ਬਰਨਾਲਾ, 3 ਮਈ (ਨਿਰਮਲ ਸਿੰਘ ਪੰਡੋਰੀ)- ਜ਼ਿਲ੍ਹਾ ਪੁਲਿਸ ਨੇ ਜਾਅਲੀ ਕਰੰਸੀ ਛਾਪਣ ਦਾ ਗੋਰਖ ਧੰਦਾ ਕਰਨ ਵਾਲੇ ਗਿਰੋਹ ਨੂੰ ਸਿਕੰਜੇ ਵਿੱਚ ਲਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਬਲਜੋਤ ਸਿੰਘ ਰਠੌਰ ਵੱਲੋਂ ਬੁਲਾਈ ਪ੍ਰੈਸ ਕਾਨਫਰੰਸ ਵਿੱਚ ਉਕਤ ਗਿਰੋਹ ਨੂੰ ਮੀਡੀਆ ਸਾਹਮਣੇ ਪੇਸ਼ ਕਰਨ ਸਮੇਂ ਸ. ਰਠੌਰ ਨੇ ਦੱਸਿਆ ਕਿ ਇਸ ਗਿਰੋਹ ਦੀ ਮੁਖੀ ਇੱਕ ਔਰਤ ਹੈ ਜੋ ਆਪਣੇ ਘਰ ਵਿੱਚ ਹੀ ਜਾਅਲੀ ਕਰੰਸੀ ਛਾਪਣ ਦਾ ਧੰਦਾ ਕਰਦੀ ਸੀ। ਪੁਲਿਸ ਮੁਤਾਬਕ ਗੁਪਤ ਸੂਤਰਾਂ ਦੀ ਮੁਖਬਰੀ ਦੇ ਆਧਾਰ ਤੇ ਸਵਰਨ ਸਿੰਘ ਖੰਨਾ ਦੀ ਰਹਿਨੁਮਾਈ ਹੇਠ ਥਾਣੇਦਾਰ ਮਲਕੀਤ ਸਿੰਘ ਚੀਮਾ ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸੁਖਦਰਸ਼ਨ ਕੌਰ ਵਾਸੀ ਸੰਧੂ ਕਲਾਂ, ਕੁਲਦੀਪ ਸਿੰਘ ਸ਼ਹਿਣਾ, ਸੰਦੀਪ ਸਿੰਘ ਸ਼ਹਿਣਾ ਹਾਲ ਅਬਾਦ ਪਿੰਡ ਅਸਪਾਲ ਕਲਾਂ, ਰਮਨਦੀਪ ਸਿੰਘ ਉਰਫ ਰਮਨਾ ਸ਼ਹਿਣਾ, ਜਗਦੀਸ਼ ਦਾਸ ਸ਼ਹਿਣਾ ਅਤੇ ਵਕੀਲ ਖਾਂ ਸ਼ਹਿਣਾ ਕਾਬੂ ਕੀਤਾ ਗਿਆ ਹੈ। ਉਕਤ ਦੋਸ਼ੀਆਂ ਖਿਲਾਫ਼ ਥਾਣਾ ਭਦੌੜ ਵਿਖੇ ਮੁਕੱਦਮਾ ਨੰਬਰ 26 ਮਿਤੀ 01-05-2017 ਅ/ਧ 420, 489-ਏ, 489-ਬੀ, 489-ਸੀ, 489-ਡੀ, 120-ਬੀ ਭ: ਦੰ ਥਾਣਾ ਭਦੌੜ ਦਰਜ ਕਰਕੇ ਉਹਨਾਂ ਪਾਸੋ 2,000 ਵਾਲੇ (239 ਨੋਟ), 500-500 ਵਾਲੇ (430 ਨੋਟ ), 100-100 ਵਾਲੇ (477 ਨੋਟ) ਜਾਅਲੀ ਤਿਆਰ ਕੀਤੇ ਕਰਸੀ ਨੋਟ ਕੁੱਲ ਰਕਮ 7 ਲੱਖ 40 ਹਜਾਰ 700 ਰੁਪਏ ਅਤੇ 500 ਰੁਪਏ ਦੇ ਅਣ ਕੱਟੇ 32, 000 ਰੁਪਏ ਬਰਾਮਦ ਕੀਤੇ ਗਏ ਹਨ। ਉਕਤ ਗਿਰੋਹ ਦੀ ਮੁਖੀ ਸੁਖਦਰਸ਼ਨ ਕੌਰ ਦੇ ਘਰ ਵਿੱਚੋਂ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਸਮਾਨ 1 ਕੰਪਿਊਟਰ ਸੈੱਟ, ਕਟਰ, ਕਲਰ ਸਕੈਨਰ ਪਿੰ੍ਰਟਰ ਅਤੇ ਪਲੇਨ ਕਾਗਜ਼ ਬਰਾਮਦ ਕਰਵਾਏ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸੁਖਦਰਸ਼ਨ ਕੌਰ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ ਜੋ ਨਵੀ ਉਮਰ ਦੇ ਲੜਕਿਆਂ ਨੂੰ ਭਰਮਾ ਕੇ ਆਪਣੀਆਂ ਗੱਲਾਂ ਵਿੱਚ ਲੈ ਕੇ ਵੱਧ ਪੈਸੇ ਕਮਾਉਣ ਦਾ ਝਾਂਸਾ ਦਿੰਦੀ ਸੀ। ਇਸ ਤੋ ਇਲਾਵਾ ਏਐੱਸਆਈ ਮਨਜੀਤ ਸਿੰਘ ਸੀ.ਆਈ.ਏ ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਦੋਸ਼ੀ ਸਵਰਨਜੀਤ ਸਿੰਘ ਉਰਫ ਦੁੱਲਾ ਪੁੱਤਰ ਕਰਮਜੀਤ ਸਿੰਘ ਵਾਸੀ ਮਾਨਾ ਪਿੰਡੀ ਧਨੌਲਾ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋਂ ਇੱਕ ਪਿਸਤੌਲ 32 ਬੋਰ ਦੇਸੀ ਸਮੇਤ 2 ਕਾਰਤੂਸ 32 ਬੋਰ ਜਿੰਦਾ ਬਰਾਮਦ ਕਰਵਾਕੇ ਮੁਕੱਦਮਾ ਨੰਬਰ 36 ਮਿਤੀ 01-05-2017 ਅ/ਧ 25/54/59 ਅਸਲਾ ਐਕਟ ਥਾਣਾ ਧਨੌਲਾ ਦਰਜ ਰਜਿਸ਼ਟਰ ਕਰਾਇਆ ਹੈ।



