June 19, 2026 9:25 pm

ਪੰਜਾਬ ਸਰਕਾਰ ਵੱਲੋਂ ਓਲੰਪੀਅਨ ਐਥਲੀਟ ਮੱਖਣ ਸਿੰਘ ਦੇ ਬੇਟੇ ਨੂੰ ਨੌਕਰੀ : ਵਲਟੋਹਾ

ਚੰਡੀਗੜ੍ਹ, 3 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਲੋ ਸੂਬੇਦਾਰ ਮੱਖਣ ਸਿੰਘ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ। ਇਹ ਵਿਸ਼ਵਾਸ਼ ਦਿਵਾਉਂਦਿਆਂ ਅੱਜ ਇਥੇ ਸ. ਵਿਰਸਾ ਸਿੰਘ ਵਲਟੋਹਾ ਮੁੱਖ ਸੰਸਦੀ ਸਕੱਤਰ, ਰੱਖਿਆ ਸੇਵਾਵਾਂ ਭਲਾਈ ਨੇ ਦੱਸਿਆ ਕਿ  ਸੂਬੇਦਾਰ ਮੱਖਣ ਸਿੰਘ ਦੇ ਇਕਲੌਤੇ ਪੁੱਤਰ ਸ. ਪਰਮਿੰਦਰ ਸਿੰਘ ਜੋ ਕਿ ਅਪਾਹਜ ਹੈ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਹੁਸ਼ਿਆਰਪੁਰ ਵਿਖੇ ਸੇਵਾਦਾਰ ਦੀ ਅਸਾਮੀ ਤੇ ਨਿਯੁਕਤੀ ਪੱਤਰ ਜਾਰੀ ਕਰ ਦਿੱਤਾ ਗਿਆ  ਹੈ। ਉਸ ਲਈ ਟ੍ਰਾਈ ਸਾਈਕਲ ਦੇ ਇੰਤਜ਼ਾਮ ਤੋਂ ਇਲਾਵਾ ਪੰਜਾਬ ਅਮਲਗਾਮੇਟਿਡ ਫੰਡ ਵਿੱਚੋਂ ਡਿਸਏਬਿਲਟੀ ਪੈਨਸ਼ਨ ਵੀ ਜਲਦ ਲਾਗੂ ਕਰ ਦਿੱਤੀ ਜਾਵੇਗੀ। ਸ. ਵਲਟੋਹਾ ਨੇ ਦੱਸਿਆ ਕਿ ਮੱਖਣ ਸਿੰਘ ਦੇ ਪੁੱਤਰ ਨੂੰ ਉਸਦੀ ਮਾਤਾ ਤੋਂ ਬਾਦ ਮਿਲਣ ਵਾਲੀ ਪੈਨਸ਼ਨ ਜਾਰੀ ਰੱਖਣ ਲਈ  ਆਰਮੀ ਹੈਡਕੁਆਰਟਰ ਨਾਲ ਤਾਲਮੇਲ ਕਰਕੇ ਲਗਾਤਾਰ ਕੋਸ਼ਿਸਾਂ ਜਾਰੀ ਹਨ। ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਸੂਬੇਦਾਰ ਮੱਖਣ ਸਿੰਘ, ਅਰਜੁਨਾ ਅਵਾਰਡੀ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਦੱਸਦਿਆਂ ਕਿਹਾ ਕਿ ਸੂਬੇਦਾਰ ਮੱਖਣ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਬਠੌਲੀ, ਡਾਕਖ਼ਾਨਾ ਚੱਬੇਵਾਲ ਦੇ ਵਸਨੀਕ ਹਨ। ਉਹ ਮੁੱਢ ਕਦੀਮ ਤੋਂ ਹੀ ਬਹੁਤ ਵਧੀਆ ਐਥਲੀਟ ਸਨ। ਸਰਦਾਰ ਵਲਟੋਹਾ ਨੇ ਇਹ ਵੀ ਦੱਸਿਆ ਕਿ ਸੂਬੇਦਾਰ ਮੱਖਣ ਸਿੰਘ 1962 ਵਿੱਚ ਕਲਕੱਤਾ ਨੈਸ਼ਨਲ ਗੇਮਜ਼ ਵਿੱਚ ਮਿਲਖਾ ਸਿੰਘ ਨੂੰ ਮਾਤ ਦੇਂਦਿਆਂ ਗੋਲਡ ਮੈਡਲ ਪ੍ਰਾਪਤ ਕੀਤਾ। ਇੱਥੇ ਹੀ ਬੱਸ ਨਹੀਂ ਸੂਬੇਦਾਰ ਮੱਖਣ ਸਿੰਘ ਨੇ ਇਨ੍ਹਾਂ ਖੇਡਾਂ ਦੌਰਾਨ ਵੱਖ ਵੱਖ ਪੱਧਰਾਂ ਤੇ ਚਾਰ ਗੋਲਡ ਮੈਡਲ ਜਿੱਤਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ।

Send this to a friend