ਬਠਿੰਡਾ, 29 ਮਈ (ਇਕਬਾਲ ਸਿੰਘ)- ਸਥਾਨਕ ਸੀ.ਆਈ. ਏ 2 ਵਿੰਗ ਦੀ ਪੁਲੀਸ ਨੇ ਸ਼ਰਾਬ ਤਸ਼ਕਰਾਂ ਦੇ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ 100 ਪੇਟੀ ਹਰਿਆਣਾ ਦੀ ਬਣੀ ਹੋਈ ਸ਼ਰਾਬ ਅਤੇ ਟਰੈਕਟਰ ਟ੍ਰਾਲੀ ਸਮੇਤ ਕਾਬੂ ਕੀਤਾ। ਪੁਲੀਸ ਨੂੰ ਧੋਖਾ ਦੇਣ ਲਈ ਟ੍ਰਾਲੀ ਵਿਚ ਰੱਖੀਆਂ ਸ਼ਰਾਬ ਦੀਆਂ ਪੇਟੀਆਂ ਉਪਰ ਇੱਟਾਂ ਰੱਖੀਆਂ ਹੋਈਆਂ ਸਨ। ਬਰਾਮਦ ਕੀਤੀ ਗਈ ਸ਼ਰਾਬ ਉਕਤ ਵਿਅਕਤੀਆਂ ਨੇ ਜਿਲ੍ਹੇ ਦੇ ਵਖ-ਵਖ ਹਿੱਸਿਆਂ ਵਿਚ ਸਪਲਾਈ ਕਰਨੀ ਸੀ। ਦਸਣਯੋਗ ਹੈ ਕਿ ਸ਼ਰਾਬ ਦੀ ਤਸ਼ਕਰੀ ਕਰਨ ਵਾਲਾ ਉਕਤ ਵਿਅਕਤੀ ਕਿਸੇ ਸਮੇਂ ਇੱਟਾਂ ਦੇ ਭੱਠੇ ਵਿਚ ਹਿੱਸੇਦਾਰ ਸੀ ਪਰ ਘਾਟਾ ਪੈ ਜਾਣ ਕਾਰਨ ਉਸਨੇ ਸ਼ਰਾਬ ਦੀ ਤਸ਼ਕਰੀ ਦਾ ਕੰਮ ਸ਼ੁਰੂ ਕਰ ਦਿਤਾ। ਸੀ.ਆਈ. ਏ 2ਦੇ ਇੰਚਾਰਜ ਐਸ.ਆਈ ਤਰਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ, ਪੁਲੀਸ ਨੇ ਸਹਾਇਕ ਥਾਣੇਦਾਰ ਗੁਰਸਾਹਿਬ ਸਿੰਘ ਦੀ ਅਗਵਾਈ ਵਿਚ ਨਜ਼ਦੀਕੀ ਪਿੰਡ ਗੁਰਥੜੀ ਵਿਖੇ ਨਾਕਾ ਲਗਾਇਆ ਹੋਇਆ ਸੀ, ਨਾਕੇ ਦੌਰਾਨ ਇੱਟਾਂ ਨਾਲ ਭਰੀ ਹੋਈ ਟਰੈਕਟਰ ਟਰਾਲੀ ਸਵਾਰ ਦੋ ਵਿਅਕਤੀ ਪੁਲੀਸ ਨੂੰ ਦੇਖ ਕੇ ਵਾਪਸ ਮੁੜਨ ਲੱਗੇ ਤਾਂ ਸ਼ੱਕ ਪੈਣ ’ਤੇ ਪੁਲੀਸ ਨੇ ਉਕਤ ਵਿਅਕਤੀਆਂ ਨੂੰ ਰੋਕ ਕੇ ਟਰੈਕਟਰ ਟ੍ਰਾਲੀ ਦੀ ਤਲਾਸ਼ੀ ਲਈ ਤਾਂ ਟ੍ਰਾਲੀ ਵਿਚ ਲੱਦੀਆਂ ਹੋਈਆਂ ਇੱਟਾਂ ਦੇ ਥੱਲਿਓ 100 ਪੇਟੀ ਹਰਿਆਣਾ ਦੀ ਬਣੀ ਹੋਈ ਸ਼ਰਾਬ ਦੀ ਬਰਾਮਦ ਹੋਈ। ਪੁਲੀਸ ਨੇ ਕਥਿਤ ਦੋਸ਼ੀ ਰੇਸ਼ਮ ਸਿੰਘ ਵਾਸੀ ਪਿੰਡ ਗਹਿਰੀ ਬੁੱਟਰ, ਮੰਗੂ ਰਾਮ ਵਾਸੀ ਪਿੰਡ ਮੱਲ ਵਾਲਾ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਉਪਰ ਐਕਸਾਈਜ ਐਕਟ ਦੇ ਅਧੀਨ ਪਰਚਾ ਦਰਜ ਕੀਤਾ। ਪੁੱਛ-ਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਦਸਿਆ ਇਹ ਸ਼ਰਾਬ ਉਹ ਹਰਿਆਣਾ ਤੋਂ 700 ਰੁਪਏ ਡੱਬੇ ਦੇ ਹਿਸਾਬ ਨਾਲ ਖਰੀਦ ਕੇ ਲਿਆਏ ਸਨ ਤੇ ਅੱਗੇ ਜਾ ਕੇ ਉਨ੍ਹਾਂ ਨੇ ਇਸ ਸ਼ਰਾਬ ਨੂੰ 1500 ਤੋਂ ਲੈ ਕੇ 1800 ਰੁਪਏ ਤੱਕ ਪ੍ਰਤੀ ਡੱਬਾ ਵੇਚਣਾ ਸੀ। ਹਰਿਆਣਾ ਵਿਚੋਂ ਵੱਡੀ ਮਾਤਰਾ ਵਿਚ ਸ਼ਰਾਬ ਖਰੀਦ ਕੇ ਸ਼ਰਾਬ ਨੂੰ ਆਪਣੇ ਪਿੰਡ ਗਹਿਰੀ ਬੁੱਟਰ ਵਿਖੇ ਸਟੋਰ ਕਰਦੇ ਸੀ, ਤੇ ਬਾਅਦ ਵਿਚ ਵਖ-ਵਖ ਥਾਵਾਂ ’ਤੇ ਵੇਚ ਆਉਂਦੇ ਸਨ।