ਅਕਾਲੀ ਆਪਣੀਆਂ ਗਲਤੀਆਂ ਨੂੰ ਸੱਚ ਸਾਬਤ ਕਰਨਾ ਬੰਦ ਕਰਨ
ਚੰਡੀਗੜ੍ਹ, 17 ਮਈ (ਬਲਜੀਤ ਸਿੰਘ ਬਰਾੜ)- ਅਕਾਲੀ ਆਪਣੀਆਂ ਗਲਤੀਆਂ ਨੂੰ ਸੱਚ ਸਾਬਤ ਕਰਨਾ ਬੰਦ ਕਰਨ ਅਤੇ ਸਮੂਹ ਖੇਤਰਾਂ ਵਿੱਚ ਸੂਬੇ ਦੇ ਵਿਕਾਸ ਦੇ ਮੁੱਦੇ ’ਤੇ ਕਾਂਗਰਸ ਸਰਕਾਰ ਨੂੰ ਘੇਰਨ ਤੋਂ ਗੁਰੇਜ਼ ਕਰਨ ਕਿਉਂਕਿ ਉਨ੍ਹਾਂ ਦੇ ਇੱਕ ਦਹਾਕੇ ਚੱਲੀ ਹਕੂਮਤ ਨੂੰ ਕੇਂਦਰੀ ਸ਼ਹਿਰੀ ਵਿਕਾਸ, ਮਕਾਨ ਉਸਾਰੀ ਅਤੇ ਸ਼ਹਿਰੀ ਗਰੀਬੀ ਹਟਾਉ ਮੰਤਰਾਲੇ ਨੇ ਸੱਚ ਦਾ ਸ਼ੀਸ਼ਾ ਵਿਖਾ ਦਿੱਤਾ ਹੈ।ੂ ਅੱਜ ਇੱਥੇ ਇਹ ਖੁਲਾਸਾ ਕਰਦੇ ਹੋਏ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਕੇਂਦਰੀ ਮੰਤਰੀ ਸ੍ਰੀ ਵੈਂਕਈਆ ਨਾਇਡੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਇੱਕ ਪੱਤਰ ਵਿੱਚ ਸੂਬੇ ਦੀਆਂ ਸ਼ਹਿਰੀ ਸਥਾਨਕ ਸਰਕਾਰਾਂ ਨੂੰ ਕੇਂਦਰੀ ਅਤੇ ਸੂਬਾਈ ਫੰਡ ਜਾਰੀ ਕਰਨ ਦੇ ਮਾਮਲੇ ਵਿੱਚ ਘੋਰ ਵਿੱਤੀ ਬੇਨਿਯਾਮੀਆਂ ਵੱਲ ਇਸ਼ਾਰਾ ਕੀਤਾ ਗਿਆ ਹੈ। ਬੀਤੀ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਹੋਏ ਸ. ਸਿੱਧੂ ਨੇ ਕਿਹਾ ਕਿ ਇਸ ਪੱਤਰ ਅਨੁਸਾਰ ਨਾ ਸਿਰਫ ਬੀਤੀ ਸੂਬਾ ਸਰਕਾਰ ਵੱਲੋਂ ਆਪਣਾ ਹਿੱਸਾ ਜਾਰੀ ਨਹੀਂ ਕੀਤਾ ਗਿਆ ਸਗੋਂ ਕੇਂਦਰ ਦਾ ਹਿੱਸਾ ਜਾਰੀ ਕਰਨ ਵਿੱਚ ਵੀ ਕਾਫ਼ੀ ਦੇਰੀ ਕੀਤੀ ਗਈ। ਸ. ਸਿੱਧੂ ਨੇ ਕਿਹਾ ਕਿ ਕੇਂਦਰੀ ਮੰਤਰਾਲੇ ਅਨੁਸਾਰ ਸ਼ਹਿਰੀ ਸਥਾਨਕ ਸਰਕਾਰਾਂ ਵਿੱਚ ਮਾਹਿਰਾਂ ਦੀ ਨਿਯੁਕਤੀ ਦੀ ਫੰਡਿੰਗ ਉਸ ਵੱਲੋਂ ਕੀਤੀ ਜਾਂਦੀ ਹੈ ਪਰ ਸਾਬਕਾ ਸਰਕਾਰ ਨੇ ਇਨ੍ਹਾਂ ਨੂੰ ਭਰਮ ਵਿੱਚ ਕੋਈ ਰੁਚੀ ਨਹੀਂ ਦਿਖਾਈ ਜਿਸਦਾ ਬੀਤੀ ਸਰਕਾਰ ਵੱਲੋਂ ਜਵਾਬ ਦੇਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਨੈਤਿਕਤਾ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੀ ਅਤੇ ਮੌਜੂਦਾ ਕਾਂਗਰਸ ਸਰਕਾਰ ਦੇ ਲੋਕ ਪੱਖੀ ਏਜੰਡੇ ਨੂੰ ਨਿੰਦਣ ਵਾਲੀ ਬੀਤੀ ਸਰਕਾਰ ਦੇ ਬੁਲਾਰੇ ਹੁਣ ਆਪਣੀਆਂ ਗਲਤੀਆਂ ਬਾਰੇ ਕੀ ਕਹਿਣਗੇ। ਪਿਛਲੀ ਹਕੂਮਤ ਦੇ ਹੋਰ ਪਾਜ ਉਘੇੜਦਿਆਂ ਸ. ਸਿੱਧੂ ਨੇ ਕਿਹਾ ਕਿ ਅਕਾਲੀ ਸਮਾਰਟ ਸਿਟੀ ਮਿਸ਼ਨ ਦਾ ਰਾਗ ਅਲਾਪਦੇ ਰਹੇ ਪਰ ਸੱਚ ਤਾਂ ਇਹ ਹੈ ਕਿ ਇਸ ਤਹਿਤ ਅਜੇ ਤੱਕ ਕਿਸੇ ਵੀ ਪ੍ਰੋਜੈਕਟ ਦਾ ਟੈਂਡਰ ਨਹੀਂ ਕੀਤਾ ਗਿਆ ਅਤੇ ‘ ਅਮਰੁਤ ’ ਮਿਸ਼ਨ ਨੂੰ ਲਾਗੂ ਕਰਨ ਵਿਚ ਦੇਰੀ ਕੀਤੀ ਗਈ।
ਨਵਜੋਤ ਸਿੰਘ ਸਿੱਧੂ ਵੱਲੋਂ ਅਕਾਲੀ-ਭਾਜਪਾ ਸਰਕਾਰ ’ਤੇ ਗੰਭੀਰ ਆਰਥਿਕ ਬੇਨਿਯਮੀਆਂ ਦਾ ਦੋਸ਼



