ਬਠਿੰਡਾ, 16 ਸਤੰਬਰ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ)-ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਸਿਵੀਆਂ ਵਿੱਚ ਕੁੱਝ ਵਿਅਕਤੀਆਂ ਨੇ ਨਾ ਕੇਵਲ ਇੱਕ ਪਤੀ ਪਤਨੀ ਦੇ ਨਾਲ ਕੁੱਟ ਮਾਰ ਕੀਤੀ ਬਲਕਿ ਉਕਤ ਦਾ ਮੂੰਹ ਕਾਲਾ ਕਰਕੇ ਉਨ੍ਹਾਂ ਨੂੰ ਪਿੰਡ ਵਿੱਚ ਦੀ ਘੁਮਾਇਆ। ਬਾਅਦ ਵਿੱਚ ਪੁਲਿਸ ਨੇ ਮੌਕੇ ਤੇ ਪਹੁੰਚਕੇ ਉਕਤ ਪਤੀ ਪਤਨੀ ਨੂੰ ਲੋਕਾਂ ਦੇ ਚੁੰਗਲ ਵਿੱਚੋਂ ਛੁੜਵਾਇਆ। ਉਕਤ ਕੁੱਟ ਮਾਰ ਕਰਨ ਵਾਲੇ ਵਿਅਕਤੀਆਂ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਨੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਲੜਕੀ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ ਕੀਤੀ ਸੀ ਅਤੇ ਉਸ ਤੋਂ ਬਾਅਦ ਪਿੰਡ ਵਿਚੋਂ ਫਰਾਰ ਹੋ ਗਏ ਸੀ। ਪਤਾ ਚੱਲਿਆ ਹੈ ਕਿ ਪੀੜ੍ਹਤ ਵਿਅਕਤੀ ਕੁਝ ਸਮਾਂ ਪਹਿਲਾਂ ਪਿੰਡ ਸਿਵੀਆਂ ਵਿਚ ਆਏ ਸੀ ਅਤੇ ਉਸ ਸਮੇਂ ਵੀ ਇਨ੍ਹਾਂ ਲੋਕਾਂ ਨੇ ਉਸ ਦੇ ਨਾਲ ਕੁੱਟ ਮਾਰ ਕਰਕੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ, ਪਰੰਤੂ ਪੁਲਿਸ ਦੇ ਕੋਲ ਸ਼ਿਕਾਇਤ ਨਾ ਹੋਣ ਦੇ ਕਾਰਣ ਉਨ੍ਹਾਂ ਨੂੰ ਛੱਡ ਦਿੱਤਾ ਸੀ। ਹੁਣ ਪਿੰਡ ਵਿੱਚ ਫਿਰ ਆਏ ਤਾਂ ਉਕਤ ਲੋਕਾਂ ਨੇ ਸਵੇਰੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਘਰ ਵਿੱਚੋਂ ਫੜ੍ਹਕੇ ਦੋਨਾਂ ਦੀ ਕੁੱਟ ਮਾਰ ਕੀਤੀ। ਇਹੋ ਹੀ ਨਹੀਂ ਬਾਅਦ ਵਿੱਚ ਉਕਤ ਵਿਅਕਤੀ ਦਾ ਮੂੰਹ ਕਾਲਾ ਕਰਕੇ ਪਿੰਡ ਵਿੱਚ ਘੁਮਾਇਆ ਗਿਆ। ਪਤਾ ਲੱਗਣ ਤੇ ਥਾਣਾ ਨੇਹੀਆਵਾਲਾ ਪੁਲਿਸ ਨੇ ਮੌਕੇ ਤੇ ਪਹੁੰਚਕੇ ਦੋਨਾਂ ਨੂੰ ਲੋਕਾਂ ਦੇ ਚੁੰਗਲ ਤੋਂ ਛੁੜਵਾਇਆ । ਥਾਣਾ ਨੇਹੀਆਵਾਲਾ ਪੁਲਿਸ ਇਨਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।