੰਦੂ ਧਰਮ ਵਿੱਚ ਸ਼ਰਧਾ ਰੱਖਣ ਵਾਲਿਆਂ ਦੇ ਨਾਲ ਹੋਰ ਧਰਮਾਂ ਦੇ ਸ਼ਰਧਾਲੂਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ।ਇਸ ਵੀਡੀਓ ਵਿੱਚ ਹਿੰਦੂ ਦੇਵੀ ਦੇਵਤਿਆਂ ਦਾ ਚਰਿੱਤਰ ਬਹੁਤ ਹੀ ਗਲਤ ਰੂਪ ਵਿੱਚ ਪੇਸ਼ ਕੀਤਾ ਗਿਆ ਹੈ, ਜਿਸਨੂੰ ਬਿਆਨ ਕਰਨ ਲਈ ਢੁਕਵੇਂ ਸ਼ਬਦ ਵੀ ਨਹੀਂ ਹਨ।ਵੀਡੀਓ ਵਿੱਚ ਸ੍ਰੀ ਹਰੀ ਵਿਸ਼ਨੂੰ ਭਗਵਾਨ, ਮਾਂ ਲਕਸ਼ਮੀ, ਸ਼ਿਵਜੀ ਭਗਵਾਨ, ਮਾਤਾ ਪਾਰਬਤੀ, ਬ੍ਰਹਮ ਦੇਵ ਜੀ, ਦੇਵ ਰਿਸ਼ੀ ਨਾਰਦ ਜੀ ਅਤੇ ਸ੍ਰੀ ਗਣੇਸ਼ ਜੀ ਆਦਿ ਸਾਰੇ ਚਰਿਤਰਾਂ ਨੂੰ ਵਿਅੰਗਮਈ ਢੰਗ ਨਾਲ ਗਲਤ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਇਸ ਵੀਡੀਓ ਤੇ ਪ੍ਰਸਿੱਧ ਗਾਇਕ ਸ਼ੈਰੀ ਮਾਨ ਦਾ ਗਾਣਾ ( ਲਾ ਕੇ ਤਿੰਨ ਪੈੱਗ ਬੱਲੀਏ ) ਡੱਬ ਕੀਤਾ ਹੋਇਆ ਹੈ,ਜਿਸ ਉੱਪਰ ਸਨਮਾਨਯੋਗ ਦੇਵੀ-ਦੇਵਤਿਆਂ ਨੂੰ ਇਤਰਾਜ਼ਯੋਗ ਹਾਲਾਤਾਂ ਵਿੱਚ ਨੱਚਦੇ ਹੋਏ ਦਿਖਾਇਆ ਹੈ।ਇਸੇ ਵੀਡੀਓ ਦੇ ਸੰਬੰਧ ਵਿੱਚ ਭਾਰਤੀ ਨਰਿੰਦਰ ਮੋਦੀ ਸੰਘ ਦੇ ਪੰਜਾਬ ਪ੍ਰਧਾਨ ਸ੍ਰੀ ਰਾਜੇਸ਼ ਕੁਮਾਰ ਗਰਗ ਨੇ ਮਹਿਲ ਕਲਾਂ ਵਿਖੇ ਹੰਗਾਮੀ ਮੀਟਿੰਗ ਬੁਲਾਈ, ਜਿਸ ਵਿੱਚ ਸੰਘ ਦੇ ਪੰਜਾਬ ਭਰ ਤੋਂ ਮੁੱਖ ਅਹੁਦੇਦਾਰਾਂ ਨੇ ਇਸ ਵੀਡੀਓ ਦੀ ਕਰੜੀ ਨਿੰਦਾ ਕਰਦੇ ਹੋਏ ਸਰਕਾਰ ਪਾਸੋਂ ਮੰਗ ਕੀਤੀ ਕਿ ਇਹ ਵੀਡੀਓ ਤਿਆਰ ਕਰਨ ਵਾਲੇ ਸਾਰੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਅਜਿਹੀ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਘਟੀਆ ਹਰਕਤ ਕਰਨ ਦੀ ਜੁਰਅਤ ਨਾ ਕਰੇ।ਸ੍ਰੀ ਗਰਗ ਨੇ ਦੱਸਿਆ ਕਿ ਉਹ ਇਸ ਸੰਬੰਧ ਵਿੱਚ ਸੰਘ ਦੇ ਕਨੂੰਨੀ ਮਾਹਿਰਾਂ ਨੂੰ ਨਾਲ ਲੈ ਕੇ ਡੀ.ਜੀ.ਪੀ. ਪੰਜਾਬ ਨੂੰ ਵੀ ਮਿਲਣਗੇ। ਇਸ ਮੌਕੇ ਤੇ ਸੰਘ ਦੇ ਪ੍ਰਦੇਸ਼ ਸਕੱਤਰ ਸ੍ਰੀ ਕੁਲਦੀਪ ਮਿੱਤਲ ਨੇ ਕਿਹਾ ਕਿ ਇਸ ਵੀਡੀਓ ਦੇ ਵਿਰੋਧ ਵਿੱਚ ਦੇਸ਼ ਭਰ ਤੋਂ ਹਿੰਦੂ ਸੰਗਠਨ ਸਾਹਮਣੇ ਆਉਣ ਤਾਂ ਜੋ ਦੋਸ਼ੀਆਂ ਨੂੰ ਜਲਦ ਤੋ ਜਲਦ ਹਿਰਾਸਤ ਵਿੱਚ ਲੈ ਕੇ ਸਜਾ ਦਵਾਈ ਜਾ ਸਕੇ। ਇਸ ਸਮੇਂ ਸੰਘ ਦੇ ਪੰਜਾਬ ਯੂਥ ਪ੍ਰਧਾਨ ਸੰਦੀਪ ਗਿੱਲ ਤੋ ਇਲਾਵਾ ਪੰਜਾਬ ਦੇ ਮੁੱਖ ਅਹੁਦੇਦਾਰ ਮਨੋਜ ਤੋਮਰ, ਵਿਨੋਦ ਨੱਢਾ, ਪ੍ਰਸਿੱਧ ਗਾਇਕ ਬਾਬੂ ਚੰਡੀਗੜ੍ਹੀਆ, ਆਰ ਐਸ ਭੱਟੀ, ਰਣਵੀਰ ਅਰੋੜਾ, ਮਨਜਿੰਦਰ ਸਿੰਘ , ਗੁਰਿੰਦਰ ਸਿੰਘ, ਰਣਧੀਰ ਸਿੰਘ, ਕਿਰਣ ਸ਼ਰਮਾ, ਦਿਨੇਸ਼ ਗੁਪਤਾ, ਦੀਪਕ ਕੁਮਾਰ, ਬਲਜੀਤ ਸਿੰਘ, ਰਾਮੇਸ਼ਵਰ ਜਰੀਅਲ, ਮੀਨੂ ਵਤੇਸ ਅਤੇ ਜਸਪਿੰਦਰ ਕੌਰ ਆਦਿ ਸ਼ਾਮਲ ਸਨ।