ਸੰਗਰੂਰ, 11 ਮਈ (ਹਰਜੀਤ ਸਿੰਘ ਹਸਨਪੁਰੀ)- ਅੱਜ ਸਟੇਟ ਬੈਂਕ ਆਫ ਇੰਡੀਆ, ਲੀਡ ਬੈਂਕ ਵਲੋਂ ਸੰਗਰੂਰ ਜਿਲ੍ਹੇ ਦੀ 170 ਵੀਂ ਜ਼ਿਲਾ ਸਲਾਹਕਾਰ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਾਲ 2016-17 ਦੀ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਬੈਠਕ ਨੂੰ ਜਾਣੂ ਕਰਵਾਇਆ ਗਿਆ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਵਿਰਕ ਨੇ ਸਾਰੇ ਬੈਂਕਾਂ ਨੂੰ ਮਿੱਥੇ ਸਮੇਂ ਵਿੱਚ ਸਰਕਾਰੀ ਸਕੀਮਾਂ ਤਹਿਤ ਸਪਾਂਸਰ ਕੀਤੇ ਗਏ ਕੇਸਾਂ ਦਾ ਨਿਪਟਾਰਾ ਕਰਨ ਦੀ ਹਦਾਇਤ ਦਿੱਤੀ ਅਤੇ ਬੈਕਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਕੋਈ ਵੀ ਅਣਗਹਿਲੀ ਨਾ ਕਰਨ ਦੇ ਆਦੇਸ਼ ਦਿੱਤੇ।ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਸ਼੍ਰੀ ਐਸ. ਪੀ. ਐਸ. ਕੋਹਲੀ, ਚੀਫ ਮੈਨੇਜਰ, ਲੀਡ ਬੈਂਕ ਸੰਗਰੂਰ ਨੇ ਦੱਸਿਆ ਕਿ ਸਾਲ 2016-17 (ਤਿਮਾਹੀ ਮਾਰਚ 2017) ਤੱਕ ਬੈਂਕਾਂ ਨੇ ਤਰਜੀਹੀ ਖੇਤਰ ਵਿੱਚ 6912 ਕਰੋੜ ਰੁਪਏ ਦੇ ਕਰਜ਼ੇ ਵੰਡੇ ਜਿਸ ਵਿੱਚ ਸਭ ਤੋਂ ਜ਼ਿਆਦਾ ਖੇਤੀਬਾੜੀ ਦੇ ਖੇਤਰ ਵਿੱਚ 5676 ਕਰੋੜ ਰੁਪਏ ਦੇ ਕਰਜ਼ੇ ਵੰਡੇ । ਸੰਗਰੂਰ ਜ਼ਿਲੇ ਦੀ ਜਮਾਂ ਰਾਸ਼ੀ 2016-17 ( ਤਿਮਾਹੀ ਮਾਰਚ 2017) ਤੱਕ 11536 ਕਰੋੜ ਰੁਪਏ ਅਤੇ ਕਰਜਿਆਂ ਦੀ ਰਾਸ਼ੀ 8004 ਕਰੋੜ ਰੁਪਏ ਹੋ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਿਜ਼ਰਵ ਬੈਂਕ ਵੱਲੋਂ ਦਿੱਤੇ ਗਏ ਤਰਜੀਹੀ ਖੇਤਰ ਵਿੱਚ (ਤਿਮਾਹੀ ਮਾਰਚ 2017) ਕਰਜਿਆਂ ਦੇ ਟੀਚੇ ਪੂਰੇ ਕਰ ਲਏ ਗਏ ਹਨ ਜਿਹਨਾਂ ਵਿਚੋਂ ਕਮਜ਼ੋਰ ਵਰਗ,ਪੱਛੜੀ ਸ਼੍ਰੇਣੀਆਂ ਅਤੇ ਘੱਟ ਗਿਣਤੀ ਤਬਕੇ ਨੂੰ ਲੋਨ ਦੇਣ ਦੇ ਟੀਚੇ ਵੀ ਪੂਰੇ ਕੀਤੇ ਗਏ ਹਨ । ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਰਜਿੰਦਰ ਸਿੰਘ ਬੱਤਰਾ ਤੋਂ ਇਲਾਵਾ ਸ਼੍ਰੀ ਨਦੀਮ ਕੁਰੈਸ਼ੀ, ਏ.ਜੀ.ਐਮ., ਰਿਜ਼ਰਵ ਬੈਂਕ ਆਫ ਇੰਡੀਆ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋ ਪਹਿਲਾਂ ਜਿਲ਼ੇ ਵਿੱਚ ਬੈਕਾਂ ਦੀ ਸੁਰੱਖਿਆ ਸਬੰਧੀ ਤਿਮਾਹੀ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਸ਼੍ਰੀ ਸੰਦੀਪ ਵਡੇਰਾ ਡੀ. ਐਸ. ਪੀ. ਨੇ ਸਾਰੇ ਬੈਕਾਂ ਨੂੰ ਸੁਰੱਖਿਆ ਸਬੰਧੀ ਮਹੱਤਵਪੂਰਣ ਜਾਣਕਾਰੀ ਦਿੱਤੀ ਅਤੇ ਸੀ.ਸੀ.ਟੀ.ਵੀ. ਕੈਮਰੇ, ਏ.ਟੀ.ਐਮ.ਦੀ ਸੁਰੱਖਿਆ,ਅਲਾਰਮ ਆਦਿ ਨੂੰ ਠੀਕ ਰੱਖਣ ਦੀ ਹਦਾਇਤ ਦਿੱਤੀ ਤਾਂਕਿ ਕਿਸੇ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਮੀਟਿੰਗ ਵਿੱਚ ਸ਼੍ਰੀ ਮਾਨਵਪ੍ਰੀਤ ਸਿੰਘ ਡੀ.ਡੀ.ਐਮ. ਨਬਾਰਡ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸੰਗਰੂਰ ਜ਼ਿਲ੍ਹੇ ਦੇ ਸਾਰੇ ਬੈਂਕ ਮਿੱਥੇ ਸਮੇਂ ’ਚ ਸਰਕਾਰੀ ਸਕੀਮਾਂ ਤਹਿਤ ਸਪਾਂਸਰ ਕੇਸਾਂ ਦਾ ਨਿਪਟਾਰਾ ਕਰਨ : ਡੀਸੀ



