ਤਰਨਤਾਰਨ, 30 ਅਪ੍ਰੈਲ (ਚਮਕੌਰ ਸਿੰਘ, ਤਰਸੇਮ ਸਿੰਘ ਭੁਪਾਲ)- ਪੱਟੀ ਸ਼ਹਿਰ ਦੇ ਬੱਸ ਸਟੈਂਡ ਨੇੜੇ ਸੀਵਰੇਜ਼ ਦੀ ਸਫਾਈ ਕਰਨ ਉਤਰੇ 2 ਵਿਅਕਤੀਆਂ ਦੀ ਸੀਵਰੇਜ਼ ਵਿਚਲੀ ਗੈਸ ਚੜਨ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ 8.30 ਕਰੀਬ ਅਮਨ ਕੁਮਾਰ (35) ਪੁੱਤਰ ਵਿਜੇ ਕੁਮਾਰ ਤੇ ਪ੍ਰੇਮ ਕੁਮਾਰ ਕਾਕਾ (29) ਪੁੱਤਰ ਸਾਧਾ ਸਿੰਘ ਵਾਸੀ ਪੱਟੀ ਸੀਵਰੇਜ਼ ਵਿਚ ਸਫਾਈ ਕਰਨ ਲਈ ਉੱਤਰੇ ਤਾਂ ਸੀਵਰੇਜ਼ ਵਿਚਲੀ ਗੈਸ ਚੜਨ ਨਾਲ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ। ਉਨ੍ਹਾਂ ਨੂੰ ਤੁਰੰਤ ਸੰਧੂ ਹਸਪਤਾਲ ਪੱਟੀ ਵਿਖੇ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਮੌਕੇ ਮੇਜ਼ਰ ਸਿੰਘ ਇੰਚਾਰਜ਼ ਸੀਵਰੇਜ਼, ਰਣਬੀਰ ਸੂਦ ਸੈਨੇਟਰੀ ਇੰਸਪੈਕਟਰ, ਜਗਦੀਪ ਸਿੰਘ, ਬਲਵੰਤ ਰਾਏ ਪ੍ਰਧਾਨ ਲੇਬਰ ਮਿਊਂਸੀਪਲ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਨ੍ਹਾਂ ਦੋਵੇ ਵਿਅਕਤੀਆਂ ਨੂੰ ਰੱਸੇ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ ਤੇ ਗੱਡੀ ਦੀ ਮੱਦਦ ਲੈ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜਾ ਜਾਰੀ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਦੋਵੇ ਵਿਅਕਤੀ ਨਗਰ ਕੋਸਲ ਪੱਟੀ ਵਿਖੇ ਸੀਵਰੇਜ਼ ਵਿੰਗ ਵਿਚ ਪ੍ਰਾਈਵੇਟ ਠੇਕੇ ਤੇ 10 ਸਾਲਾਂ ਤੋਂ ਕੰਮ ਕਰਦੇ ਆ ਰਹੇ ਸਨ, ਪਰ ਅੱਜ ਤਕ ਪੱਕੇ ਮੁਲਾਜਮ ਨਹੀਂ ਬਣ ਸਕੇ। ਦੋਵੇ ਵਿਅਕਤੀ ਵਿਆਹੇ ਹੋਏ ਸਨ ਤੇ ਆਪਣੇ ਪਿਛੇ ਪਤਨੀ ਤੇ ਬੱਚੇ ਛੱਡ ਗਏ ਹਨ।
ਸੀਵਰੇਜ਼ ਦੀ ਸਫਾਈ ਕਰਨ ਉੱਤਰੇ 2 ਵਿਅਕਤੀ ਗੈਸ ਚੜਨ ਨਾਲ ਮਰੇ



