ਮਾਨਸਾ, 9 ਮਈ (ਰਮੇਸ਼ ਮਿੱਤਲ)- ਮਾਤਾ-ਪਿਤਾ ਅਤੇ ਸੀਨੀਅਰ ਸੀਟੀਜ਼ਨ ਦੀ ਦੇਖ-ਭਾਲ ਅਤੇ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ, ਤਾਂ ਜੋ ਉਹ ਬੱਚੇ, ਜੋ ਆਪਣੇ ਮਾਤਾ-ਪਿਤਾ ਦੀ ਦੇਖ–ਭਾਲ ਨਹੀਂ ਕਰਦੇ, ਉਨ੍ਹਾਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਸਕੇ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੇ ਮਾਤਾ-ਪਿਤਾ ਅਤੇ ਸੀਨੀਅਰ ਸੀਟੀਜ਼ਨ ਦੀ ਦੇਖ-ਭਾਲ ਅਤੇ ਭਲਾਈ ਲਈ ਐਕਟ ਨੂੰ ਲਾਗੂ ਕਰਨ ਸਬੰਧੀ ਗਠਿਤ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸ਼੍ਰੀ ਗੁਪਤਾ ਨੇ ਕਿਹਾ ਕਿ ਮਾਤਾ-ਪਿਤਾ ਅਤੇ ਬਜ਼ੁਰਗਾਂ ਦੀ ਦੇਖ-ਭਾਲ ਲਈ ਐਕਟ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਬੱਚੇ ਆਪਣੇ ਮਾਤਾ-ਪਿਤਾ ਅਤੇ ਬਜ਼ੁਰਗਾਂ ਦੀ ਦੇਖ-ਭਾਲ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਪਾਬੰਦ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਆਪਣੇ ਮਾਤਾ-ਪਿਤਾ ਪ੍ਰਤੀ ਵਿਵਹਾਰ ਠੀਕ ਨਹੀਂ ਕੀਤਾ ਜਾਂਦਾ, ਜਿਸ ਕਾਰਣ ਕਈ ਮਾਤਾ-ਪਿਤਾ ਅਤੇ ਬਜ਼ੁਰਗਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼੍ਰੀ ਗੁਪਤਾ ਨੇ ਕਿਹਾ ਕਿ ਐਕਟ ‘ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੋ ਬਜ਼ੁਰਗ ਆਪਣੀ ਜ਼ਮੀਨ–ਜਾਇਦਾਦ ਆਪਣੇ ਬੱਚਿਆਂ ਦੇ ਨਾਂ ਕਰਵਾ ਦਿੰਦੇ ਹਨ ਪਰ ਬਾਅਦ ਵਿੱਚ ਬੱਚੇ ਉਨ੍ਹਾਂ ਦੀ ਦੇਖ-ਭਾਲ ਨਹੀ. ਕਰਦੇ ਅਤੇ ਗੁਜ਼ਾਰਾ ਭੱਤਾ ਨਹੀਂ ਦਿੰਦੇ ਤਾਂ ਅਜਿਹੇ ਮਾਤਾ-ਪਿਤਾ ਬੱਚਿਆਂ ਦੇ ਨਾਮ ਕਰਵਾਈ ਆਪਣੀ ਜ਼ਮੀਨ ਜਾਇਦਾਦ ਵਾਪਸ ਲੈਣ ਜਾਂ ਗੁਜ਼ਾਰਾ ਭੱਤਾ ਲੈਣ ਲਈ ਸਬੰਧਿਤ ਐੱਸ.ਡੀ.ਐੱਮ. ਨੂੰ ਅਰਜ਼ੀ ਦੇ ਸਕਦੇ ਹਨ। ਇਸ ਮੌਕੇ ਏ.ਸੀ.ਐੱਸ. ਡਾ: ਸੁਰਿੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸਤੀਸ਼ ਕਪੂਰ, ਡੀ.ਐੱਸ.ਪੀ. (ਐੱਚ) ਬਹਾਦਰ ਸਿੰਘ, ਸਹਾਇਕ ਜ਼ਿਲ੍ਹਾ ਅਟਾਰਨੀ ਵਿਕਾਸ ਗਰਗ, ਪ੍ਰਧਾਨ ਸੀਨੀਅਰ ਸੀਟੀਜ਼ਨ ਐਸੋਸੀਏਸ਼ਨ ਰੁਲਦੂ ਰਾਮ ਬਾਂਸਲ, ਚੇਅਰਮੈਨ ਅਸ਼ੋਕ ਗਰਗ, ਜਨਰਲ ਸੈਕਟਰੀ ਬਾਬੂ ਲਾਲ ਅਤੇ ਸਾਬਕਾ ਕੌਂਸਲਰ ਸ਼੍ਰੀਮਤੀ ਨਛੱਤਰ ਕੌਰ ਆਦਿ ਮੌਜ਼ੂਦ ਸਨ।
ਦੁਰਕਾਰੇ ਮਾਤਾ-ਪਿਤਾ ਅਤੇ ਬਜ਼ੁਰਗ ਆਪਣੀ ਜ਼ਮੀਨ ਜਾਇਦਾਦ ਵਾਪਸ ਲੈਣ ਦੇ ਹੱਕਦਾਰ : ਗੁਪਤਾ



