ਹੁਸ਼ਿਆਰਪੁਰ, 3 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਹੁਸ਼ਿਆਰਪੁਰ ਦੀ ਜ਼ਿਲ੍ਹਾ ਅਦਾਲਤ ਨੇ ਇਕ 5 ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਦੋ ਦੋਸ਼ੀਆਂ ਨੂੰ ਮਰਨ ਤੱਕ ਜੇਲ੍ਹ ਦੀ ਸਜ਼ਾ ਸੁਣਾਈ ਹੈ। ਮਾਣਯੋਗ ਜੱਜ ਜੀ. ਐਸ. ਭਿੰਡਰ ਦੀ ਅਦਾਲਤ ਨੇ ਇਹ ਫੈਸਲਾ ਦਿੱਲੀ ਗੈਂਗਰੇਪ ਤੋਂ ਬਾਅਦ ਹਾਲ ਹੀ ਵਿਚ ਬਣਾਏ ਗਏ ਨਵੇਂ ਕਾਨੂੰਨ ਤਹਿਤ ਕੀਤਾ ਹੈ। ਦੇਸ਼ ਵਿਚ ਧਾਰਾ 376 ਡੀ ਦੇ ਨਵੇਂ ਕਾਨੂੰਨ ਤਹਿਤ ਆਇਆ ਇਹ ਪਹਿਲਾ ਫੈਸਲਾ ਹੈ। ਸਰਕਾਰੀ ਵਕੀਲ ਜੀ. ਐਸ. ਗਰੇਵਾਲ ਨੇ ਅਦਾਲਤ ਦੇ ਇਸ ਫੈਸਲੇ ਦੀ ਪੁਸ਼ਟੀ ਕੀਤੀ।ਇਸ ਸਾਲ 18 ਜੁਲਾਈ ਨੂੰ ਹੁਸ਼ਿਆਰਪੁਰ ਦੇ ਇਕ ਪਿੰਡ ਵਿਚ ਲਾਪਤਾ ਹੋਈ ਪੰਜ ਸਾਲਾ ਬੱਚੀ ਆਪਣੇ ਗੁਆਂਢੀ ਦਲਜੀਤ ਸਿੰਘ ਦੇ ਘਰੋਂ ਮਿਲੀ ਸੀ। ਦਲਜੀਤ ਸਿੰਘ ਅਤੇ ਉਸ ਦਾ ਸਾਥੀ ਅਮਰਜੀਤ ਸਿੰਘ ਬੱਚੀ ਨਾਲ ਇਤਰਾਜ਼ਯੋਗ ਹਾਲਤ ਵਿਚ ਪਾਏ ਗਏ ਸਨ। ਬੱਚੀ ਦੇ ਘਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਅਤੇ ਮਾਮਲਾ ਦਰਜ ਕਰ ਲਿਆ ਗਿਆ। ਇਸ ਕੇਸ ਵਿਚ ਕੋਈ ਵੀ ਚਸ਼ਮਦੀਦ ਗਵਾਹ ਨਹੀਂ ਸੀ ਪਰ ਬੱਚੀ ਦੇ ਕੱਪੜਿਆਂ ‘ਤੇ ਪਾਏ ਗਏ ਦੋਸ਼ੀਆਂ ਦੇ ਵੀਰਜ ਦੇ ਨਮੂਨੇ ਨੂੰ ਸਬੂਤ ਦੇ ਤੌਰ ‘ਤੇ ਲਿਆ ਗਿਆ ਅਤੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਬਚਾਅ ਪੱਖ ਦੇ ਵਕੀਲ ਜੇ. ਪੀ. ਐਸ. ਧਨੋਆ ਨੇ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਉਪਰਲੀ ਅਦਾਲਤ ਵਿਚ ਅਪੀਲ ਕਰਨਗੇ। ਹੁਸ਼ਿਆਰਪੁਰ ਦੇ ਮਾਣਯੋਗ ਜੱਜ ਜੇ. ਐਸ. ਭਿੰਡਰ ਦੀ ਅਦਾਲਤ ਇਸ ਤੋਂ ਪਹਿਲਾਂ ਵੀ ਬਲਾਤਕਾਰ ਦੇ ਮਾਮਲਿਆਂ ਨੂੰ ਲੈ ਕੇ ਕੀਤੇ ਗਏ ਫੈਸਲਿਆਂ ਕਾਰਨ ਚਰਚਾ ਵਿੱਚ ਰਹੀ ਹੈ। ਮਾਣਯੋਗ ਅਦਾਲਤ ਨੇ ਇਸ ਤੋਂ ਪਹਿਲਾਂ ਬਲਾਤਕਾਰ ਦੇ ਇਕ ਦੋਸ਼ੀ ਨੂੰ ਇਕ ਹਫਤੇ ਵਿੱਚ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਜਦੋਂਕਿ ਇਕ ਹੋਰ ਮਾਮਲੇ ਵਿਚ ਇਸੇ ਅਦਾਲਤ ਨੇ ਸਿਰਫ ਤਿੰਨ ਦਿਨਾਂ ਵਿਚ ਦੋਸ਼ੀ ਨੂੰ 10 ਸਾਲ ਦੀ ਸਜ਼ਾ ਸੁਣਾ ਕੇ ਰਿਕਾਰਡ ਕਾਇਮ ਕੀਤਾ ਸੀ।