ਪਕਿਸਤਾਨ ਵੱਲੋਂ ਸਰਹੱਦ ਨੇੜਲੇ ਜੰਗੀ ਹਵਾਈ ਅੱਡੇ ਸਰਗਰਮ

ਪਾਕਿ ਜੰਗੀ ਜਹਾਜ਼ਾਂ ਨੇ ਸਿਆਚਿਨ ਨੇੜੇ ਭਰੀਆਂ ਉਡਾਨਾਂ
image ਇਸਲਾਮਾਬਾਦ/ਨਵੀਂ ਦਿੱਲੀ, 24 ਮਈ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਨੇ ਜੰਗੀ ਮਾਹੌਲ ਭੜਕਾਉਣ ਲਈ ਸਰਹੱਦ ਨੇੜਲੇ ਆਪਣੇ ਜੰਗੀ ਜਹਾਜ਼ਾਂ ਦੇ ਅੱਡਿਆਂ ਨੂੰ ਸਰਗਰਮ ਕਰ ਦਿੱਤਾ ਹੈ। ਬੁੱਧਵਾਰ ਨੂੰ ਪਾਕਿਸਤਾਨ ਦੇ ਜੰਗੀ ਜਹਾਜ਼ਾਂ ਨੇ ਵਿਵਾਦ ਵਾਲੇ ਸਿਆਚਿਨ ਗਲੇਸ਼ੀਅਰ ਖੇਤਰ ਵਿੱਚ ਇਤਰਾਜ਼ਯੋਗ ਤਰੀਕੇ ਨਾਲ ਉਡਾਨਾ ਭਰੀਆਂ। ਬੇਸ਼ੱਕ ਭਾਰਤੀ ਹਵਾਈ ਫੌਜ ਨੇ ਇਸ ਗੱਲ ਦਾ ਖੰਡਣ ਕੀਤਾ ਹੈ ਕਿ ਪਾਕਿਸਤਾਨ ਦੇ ਜੰਗੀ ਜਹਾਜ਼ਾਂ ਨੇ ਭਾਰਤ ਦੇ ਹਵਾਈ ਖੇਤਰ ਦਾ ਕੋਈ ਉਲੰਘਣ ਨਹੀਂ ਕੀਤਾ। ਪਾਕਿਸਤਾਨ ਦੇ ਇੱਕ ਟੀਵੀ ਚੈਨਲ ਮੁਤਾਬਿਕ ਪਾਕਿਸਤਾਨ ਏਅਰ ਫੋਰਸ ਦੇ ਜੰਗੀ ਜਹਾਜ਼ਾਂ ਨੇ ਬੁੱਧਵਾਰ ਸਵੇਰੇ ਸਿਆਚਿਨ ਗਲੇਸ਼ੀਅਰ ਖੇਤਰ ਵਿੱਚ ਉਡਾਨਾ ਭਰੀਆਂ। ਚੈਨਲ ਨੇ ਸੂਤਰਾਂ ਮੁਤਾਬਿਕ ਇਹ ਵੀ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਏਅਰਫੋਰਸ ਨੇ ਸਰਹੱਦੀ ਖੇਤਰ ਦੇ ਹਵਾਈ ਅੱਡਿਆਂ ਨੂੰ ਪੂਰੀ ਤਰ੍ਹਾਂ ਆਪ੍ਰੇਸ਼ਨਲ ਕਰ ਦਿੱਤਾ ਹੈ। ਇਹ ਰਿਪੋਰਟ ਉਸ ਵੇਲੇ ਆਈ ਹੈ ਜਦੋਂ ਭਾਰਤ ਵੱਲੋਂ ਨੋਸ਼ਹਿਰਾ ਖੇਤਰ ਵਿੱਚ ਪਾਕਿਸਤਾਨ ਦੀਆਂ ਕੁਝ ਚੌਕੀਆਂ ਤਬਾਹ ਕਰਨ ਦਾ ਦਾਅਵਾ ਕੀਤਾ ਗਿਆ ਹੈ। ਬੀਤੇ ਕੱਲ੍ਹ ਭਾਰਤੀ ਫੌਜ ਨੇ ਇਸ ਸਬੰਧੀ ਵੀਡੀਓ ਵੀ ਜਾਰੀ ਕੀਤਾ ਸੀ। ਪਾਕਿਸਤਾਨ ਦੇ ਹਵਾਈ ਸੈਨਾ ਮੁਖੀ ਮਾਰਸ਼ਲ ਸੁਹੇਲ ਅਮਾਨ ਅੱਜ ਖੁਦ ਸਰਹੱਦ ਨੇੜਲੇ ਸੁਕਾਰਦੂ ਹਵਾਈ ਅੱਡੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਖੁਦ ਮਰਾਜ ਜੈੱਟ ਜਹਾਜ਼ ਉਡਾਇਆ। ਪਾਕਿਸਤਾਨ ਤੋਂ ਮਿਲੀਆਂ ਖਬਰਾਂ ਮੁਤਾਬਿਕ ਹਵਾਈ ਸੈਨਾਮੁਖੀ ਇਸ ਦੌਰਾਨ ਜੰਗੀ ਪਾਇਲਟਾਂ ਅਤੇ ਤਕਨੀਕੀ ਸਟਾਫ ਨੂੰ ਮਿਲੇ। ਪਾਕਿਸਤਾਨੀ ਜਹਾਜ਼ਾਂ ਨੇ ਉੱਚੀਆਂ ਅਤੇ ਨੀਵੀਆਂ ਉਡਾਨਾਂ ਭਰੀਆਂ ਦੱਸੀਆਂ ਜਾ ਰਹੀਆਂ ਹਨ। ਸਿਆਚਿਨ ਗਲੇਸ਼ੀਅਰ ਸੰਸਾਰ ਦਾ ਸਭ ਤੋਂ ਉੱਚਾ ਜੰਗੀ ਖੇਤਰ ਹੈ।

Send this to a friend