ਬੋਹਾ, 21 ਮਈ (ਸੰਤੋਖ ਸਾਗਰ)-ਬੋਹਾ ਵਿੱਚ ਕੈਂਸਰ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਇੱਕ ਹਫਤੇ ਦੇ ਵਿੱਚ ਵਿੱਚ ਕੈਂਸਰ ਨੇ ਦੋ ਕੀਮਤੀ ਜਾਨਾਂ ਨਿਗਲ ਲਈਆਂ ਹਨ।ਸੁਖਵਿੰਦਰ ਸਿੰਘ (50) ਅੱਜ ਕੈਂਸਰ ਦੀ ਬੀਮਾਰੀ ਕਾਰਨ ਸਵਰਗ ਸਧਾਰ ਗਿਆ ਹੈ। ਅਜੇ ਹਫਤਾ ਵੀ ਨਹੀ ਹੋਇਆ ਕਿ 6 ਦਿਨ ਪਹਿਲਾਂ 15 ਮਈ ਨੂੰ ਬੋਹਾ ਨਿਵਾਸੀ ਪਲਵਿੰਦਰ ਕੌਰ ਵੀ ਕੈਂਸਰ ਦੀ ਬੀਮਾਰੀ ਦੀ ਭੇਂਟ ਚੜ ਗਈ ਸੀ। ਸੁਖਵਿੰਦਰ ਸਿੰਘ ਅਪਣੇ ਪਿੱਛੇ ਪਰਿਵਾਰ ਵਿੱਚ ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਾੜ ਕਢਵਾਉਣ ਤੋਂ ਬਾਅਦ ਸੁਖਵਿੰਦਰ ਸਿੰਘ ਦੇ ਮੂੰਹ ਵਿੱਚ ਜਖਮ ਬਣ ਗਏ ਅਤੇ ਜੋ ਬਾਅਦ ਵਿੱਚ ਮੂੰਹ ਦਾ ਜਖਮ ਕੈਂਸਰ ਦਾ ਰੂਪ ਧਾਰਨ ਕਰ ਗਿਆ।ਉਹਨਾਂ ਕਿਹਾ ਜਦੋਂ ਹੀ ਸਾਨੂੰ ਇਸ ਗੰਭੀਰ ਬੀਮਾਰੀ ਦਾ ਪਤਾ ਲੱਗਿਆ ਤਾਂ ਉਸੇ ਸਮੇ ‘ਹੋਮੀ ਭਾਵਾ ਕੈਂਸਰ ਹਸਪਤਾਲ ਸੰਗਰੂਰ’ ਤੋਂ ਸੁਖਵਿੰਦਰ ਸਿੰਘ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ।ਲੱਗਭੱਗ 6 ਮਹੀਨਿਆਂ ਦੇ ਇਲਾਜ ਮਗਰੋਂ ਸੁਖਵਿੰਦਰ ਸਿੰਘ ਜਿੰਦਗੀ ਦੀ ਬਾਜੀ ਕੈਂਸਰ ਹੱਥੋਂ ਹਾਰ ਗਿਆ।ਸਮਾਜ ਸੇਵੀ ਭਾਗ ਸਿੰਘ ਗਰਚਾ, ਜਸਦੀਪਕ ਸਿੰਘ ਨੰਬਰਦਾਰ,ਸ਼ਿੰਦਰ ਸਿੰਘ ਗਾਦੜਪੱਤੀ ਅਤੇ ਜੋਗਿੰਦਰ ਸਿੰਘ ਭੋਲਾ ਨੇ ਸਿਹਤ ਭਿਵਾਗ ਅਤੇ ਸਿਵਲ ਪ੍ਰਸ਼ਾਸ਼ਨ ਮਾਨਸਾ ਤੋਂ ਮੰਗ ਕੀਤੀ ਹੈ ਕਿ ਸਮੁੱਚੀ ਬੋਹਾ ਵਾਸੀਆਂ ਦੀ ਬੀਮਾਰੀਆਂ ਦੇ ਪੱਖ ਤੋਂ ਜਾਂਚ ਹੋਣੀ ਚਾਹੀਦੀ ਹੈ ਅਤੇ ਪਿੰਡ ਵਿੱਚ ਸਿਹਤ ਸੇਵਾਵਾਂ ਦੇ ਵਿਸ਼ੇਸ ਕੈਂਪ ਲਗਾਕੇ ਕੈਂਸਰ ਰੋਗ ਦੀ ਰੋਕਥਾਮ ਬਾਰੇ ਦੱਸਿਆ ਜਾਵੇ।ਸਮਾਜ ਸੇਵੀ ਕਾਲਾ ਸਿੰਘ ਸੈਦੇਵਾਲਾ ਨੇ ਦੱਸਿਆ ਕਿ ਮਿੱਠ ਬੋਲੜੇ ਸੁਭਾਅ ਦੇ ਮਾਲਕ, ਮਿਹਨਤੀ ਕਾਮੇ ਸੁਖਵਿੰਦਰ ਸਿੰਘ ਦੀ ਮੌਤ ਦੀ ਖਬਰ ਸੁਣਕੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।