ਪ੍ਰਵਾਨਗੀਆਂ ਜਾਰੀ ਕਰਨ ’ਚ ਦੇਰੀ ਹੋਈ ਤਾਂ ਫੂਡ ਮੰਤਰਾਲਾ ਇਸ ਪ੍ਰਾਜੈਕਟ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦੇਵੇਗਾ
ਚੰਡੀਗੜ, 9 ਮਈ- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਮੱਕੀ ਦੀ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ ਕਪੂਰਥਲਾ ਜ਼ਿਲ•ੇ ਵਿਚ ਲਾਏ ਜਾ ਰਹੇ ਮੈਗਾ ਫੂਡ ਪਾਰਕ ਵਾਸਤੇ ਲੋੜੀਂਦੀਆਂ ਪ੍ਰਵਾਨਗੀਆਂ ਦੇਣ ਲਈ ਉਹ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦੇਣ।ਉਹਨਾਂ ਕਿਹਾ ਕਿ ਇਹ ਫੂਡ ਪਾਰਕ ਕਿਸਾਨਾਂ ਨੂੰ ਕਣਕ-ਝੋਨੇ ਦੇ ਗੇੜ ਵਿਚੋਂ ਕੱਢਣ ਵਿਚ ਮੱਦਦ ਕਰੇਗਾ।ਇਸ ਬਾਰੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਬੀਬੀ ਬਾਦਲ ਨੇ ਕਿਹਾ ਹੈ ਕਿ ਵਿਭਿੰਨ ਵਿਭਾਗਾਂ ਦੁਆਰਾ ਮੈਗਾ ਫੂਡ ਪਾਰਕ ਲਈ ਲੋੜੀਂਦੀਆਂ ਪ੍ਰਵਾਨਗੀਆਂ ਦੇਣ ਵਿਚ ਕੀਤੀ ਜਾ ਰਹੀ ਦੇਰੀ ਨੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਨੂੰ ਪਿੱਛੇ ਪਾ ਦਿੱਤਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਮੰਤਰਾਲੇ ਦੁਆਰਾ ਪ੍ਰਵਾਨਗੀ ਦਿੱਤੇ ਜਾਣ ਮਗਰੋਂ 30 ਮਹੀਨਿਆਂ ਦੇ ਅੰਦਰ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨਾ ਜਰੂਰੀ ਹੈ ਅਤੇ ਕੇਂਦਰੀ ਮੰਤਰਾਲੇ ਨੇ ਪਿਛਲੇ ਸਾਲ ਨਵੰਬਰ ਵਿਚ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਸੀ। ਬੀਬੀ ਬਾਦਲ ਨੇ ਕਿਹਾ ਕਿ ਜੇਕਰ ਸੰਬੰਧਿਤ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਨਾਲ ਜੁੜੀਆਂ ਪ੍ਰਵਾਨਗੀਆਂ ਜਾਰੀ ਕਰਨ ਵਿਚ ਤੇਜ਼ੀ ਨਾ ਲਿਆਂਦੀ ਤਾਂ ਫੂਡ ਮੰਤਰਾਲਾ ਮਜ਼ਬੂਰ ਹੋ ਕੇ ਇਸ ਪ੍ਰਾਜੈਕਟ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦੇਵੇਗਾ।
ਬੀਬੀ ਬਾਦਲ ਨੇ ਕਿਹਾ ਕਿ ਕਪੂਰਥਲਾ ਜ਼ਿਲ•ੇ ਦੇ ਪਿੰਡ ਰੇਹਾਨਾ ਜੱਟਾਂ ਵਿਚ ਵਿਖੇ 105 ਕਰੋੜ ਰੁਪਏ ਦੀ ਲਾਗਤ ਵਾਲਾ ਮੈਸਰਜ਼ ਸੁਖਜੀਤ ਮੈਗਾ ਫੂਡ ਪਾਰਕ ਸਥਾਪਤ ਕੀਤੇ ਜਾਣ ਦਾ ਪ੍ਰਸਤਾਵ ਹੈ। ਉਹਨਾਂ ਕਿਹਾ ਕਿ ਇਸ ਪ੍ਰਾਜੈਕਟ ਵਿਚ ਇੱਕ ਮੇਜ਼ ਪ੍ਰੋਸੈਸਿੰਗ ਐਂਕਰ ਯੂਨਿਟ ਲਾਏ ਜਾਣਾ ਵੀ ਸ਼ਾਮਿਲ ਹੈ, ਜਿਸ ਮਗਰੋਂ ਹੋਰ ਮੇਜ਼ ਪ੍ਰੋਸੈਸਿੰਗ ਯੂਨਿਟ ਲਾਏ ਜਾਣ ਦੀ ਸੰਭਾਵਨਾ ਹੈ। ਬੀਬੀ ਬਾਦਲ ਨੇ ਕਿਹਾ ਕਿ ਇਸ ਨਾਲ ਜ਼ਿਲ•ੇ ਦੇ ਕਿਸਾਨਾਂ ਨੂੰ ਵੱਡੀ ਪੱਧਰ ਉੱਤੇ ਮੱਕੀ ਦੀ ਫਸਲ ਬੀਜਣ ਲਈ ਹੱਲਾਸ਼ੇਰੀ ਮਿਲੇਗੀ, ਜਿਸ ਨਾਲ ਨਾ ਸਿਰਫ ਇਲਾਕੇ ਵਿਚ ਧਰਤੀ ਹੇਠਲੇ ਪਾਣੀ ਦੇ ਸਤਰ ਵਿਚ ਸੁਧਾਰ ਆਵੇਗਾ, ਸਗੋਂ ਫਸਲੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ।ਬੀਬੀ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਦੁਆਰਾ ਲਗਾਤਾਰ ਕੀਤੇ ਗਏ ਠੋਸ ਯਤਨਾਂ ਸਦਕਾ ਕੇਂਦਰੀ ਗਰਾਂਊਂਡ ਵਾਟਰ ਅਦਾਰੇ ਨੇ ਧਰਤੀ ਹੇਠਲਾ ਪਾਣੀ ਕੱਢਣ ਬਾਰੇ ਨੋਟੀਫਿਕੇਸ਼ਨ ਵਿਚ ਮੈਗਾ ਫੂਡ ਪਾਰਕ ਸਮੇਤ ਫੂਡ ਪਾਰਕਾਂ ਅਤੇ ਖੇਤੀ ਅਧਾਰਿਤ ਉਦਯੋਗਾਂ ਨੂੰ ਛੋਟ ਦੇ ਦਿੱਤੀ ਹੈ।ਕੇਂਦਰੀ ਮੰਤਰੀ ਨੇ ਕਿਹਾ ਕਿ ਮੈਗਾ ਫੂਡ ਪਾਰਕ ਪ੍ਰਾਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਬਾਰੇ ਹਾਲ ਹੀ ਵਿਚ ਕੀਤੀ ਸਮੀਖਿਆ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਵਿਭਿੰਨ ਮਹਿਕਮਿਆਂ ਦੁਆਰਾ ਦਿੱਤੀਆਂ ਜਾਣ ਵਾਲੀਆਂ ਲਾਜ਼ਮੀ ਪ੍ਰਵਾਨਗੀਆਂ ਦੀ ਵਜ•ਾ ਕਰਕੇ ਇਸ ਪ੍ਰਾਜੈਕਟ ਦਾ ਕੰਮ ਰੁਕਿਆ ਪਿਆ ਹੈ। ਇਹਨਾਂ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦੁਆਰਾ ਇਸ ਪ੍ਰਾਜੈਕਟ ਦੀ ਸਥਾਪਤੀ ਲਈ ਦਿੱਤੀ ਜਾਣ ਵਾਲੀ ਸਹਿਮਤੀ ਸ਼ਾਮਿਲ ਹੈ। ਇਸ ਤੋਂ ਇਲਾਵਾ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ, 1995 (ਪੀਏਪੀਆਰਏ) ਅਤੇ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਦੇ ਚੀਫ ਟਾਊਨ ਪਲੈਨਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਪ੍ਰਵਾਨਗੀਆਂ ਵੀ ਅਜੇ ਬਾਕੀ ਹਨ।ਬੀਬੀ ਬਾਦਲ ਨੇ ਕਿਹਾ ਕਿ ਮੈਗਾ ਪਾਰਕ ਬੁਨਿਆਦੀ ਪ੍ਰਾਜੈਕਟ ਹੁੰਦੇ ਹਨ, ਜਿਹਨਾਂ ਲਈ ਬਹੁਤ ਸਾਰੀ ਪੂੰਜੀ ਦੀ ਲੋੜ ਹੁੰਦੀ ਹੈ ਅਤੇ ਅਜਿਹੇ ਪ੍ਰਾਜੈਕਟਾਂ ਦਾ ਆਪਣੇ ਇਲਾਕਿਆਂ ਉੱਤੇ ਬਹੁਤ ਵੱਡਾ ਸਮਾਜਿਕ ਅਤੇ ਆਰਥਿਕ ਅਸਰ ਪੈਂਦਾ ਹੈ। ਉਹਨਾਂ ਕਿਹਾ ਕਿ ਅਜਿਹੇ ਵੱਕਾਰੀ ਪ੍ਰਾਜੈਕਟ ਨੂੰ ਹੱਥੋਂ ਨਿਕਲਣ ਤੋਂ ਰੋਕਣ ਲਈ ਜੀਅ ਤੋੜ ਯਤਨ ਕਰਨੇ ਚਾਹੀਦੇ ਹਨ।
ਕੈਪਟਨ ਕਪੂਰਥਲਾ ਮੈਗਾ ਫੂਡ ਪ੍ਰਾਜੈਕਟ ਲਈ ਵਿਭਾਗੀ ਪ੍ਰਵਾਨਗੀਆਂ ਦਿਵਾਉਣ : ਬੀਬਾ ਹਰਸਿਮਰਤ ਕੌਰ ਬਾਦਲ



