ਨੂਰਪੁਰਬੇਦੀ, 17 ਮਈ (ਬਲਜਿੰਦਰ ਸਿੱਧੂ, ਕਮਲਜੀਤ ਢੀਂਡਸਾ, ਜੀਵਨ ਲਖਣੋ, ਹਰਜੀਤ ਗਿੱਲ)- ਬੇਸ਼ੱਕ ਪੂਰੇ ਜ਼ਿਲੇ ਦੇ ਹੋਰ ਕਿਸੇ ਵੀ ਥਾਣੇਦਾਰ ਦੀ ਬਦਲੀ ਨਹੀਂ ਹੋਈ ਪ੍ਰੰਤੂ ਬੀਤੇ ਦਿਨ ਪੁਲਿਸ ਥਾਣਾ ਨੂਰਪੁਰਬੇਦੀ ਦੇ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੈਣੀ ਦਾ ਇਕ ਦਮ ਤਬਾਦਲਾ ਕਰਨਾ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਲੋਕਾਂ ਦਾ ਕਹਿਣਾ ਹੈ ਕਿ ਗੁਰਦੀਪ ਸਿੰਘ ਇਕ ਕਾਬਿਲ, ਇਮਾਨਦਾਰ ਤੇ ਇਨਸਾਫ ਪਸੰਦ ਅਫਸਰ ਸਨ , ਜਿਨਾਂ ਨੇ ਇਲਾਕੇ ’ਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਿਰ ਤੋੜ ਯਤਨ ਕੀਤੇ ਤੇ ਮੋਟਰ ਸਾਈਕਲਾ ਦੇ ਪਟਾਕੇ ਵਜਾਉਂਣ ਵਾਲੇ ਸਰਗਰਮ ਮਨਚਲੇ ਨੌਜਵਾਨਾਂ ਨੂੰ ਪੂਰੀ ਤਰਾਂ ਨੱਥ ਪਾਈ । ਗੁਰਦੀਪ ਸਿੰਘ ਦੇ ਤਬਾਦਲੇ ਦਾ ਕਾਰਨ ਬੀਤੇ ਦਿਨੀਂ ਪਿੰਡ ਬਾਹਮਣ ਮਾਜਰਾ ਦੇ ਦੇਸਰਾਜ ਮੱਲ ਦਾ ਕਤਲ ਕਰਨ ਵਾਲੇ ਮੁੱਖ ਸਰਗਣੇ ਤੇ ਗੈਂਗਸਟਰ ਦਿਲਪ੍ਰੀਤ ਨੂੰ ਅਜੇ ਤਾਂਈਂ ਨਾ ਫੜਿਆ ਜਾਣਾ ਮੰਨਿਆ ਜਾ ਰਿਹਾ ਹੈ। ਸੂਝਵਾਨ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਦੇਸਰਾਜ ਮੱਲ ਦੇ ਕਤਲ ਕਰਨ ਵਾਲੇ ਗੈਂਗਸਟਰਾਂ ਨੂੰ ਫੜਨ ਲਈ ਚਾਰ ਜ਼ਿਲਿਆਂ ਦੀ ਪੁਲਿਸ ਤਾਇਨਾਤ ਕਰਨ ਉਪਰੰਤ ਵੀ ਜ਼ਿਲਾ ਪੁਲਿਸ ਦੇ ਪੱਲੇ ਕੁੱਝ ਵੀ ਨਹੀਂ ਪਿਆ ਤਾਂ ਇਨਾਂ ਕਾਤਲਾਂ ਨੂੰ ਫੜਨ ਲਈ ਇਕੱਲਾ ਸਥਾਨਕ ਥਾਣਾ ਮੁਖੀ ਨੂੰ ਜਿੰਮੇਵਾਰ ਠਹਿਰਾ ਕੇ ਉਸ ਦਾ ਤਬਾਦਲਾ ਕਰਨ ਉਚਿਤ ਨਹੀਂ ਜਦਕਿ ਉਸ ਵਲੋਂ ਇਨਾਂ ਗੈਂਗਸਟਰਾਂ ਨੂੰ ਫੜਨ ਲਈ ਕਤਲ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਥਾਈਂ ਪੁਲਿਸ ਨਾਕੇ ਲਾ ਕੇ ਦਿਨ-ਰਾਤ ਸਰਗਰਮੀ ਵਾਲੀ ਭੂਮਿਕਾ ਅਦਾ ਕੀਤੀ ਗਈ। ਦੱਸਣਯੋਗ ਹੈ ਕਿ ਗੁਰਦੀਪ ਸਿੰਘ ਦੀ ਥਾਂ ਨੂਰਪੁਰਬੇਦੀ ਥਾਣੇ ਦਾ ਚਾਰਜ ਨਵੇਂ ਥਾਣਾ ਮੁਖੀ ਕੁਲਵੀਰ ਸਿੰਘ ਸੰਧੂ ਨੇ ਸੰਭਾਲ ਲਿਆ ਹੈ।
ਇਨਸਾਫ ਪਸੰਦ ਥਾਣਾ ਮੁਖੀ ਦਾ ਤਬਾਦਲਾ ਬਣਿਆ ਲੋਕਾਂ ’ਚ ਚਰਚਾ ਦਾ ਵਿਸ਼ਾ



