ਚੰਡੀਗੜ੍ਹ, 29 ਮਈ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਰਮਚਾਰੀਆਂ ਅਤੇ ਨੌਕਰਾਂ ਵਲੋਂ ਖਰੀਦੀਆਂ ਕਰੋੜਾਂ ਰੁਪਏ ਦੀਆਂ ਰੇਤ ਦੀਆਂ ਖੱਡਾਂ ਬਾਰੇ ਨਿਆਂਇਕ ਜਾਂਚ ਦੇ ਹੁਕਮ ਨੂੰ ਗੋਂਗਲੂਆਂ ਤੋਂ ਮਿੱਟੀ ਝਾੜਣ ਦੇ ਤੁੱਲ ਕਰਾਰ ਦਿੰਦੇ ਹੋਏ ਮੰਗ ਕੀਤੀ ਹੈ ਕਿ ਸਮੁੱਚੇ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਵਾਸਤੇ ਮੰਤਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।ਇਸ ਬਾਰੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਨੇ ਕਿਹਾ ਰਾਣਾ ਗੁਰਜੀਤ ਖਿਲਾਫ ਲੱਗੇ ਦੋਸ਼ ਚਿੱਟੇ ਦਿਨ ਵਾਂਗ ਸਾਫ ਹਨ। ਰਾਣਾ ਸਵੀਕਾਰ ਕਰ ਚੁੱਕਿਆ ਹੈ ਕਿ ਕੁੱਝ ਹਜ਼ਾਰ ਰੁਪਏ ਦੀ ਨੌਕਰੀ ਕਰਨ ਵਾਲੇ ਉਸ ਦੇ ਨੇਪਾਲੀ ਖਾਨਸਾਮੇ ਨੇ 26 ਕਰੋੜ ਰੁਪਏ ਦੀ ਬੋਲੀ ਦੇ ਕੇ ਰੇਤੇ ਦੀ ਖੱਡ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਰਾਣਾ ਦੇ ਦੂਜੇ ਕਰਮਚਾਰੀਆਂ ਨੇ ਵੀ ਰੇਤੇ ਦੀਆਂ ਖੱਡਾਂ ਲੈਣ ਲਈ 50 ਕਰੋੜ ਰੁਪਏ ਨਿਵੇਸ਼ ਕੀਤੇ ਹਨ।