June 13, 2026 3:19 pm

ਸੁਖਬੀਰ ਤੇ ਮਜੀਠੀਆ ਦੀ ਲੋਕ ਹਿਤੈਸ਼ੀ ਸੋਚ ਸਦਕਾ ਸੂਬਾ ਵਿਕਾਸ ਦੀਆਂ ਲੀਹਾਂ ‘ਤੇ : ਅਟਵਾਲ

ਮਾਛੀਵਾੜਾ ਸਾਹਿਬ 3 ਸਤੰਬਰ-ਕਰਮਜੀਤ ਸਿੰਘ ਆਜ਼ਾਦ-ਹਲਕਾ ਕੂੰਮ ਕਲਾਂ ਤੋਂ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਲੋਕ ਹਿਤੈਸ਼ੀ ਸੋਚ ਸਦਕਾ ਅੱਜ ਸੂਬਾ ਵਿਕਾਸ ਦੀਆਂ ਲੀਹਾਂ ਤੇ ਹੈ ਜਦਕਿ ਕਾਂਗਰਸੀਆਂ ਤੋਂ ਪੰਜਾਬ ਦਾ ਇਹ ਵਿਕਾਸ ਹਜ਼ਮ ਨਹੀਂ ਹੋ ਰਿਹਾ ਤੇ ਉਹ ਕੂੜ ਪ੍ਰਚਾਰ ਕਰ ਰਹੇ ਹਨ।
atwal
ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਟਵਾਲ ਨੇ ਅੱਜ ਮਾਛੀਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਅਟਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਹੈ ਉਦੋਂ ਤੋਂ ਪਾਰਟੀ ਦੇ ਵਰਕਰਾਂ ਵਿਚ ਇੱਕ ਨਵਾਂ ਜੋਸ਼ ਭਰਿਆ ਹੈ ਤੇ ਅਕਾਲੀ ਦਲ ਨੇ ਹਰੇਕ ਚੋਣ ਸ਼ਾਨ ਨਾਲ ਜਿੱਤ ਕੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਕਰਾਰੀ ਮਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਹੀ ਦੇਸ਼ ਵਿਚ ਇੱਕ ਅਜਿਹੀ ਪਾਰਟੀ ਹੈ ਜੋ ਆਪਣੇ ਸੂਬੇ ਵਿਚ ਗਰੀਬਾਂ ਨੂੰ ਸਸਤਾ ਰਾਸ਼ਨ, ਬਜੁਰਗਾਂ ਅਤੇ ਵਿਧਵਾਵਾਂ ਨੂੰ ਪੈਨਸ਼ਨ, ਦਲਿੱਤ ਲੜਕੀਆਂ ਨੂੰ ਸ਼ਗਨ ਸਕੀਮ ਅਤੇ ਗਰੀਬਾਂ ਅਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇ ਰਹੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਦੂਜੀ ਵਾਰ ਸੱਤਾ ਸੰਭਾਲੀ ਤੇ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਤੇ ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਬਣਾਇਆ। ਇਤਿਹਾਸਕ ਨਗਰੀ ਮਾਛੀਵਾੜਾ ਪੁੱਜਣ ਤੇ ਉਨਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨਾਲ ਉਨਾਂ ਦੀਆਂ ਮੋਹ ਦੀਆਂ ਤੰਦਾਂ ਕਦੇ ਵੀ ਨਹੀਂ ਟੁੱਟਣਗੀਆਂ ਚਾਹੇ ਉਨਾਂ ਦਾ ਪਰਿਵਾਰ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਨੁਮਾਇੰਦਗੀ ਕਰਦਾ ਹੋਵੇ ਕਿਉਂਕਿ ਅੱਜ ਅਟਵਾਲ ਪਰਿਵਾਰ ਜਿਸ ਮੁਕਾਮ ਤੇ ਹੈ ਉਹ ਇਸ ਇਲਾਕੇ ਦੇ ਲੋਕਾਂ ਦੇ ਸਹਿਯੋਗ ਅਤੇ ਪਿਆਰ ਸਦਕਾ ਪਹੁੰਚਿਆ ਹੈ। ਸ੍ਰੀ ਅਟਵਾਲ ਨੇ ਕਿਹਾ ਕਿ ਜਿੱਥੇ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਕਾਲੀ ਹਾਈ ਕਮਾਂਡ ਦੇ ਨਿਰਦੇਸ਼ਾਂ ਤੇ ਮਾਛੀਵਾੜਾ ਹਲਕੇ ਦੇ ਵਿਕਾਸ ਲਈ ਸਿਰਤੋੜ ਯਤਨ ਕਰ ਰਹੇ ਹਨ ਉਸੇ ਤਰ੍ਹਾਂ ਅਟਵਾਲ ਪਰਿਵਾਰ ਵੀ ਲੋਕਾਂ ਦੀ ਸੇਵਾ ਵਿਚ ਹਮੇਸ਼ਾਂ ਤੱਤਪਰ ਰਹੇਗਾ। ਇਸ ਮੌਕੇ ਉਨਾਂ ਨਾਲ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨ. ਸਕੱਤਰ ਰੁਪਿੰਦਰ ਸਿੰਘ ਬੈਨੀਪਾਲ, ਆੜ੍ਹਤੀ ਅਰਵਿੰਦਰਪਾਲ ਸਿੰਘ ਵਿੱਕੀ, ਅਕਾਲੀ ਆਗੂ ਬਲਵਿੰਦਰ ਸਿੰਘ ਲਾਲਕਾ, ਜਥੇ. ਜੋਗਿੰਦਰ ਸਿੰਘ ਆਦਿ ਵੀ ਮੌਜੂਦ ਸਨ।

Send this to a friend