ਚੰਡੀਗੜ੍ਹ, 28 ਮਈ (ਪੰਜਾਬ ਟਾਇਮਜ਼ ਬਿਊਰੋ)- ਉੱਘੇ ਪੰਜਾਬੀ ਪੱਤਰਕਾਰ ਅਤੇ ਪੰਜਾਬੀ ਦੀ ਇੱਕਲੌਤੀ ਨਿਊਜ਼ ਏਜੰਸੀ ਵਿਸ਼ਵ ਵਾਰਤਾ ਦੇ ਮੁੱਖ ਸੰਪਾਦਕ ਸ. ਦਵਿੰਦਰਜੀਤ ਸਿੰਘ ਦਰਸ਼ੀ ਦੇ ਮਾਤਾ ਜੀ ਬੀਬੀ ਅਵਤਾਰ ਕੌਰ ਦਾ ਸ਼ਨੀਵਾਰ ਨੂੰ ਦੇਰ ਸ਼ਾਮ ਮੋਹਾਲੀ ਦੇ ਫੇਸ-6 ਸਥਿਤ ਸ਼ਮਸ਼ਾਨ ਘਾਟ ਵਿੱਚ ਪੂਰੇ ਸਨਮਾਨ ਅਤੇ ਧਾਰਮਿਕ ਮਰਿਆਦਾ ਮੁਤਾਬਿਕ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰ, ਦੋਸਤ ਅਤੇ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮਾਤਾ ਜੀ 26 ਮਈ ਨੂੰ ਅਚਾਨਕ ਚੱਲ ਵਸੇ ਸਨ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਸ. ਦਰਸ਼ੀ ਦੀ ਮਾਤਾ ਸ੍ਰੀਮਤੀ ਅਵਤਾਰ ਕੌਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ? ਉਹ 82 ਵਰ੍ਹਿਆਂ ਦੇ ਸਨ ਅਤੇ ਬੀਤੇ ਕੱਲ੍ਹ ਇੱਕ ਨਿੱਜੀ ਹਸਪਤਾਲ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਆਪਣੇ ਪਤੀ ਸ. ਭਗਵਾਨ ਸਿੰਘ ਦੋ ਪੁੱਤਰਾਂ ਅਤੇ ਦੋ ਧੀਆਂ ਨੂੰ ਛੱਡ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਤਕਦੀਰ ਘੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਉਨ੍ਹਾਂ ਨੂੰ ਉੱਚ ਕਦਰਾਂ-ਕੀਮਤਾਂ ਦਿੱਤੀਆਂ। ਦੁਖੀ ਪਰਿਵਾਰ ਨਾਲ ਸ਼ੋਕ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਵਿੱਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਬਲ ਬਖ਼ਸ਼ਣ ਵਾਸਤੇ ਅਰਦਾਸ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤ ਇੰਦਰ ਸਿੰਘ ਚਾਹਲ, ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਦਾਰਾ ਪੰਜਾਬ ਟਾਇਮਜ਼ ਵੱਲੋਂ ਸੰਪਾਦਕ ਸ. ਬਲਜੀਤ ਸਿੰਘ ਬਰਾੜ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।