ਭਗਤਾ ਭਾਈ ਕਾ, 3 ਮਈ (ਨਵਜੋਤ ਬਜਾਜ, ਲਖਵਿੰਦਰ ਸੰਧੂ)- ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਵੱਲੋਂ ਅੱਜ ਸਹਾਰਾ ਗਰੁੱਪ ਰਾਮਪੁਰਾ ਦੀ ਮਦਦ ਨਾਲ ਸਥਾਨਿਕ ਸ਼ਹਿਰ ਦੇ ਇੱਕ ਨਾਗਰਿਕ ਦੇ ਘਰ ਛਾਪਾ ਮਾਰਿਆ ਗਿਆ ਜਿੱਥੇ ਪ੍ਰਾਪਤ ਕੀਤੀ ਗਈ ਸੂਚਨਾ ਅਨੁਸਾਰ ਪੁਲਿਸ ਵਲੋਂ ਫਰਿਜ ਵਿੱਚ ਲਗਾਇਆ ਗਿਆ ਗਊ ਮਾਸ ਬਰਾਮਦ ਕੀਤਾ ਗਿਆ। ਇਸ ਮਸਲੇ ਨੂੰ ਲੈ ਕੇ ਡੀ.ਐਸ.ਪੀ ਫੂਲ ਵੀ ਆਪਣੇ ਦਸਤੇ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਹਾਰਾ ਗਰੁੱਪ ਰਾਮਪੁਰਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਕੱਲ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਵਲੋਂ ਸਥਾਨਿਕ ਸ਼ਹਿਰ ਦੇ ਇੱਕ ਮੁਸਲਮਾਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਸਹਾਰਾ ਗਰੁੱਪ ਦੇ ਨੁਮਾਇੰਦਿਆਂ ਕੋਲ ਇਸ ਸੰਬੰਧੀ ਕੋਈ ਵੱਖਰੀ ਜਾਣਕਾਰੀ ਸੀ ਜਿਸਨੂੰ ਲੈ ਕੇ ਸਥਾਨਿਕ ਸ਼ਹਿਰ ਵਿਖੇ ਪਹੁੰਚੀਆਂ ਵੱਖ ਵੱਖ ਸਮਾਜਸੇਵੀ ਟੀਮਾਂ ਵਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਨਾਲ ਲੈ ਕੇ ਉਕਤ ਵਿਅਕਤੀ ਦੇ ਘਰ ਛਾਪਿਆ ਮਾਰਿਆ ਗਿਆ ਤਾਂ ਉਥੋਂ ਫਰਿਜ ਵਿੱਚ ਲਗਾਇਆ ਗਿਆ ਗਊ ਮਾਸ ਬਰਾਮਦ ਕੀਤਾ ਗਿਆ।ਖਬਰ ਲਿਖੇ ਜਾਣ ਤੱਕ ਪ੍ਰਸ਼ਾਸ਼ਨ ਵਲੋਂ ਜੇ.ਸੀ.ਬੀ ਮਸ਼ੀਨ ਦੀ ਸਹਾਇਤਾ ਨਾਲ ਮਾਮਲੇ ਦੀ ਤਹਿ ਤੱਕ ਜਾਣ ਲਈ ਉਕਤ ਵਿਅਕਤੀ ਦੇ ਘਰ ਖੁਦਾਈ ਕਰਵਾਈ ਜਾ ਰਹੀ ਸੀ ਅਤੇ ਇਹ ਸਾਰਾ ਮਾਮਲਾ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ ਕਿ ਫਰਿਜ ਵਿੱਚ ਲਗਾਇਆ ਗਿਆ ਮਾਸ ਕਿਸ ਜਾਨਵਰ ਦਾ ਹੈ ਅਤੇ ਇਹ ਮਾਸ ਕਿੱਥੋਂ ਅਤੇ ਕਿਵੇਂ ਆਇਆ।ਬਾਕੀ ਮਾਮਲਾ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।ਪਰ ਇਸ ਘਟਨਾ ਨੂੰ ਲੈ ਕੇ ਸ਼ਹਿਰ ਅਤੇ ਆਸਪਾਸ ਦੇ ਲੋਕਾਂ ਸਮੇਤ ਸਿਆਸੀ ਆਗੂ ਵੀ ਘਟਨਾ ਸਥਾਨ ਤੇ ਪਹੁੰਚ ਗਏ।ਇਸ ਘਟਨਾ ਸੰਬੰਧੀ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ,ਜਰਨੈਲ ਸਿੰਘ ਪ੍ਰਧਾਨ ਗਊਸ਼ਾਲਾ,ਰਾਜਵੰਤ ਸਿੰਘ ਭਗਤਾ ਬਲਾਕ ਪ੍ਰਧਾਨ,ਪਰਮਜੀਤ ਬਿਦਰ,ਹਰਿੰਦਰ ਬਰਾੜ,ਗੁਰਬਿੰਦਰ ਸਿੱਧੂ ਭਾਜਪਾ ਆਗੂ,ਸੁਰਜੀਤ ਕੌਰ ਮਹਿਲਾ ਆਗੂ ਤੋਂ ਇਲਾਵਾ ਇਲਾਕੇ ਦੀਆਂ ਸਮਾਜਸੇਵੀ ਜਥੇਬੰਦੀਆਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਥਾਣਾ ਦਿਆਲਪੁਰਾ ਦੀ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਫਰਿਜ ’ਚ ਲਾਇਆ ਗਊ ਮਾਸ ਬਰਾਮਦ



