ਚੰਡੀਗੜ੍ਹ, 10 ਮਈ (ਬ.ਸ. ਬਰਾੜ)- ਅਮਰਿੰਦਰ ਸਿੰਘ ਸਰਕਾਰ ਦੀਆਂ ਨਿਵੇਸ਼ ਨੂੰ ਆਕ੍ਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਅੱਜ 14 ਆਈ.ਟੀ/ਆਈ.ਟੀ.ਈ.ਐਸ. ਕੰਪਨੀਆਂ ਨੂੰ ਮੋਹਾਲੀ ਵਿਖੇ ਸਥਾਨਾਂ ਦੀ ਅਲਾਟਮੈਂਟ ਦੇ ਲਈ ਸਹਿਮਤੀ ਮਿਲ ਗਈ। ਇਸ ਨਾਲ 750 ਕਰੋੜ ਤੋਂ ਵੱਧ ਦਾ ਨਿਵੇਸ਼ ਹੋਣ ਲਈ ਰਾਹ ਪਧਰਾ ਹੋ ਗਿਆ ਹੈ ਜਿਸ ਦੇ ਨਾਲ ਤਕਰੀਬਨ 1500 ਪੇਸ਼ੇਵਰਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ।ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਪੂਡਾ ਭਵਨ ਵਿਖੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਕੰਪਨੀਆਂ ਦੀਆਂ ਅਰਜੀਆਂ ਦੀ ਪੜਤਾਲ ਕੀਤੀ ਗਈ ਜਿਨ੍ਹਾਂ ਦੀ ਸਲਾਨਾ ਟਰਨਓਵਰ 25 ਕਰੋੜ ਰੁਪਏ ਤੋਂ 1100 ਕਰੋੜ ਰੁਪਏ ਹੈ। ਇਨ੍ਹਾਂ ਕੰਪਨੀਆਂ ਵਿੱਚੋਂ 14 ਕੰਪਨੀਆਂ ਦੀ ਚੋਣ ਆਈ.ਟੀ ਹੱਬ ਵਿਖੇ ਜ਼ਮੀਨ ਅਲਾਟਮੈਂਟ ਕਰਨ ਲਈ ਕੀਤੀ ਗਈ ਹੈ। ਇਸਦੇ ਨਾਲ ਐਸ.ਏ.ਐਸ ਨਗਰ ਮੋਹਾਲੀ ਦੀ ਆਈ.ਟੀ ਸਿਟੀ ਵਿੱਚ ਜ਼ਮੀਨ ਅਲਾਟ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ 46 ਹੋ ਜਾਵੇਗੀ।ਅਰਜੀਆਂ ਦੀ ਪੜਤਾਲ ਕਰਨ ਵਾਲੀ ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਮਕਾਨ ਅਤੇ ਸ਼ਹੀਰੀ ਵਿਕਾਸ, ਵਿੱਤ, ਉਦਯੋਗ, ਆਈ.ਟੀ, ਸਾਇੰਸ ਤੇ ਤਕਨਾਲੋਜੀ ਦੇ ਸਕੱਤਰ, ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ, ਸੋਫਟਵੇਅਰ ਟੈਕਨਾਲੋਜੀ ਪਾਰਕ ਆਫ ਇੰਡੀਆ ਦੇ ਵਧੀਕ ਡਾਇਰੈਕਟਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਸ਼ਾਮਲ ਸਨ।



