ਮਾਨਸਾ, 25 ਮਈ (ਸ਼ਾਮ ਲਾਲ)- ਪੁਲਿਸ ’ਚ ਭਰਤੀ ਕਰਵਾਉਣ ਲਈ ਦਰਜਨਾਂ ਨੌਜਵਾਨਾਂ ਤੇ ਕੁੜੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਵੱਜੀ ਹੈ। ਭਰਤੀ ਕਰਵਾਉਣ ਦਾ ਝਾਂਸਾ ਦੇਣ ਵਾਲੇ ਵਿਅਕਤੀਆਂ ਨੇ ਇਹ ਪੈਸੇ ਲੈ ਕੇ ਫਰਜ਼ੀ ਤੌਰ ’ਤੇ ਨੌਜਵਾਨਾਂ ਦਾ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਦੇ ਦਿੱਤੇ ਸਨ। ਇਸ ਠੱਗੀ ਦਾ ਸ਼ਿਕਾਰ ਨੌਜਵਾਨਾਂ ਨੇ ਐਸਐਸਪੀ ਮਾਨਸਾ ਨੂੰ ਲਿਖਤੀ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਮਾਨਸਾ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਮਾਨਸਾ ਨੂੰ ਕੀਤੀ ਸ਼ਿਕਾਇਤ ਵਿਚ ਨੌਜਵਾਨ ਜਸਵਿੰਦਰ ਸਿੰਘ, ਮੋਹਨ ਸਿੰਘ, ਰਜਿੰਦਰ ਸਿੰਘ, ਜਸਪਾਲ ਕੌਰ, ਚਰਨਜੀਤ ਕੌਰ ਵਾਸੀ ਟਾਂਡੀਆਂ, ਬਲਵਿੰਦਰ ਸਿੰਘ ਨਥੇਹਾ, ਬਲਵਿੰਦਰ ਸਿੰਘ ਚੋਟੀਆਂ ਤੇ ਜਸਵੀਰ ਕੌਰ ਪੇਰੋਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਵਿਅਕਤੀ ਧਰਮਿੰਦਰ ਸਿੰਘ ਟਾਂਡੀਆਂ ਨੇ ਸਤੀਸ਼ ਕੁਮਾਰ ਵਾਸੀ ਸਿਰਸਾ (ਹਰਿਆਣਾ) ਨਾਲ ਸੰਪਰਕ ਕਰਵਾਇਆ ਸੀ, ਜੋ ਖੁਦ ਨੂੰ ਕਿਸੇ ਉਚ ਪੁਲਿਸ ਅਧਿਕਾਰੀ ਦਾ ਰਿਸ਼ਤੇਦਾਰ ਦੱਸਦਾ ਸੀ। ਸਤੀਸ਼ ਕੁਮਾਰ ਨੇ ਉਨ੍ਹਾਂ ਤੋਂ ਪੁਲਿਸ ਭਰਤੀ ਦੇ ਨਾਂਅ ’ਤੇ ਲੱਖਾਂ ਰੁਪਏ ਲਏ ਅਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਸੈਕਟਰ 9 ਚੰਡੀਗੜ੍ਹ ਵੱਲੋਂ ਜਾਰੀ ਨਿਯੁਕਤੀ ਪੱਤਰ ਵੀ ਦੇ ਦਿੱਤੇ, ਪਰ ਜਦ ਉਨ੍ਹਾਂ ਦੀ ਜੁਆਇਨਿੰਗ ਨਾ ਹੋਈ ਤਾਂ ਇਸ ਠੱਗੀ ਦਾ ਭੇਦ ਖੁੱਲ੍ਹਿਆ। ਠੱਗੀ ਦਾ ਸ਼ਿਕਾਰ ਨੌਜਵਾਨਾਂ ਨੇ ਦੱਸਿਆ ਕਿ ਸਤੀਸ਼ ਕੁਮਾਰ ਐਤਵਾਰ ਦੇ ਦਿਨ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਕੋਲ ਲੈ ਗਿਆ। ਮੈਡੀਕਲ ਟੈਸਟ ਕਰਵਾਉਣ ਦੇ ਨਾਂਅ ’ਤੇ ਪਿਸ਼ਾਬ ਦੀਆਂ ਸ਼ੀਸ਼ੀਆਂ ਭਰ ਕੇ ਅੰਦਰ ਦੇ ਕੇ ਆਉਣ ਦਾ ਡਰਾਮਾ ਕਰਨ ਲੱਗਿਆ ਅਤੇ ਉਨ੍ਹਾਂ ਨੂੰ ਬਾਹਰ ਖੜ੍ਹਾ ਕਰ ਦਿੱਤਾ। ਕਹਿਣ ਲੱਗਿਆ ਕਿ ਇਸ ਦੀ ਰਿਪੋਰਟ ਕੁਝ ਦਿਨਾਂ ਵਿਚ ਆਵੇਗੀ। ਸਤੀਸ਼ ਕੁਮਾਰ ਨੇ ਚੰਡੀਗੜ੍ਹ ਬੁਲਾ ਕੇ ਖੁਦ ਹੀ ਵੈਰੀਫਿਕੇਸ਼ਨ ਦੇ ਸਰਟੀਫਿਕੇਟ ਤਿਆਰ ਕਰਕੇ ਭਰ ਲਏ, ਜਿਸ ਦੇ ਬਾਅਦ ਉਨ੍ਹਾਂ ਨੂੰ ਡੀਜੀਪੀ ਪੰਜਾਬ ਦੇ ਲੋਗੋ ਵਾਲਾ ਨਿਯੁਕਤੀ ਪੱਤਰ ਭੇਜਿਆ ਗਿਆ ਅਤੇ ਕੁਝ ਦਿਨਾਂ ਵਿਚ ਹੀ ਜੁਆਇਨਿੰਗ ਕਰਵਾਉਣ ਦਾ ਵਿਸ਼ਵਾਸ਼ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵਿਚ ਭਰਤੀ ਹੋਣ ਦੀ ਖੁਸ਼ੀ ਵਿਚ ਉਨ੍ਹਾਂ ਨੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਪਾਰਟੀ ਵੀ ਕੀਤੀ, ਪਰ ਬਾਅਦ ਵਿਚ ਪਤਾ ਲੱਗਿਆ ਕਿ ਉਨ੍ਹਾਂ ਨਾਲ ਠੱਗੀ ਵੱਜੀ ਹੈ। ਉਨ੍ਹਾਂ ਪੁਲਿਸ ਵਿਚ ਭਰਤੀ ਹੋਣ ਲਈ ਘਰ ਦੀਆਂ ਜ਼ਰੂਰੀ ਚੀਜਾਂ ਵੇਚ ਕੇ ਪੈਸੇ ਇਕੱਠੇ ਕੀਤੇ ਸਨ। ਪੀੜਤ ਨੌਜਵਾਨਾਂ ਮੁਤਾਬਿਕ ਪਿੰਡ ਟਾਂਡੀਆਂ ਦਾ ਧਰਮਿੰਦਰ ਸਿੰਘ ਇੱਕ ਕੇਸ ਵਿਚ ਜੇਲ੍ਹ ਵਿਚ ਸੀ, ਜਿਸ ਦੀ ਉਥੇ ਸਤੀਸ਼ ਕੁਮਾਰ ਨਾਮੀ ਵਿਅਕਤੀ ਨਾਲ ਮੁਲਾਕਾਤ ਹੋਈ, ਜੋ ਜੇਲ੍ਹ ਵਿਚੋਂ ਸਜ਼ਾ ਭੁਗਤ ਕੇ 24 ਦਸੰਬਰ ਨੂੰ ਬਾਹਰ ਆ ਗਿਆ ਸੀ। ਧਰਮਿੰਦਰ ਸਿੰਘ ਨੇ ਆਪਣੇ ਛੋਟੇ ਭਰਾ ਜਸਵਿੰਦਰ ਸਿੰਘ ਤੇ ਹੋਰਨਾਂ ਨੂੰ ਦੱਸਿਆ ਕਿ ਉਸ ਦੀ ਇੱਕ ਅਜਿਹੇ ਵਿਅਕਤੀ ਨਾਲ ਜਾਣ-ਪਹਿਚਾਣ ਹੋਈ ਹੈ ਜੋ ਕਿਸੇ ਉਚ ਪੁਲਿਸ ਅਧਿਕਾਰੀ ਦਾ ਰਿਸ਼ਤੇਦਾਰ ਹੈ। ਉਹ ਮਿੰਟੋ-ਮਿੰਟੀ ਪੁਲਿਸ ਵਿਚ ਭਰਤੀ ਕਰਵਾ ਸਕਦਾ ਹੈ। ਇਸ ਝਾਂਸੇ ਵਿਚ ਆ ਕੇ ਨੌਜਵਾਨਾਂ ਨੇ ਲੱਖਾਂ ਰੁਪਏ ਸਤੀਸ਼ ਕੁਮਾਰ ਨੂੰ ਦੇ ਦਿੱਤੇ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਲਾਈਨ ਵਿਚ ਭਰਤੀ ਲਈ ਟਰਾਇਲ ਦੌਰਾਨ ਸਤੀਸ਼ ਕੁਮਾਰ ਪੁਲਿਸ ਲਾਈਨ ਵਿਚ ਸ਼ਾਮਲ ਹੋਇਆ ਅਤੇ ਉਸ ਨੇ ਕਿਹਾ ਕਿ ਉਹ ਸਿਰਫ਼ ਪੁਲਿਸ ਦੇ ਟਰਾਇਲ ਪਾਸ ਕਰਨ ਤੇ ਬਾਕੀ ਦੀ ਜ਼ਿੰਮੇਵਾਰੀ ਉਸ ਦੀ ਹੋਵੇਗੀ। ਮੈਡੀਕਲ ਅਤੇ ਜੁਆਇਨਿੰਗ ਉਹ ਆਪਣੇ-ਆਪ ਕਰਵਾਵੇਗਾ। ਐਸਐਸਪੀ ਪਰਮਬੀਰ ਸਿੰਘ ਪਰਮਾਰ ਨੇ ਕਿਹਾ ਕਿ ਪੁਲਿਸ ਵਿਚ ਭਰਤੀ ਦੇ ਨਾਂਅ ’ਤੇ ਠੱਗੀ ਦਾ ਸ਼ਿਕਾਰ ਹੋਏ ਕੁਝ ਨੌਜਵਾਨਾਂ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲੀ ਹੈ, ਜਿਸ ਦੀ ਜਾਂਚ ਡੀਐਸਪੀ ਨੂੰ ਦੇ ਦਿੱਤੀ ਹੈ। ਜਾਂਚ ਤੋਂ ਬਾਅਦ ੁਪੁਲਿਸ ਇਸ ’ਤੇ ਕਾਰਵਾਈ ਕਰੇਗੀ। ਦਲਿਤ ਦਾਸਤਾਂ ਵਿਰੋਧੀ ਅੰਦੋਲਨ ਦੇ ਆਗੂ ਜਗਸੀਰ ਸਿੰਘ ਸੀਰਾ ਨੇ ਕਿਹਾ ਕਿ ਪੁਲਿਸ ਭਰਤੀ ਦੇ ਨਾਂਅ ’ਤੇ ਗਰੀਬ ਅਤੇ ਦਲਿਤ ਬੱਚਿਆਂ ਨਾਲ ਠੱਗੀ ਵੱਜੀ। ਪੁਲਿਸ ਨੂੰ ਫੌਰੀ ਇਸ ’ਤੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ’ਤੇ ਕੋਈ ਗੌਰ ਨਾ ਹੋਈ ਤਾਂ ਉਨ੍ਹਾਂ ਦੀ ਜਥੇਬੰਦੀ ਇਸ ਨੂੰ ਲੈ ਕੇ ਸੰਘਰਸ਼ ਵਿੱਢੇਗੀ।