ਅੰਮ੍ਰਿਤਸਰ 31 ਅਗਸਤ (ਸੰਜੀਵ ਪੁੰਜ)- ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਨੂੰ ਰਗੜੇ ਲਗਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਹੋ ਰਹੇ ਤਸ਼ੱਦਦ ਤੇ ਕੀਤੀਆ ਜਾ ਰਹੀਆ ਵਧੀਕੀਆ ਨੂੰ ਜਨਤਕ ਕਰਨ ਲਈ ਅਕਾਲੀ ਦਲ ਵੱਲੋ 28 ਸਤੰਬਰ ਨੂੰ ਮਾਝੇ ਦੇ ਪਿੰਡ ਨੁਸ਼ਹਿਰਾ ਪਨੂੰਆਂ ਵਿਖੇ ਵੱਡੀ ‘ਇਨਸਾਫ ਰੈਲੀ’ ਕੀਤੀ ਜਾ ਰਹੀ ਹੈ ਜਿਸ ਵਿੱਚ ਹੁਣ ਤੱਕ ਸਿੱਖਾਂ ਦੀ ਹੋਈ ਨਸਲਕੁਸ਼ੀ ਦਾ ਲੇਖਾ ਜੋਖਾ ਕਰਕੇ ਇਨਸਾਫ ਲੈਣ ਲਈ ਅਗਲੀ ਰਣਨੀਤੀ ਬਣਾਈ ਜਾਵੇਗੀ। ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ. ਮਾਨ ਨੇ ਇਨਸਾਫ ਰੈਲੀ ਵਿੱਚ ਕਾਂਗਰਸ, ਭਾਜਪਾ ਤੇ ਅਕਾਲੀ ਦਲ (ਬਾਦਲ)ਨੂੰ ਵੀ ਸ਼ਮੂਲੀਅਤ ਕਰਨ ਦਾ ਖੁੱਲ੍ਹਾ ਸੱਦਾ ਦਿੰਦਿਆ ਕਿਹਾ ਕਿ ਪੰਜਾਬ ਤੇ ਪੰਜਾਬੋਂ ਬਾਹਰ ਸਿੱਖਾਂ ਦੀ ਹੋਈ ਨਸਲਕੁਸ਼ੀ ਨੇ ਇੱਕ ਵਾਰੀ ਪੂਰੀ ਸਿੱਖ ਕੌਮ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਸਮੂਹ ਪਾਰਟੀਆ ਨੂੰ ਇਕੱਮੁੱਠ ਹੋ ਕੇ ਇਸ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਨੀ ਚਾਹੀਦੀ ਹੈ।

ਉਹਨਾਂ ਕਿਹਾਕਿ ਗੁਜਰਾਤ ਦੇ ਸਿੱਖਾਂ ਨਾਲ ਮੋਦੀ ਦੀ ਫਿਰਕਾਪ੍ਰਸਤ ਸਰਕਾਰ ਵੱਲੋ ਕੀਤੀ ਜਾਂਦੀ ਧੱਕੇਸ਼ਾਹੀ ਨੂੰ ਕਦਾਚਿੱਤ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਗੁਜਰਾਤ ਦੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦੇ ਮਾਲਕੀ ਹੱਕ ਦਿਵਾਉਣ ਲਈ ਉਹ ਹਰ ਪ੍ਰਕਾਰ ਦੀ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਸਰਨਿਆ ਨੂੰ ਮਾਮੂਲੀ ਜਿਹੀ ਗਲਤੀ ਕਰਨ ਤੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਂਦਾ ਹੈ ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਪੰਥ ਬੋਲਿਆ ਨੂੰ ਵਿਗਾੜਨ ਦੇ ਦੋਸ਼ ਵਿੱਚ ਕਦੇ ਵੀ ਨਹੀ ਤਲਬ ਕੀਤਾ ਗਿਆ ਜਿਸ ਨੇ ਮਾਧੋਪੁਰ ਵਿਖੇ ਮੋਦੀ ਦੀ ਰੈਲੀ ਵਿੱਚ ਬੋਲਦਿਆ ਪੰਥਕ ਬੋਲੇ ,” ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਨੂੰ ਵਿਗਾੜ ਕੇ ਪੇਸ਼ ਕਰਦਿਆ ਜੈ ਸ਼ੀਆ ਰਾਮ ਕਹਿ ਕੇ ਬੱਜਰ ਗਲਤੀ ਕੀਤੀ ਕਿਉਕਿ ਤਖਤਾਂ ਦੇ ਜਥੇਦਾਰ ਬਾਦਲ ਦੇ ਗੁਲਾਮ ਹਨ। ਉਹਨਾਂ ਕਿਹਾ ਕਿ ਜੇਕਰ ਬਾਦਲ ਨੂੰ ਗਲਤੀ ਕਰਨ ਤੇ ਵੀ ਬੁਲਾਇਆ ਨਹੀ ਜਾਂਦਾ ਤਾਂ ਫਿਰ ਸਰਨੇ ਜਿਹੜੇ ਗੁਰੂ ਘਰ ਦੇ ਅਨਿਨ ਭਗਤ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿੱਤ ਹਨ ਨੂੰ ਵੀ ਬੁਲਾਇਆ ਨਹੀਂ ਜਾਣਾ ਚਾਹੀਦਾ।ਉਹਨਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਪੂਰੀ ਤਰ੍ਵਾ ਹਾਕਮ ਧਿਰ ਦੇ ਆਗੂਆ ਦਾ ਰਾਜ ਹੈ ਅਤੇ ਵਿਰੋਧੀਆ ਦੇ ਖਿਲਾਫ ਝੂਠੇ ਪਰਚੇ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਹਨ।ਉਹਨਾਂ ਵਿਦੇਸ਼ੀ ਸਿੱਖਾਂ ਨੂੰ ਸੁਖਬੀਰ ਸਿੰਘ ਬਾਦਲ ਦਾ ਦੌਰਾ ਰੱਦ ਕਰਾਣ ਦੀ ਵਧਾਈ ਦਿੰਦਿਆ ਕਿਹਾ ਕਿ ਯੂਰਪੀਨ ਦੇਸ਼ਾਂ ਵਿੱਚ ਕਨੂੰਨ ਹੈ ਕਿ ਜੇਕਰ ਅੰਤਰਰਾਸ਼ਟਰੀ ਪੱਧਰ ਤੇ ਸਰਕਾਰ ਜਾ ਵਿਅਕਤੀ ਕਿਸੇ ਵੀ ਕੌਂਮ ਨਾਲ ਵਧੀਕੀ ਕਰਦਾ ਹੈ ਤਾਂ ਯੂਰੀਪਨ ਦੌਰੇ ਦੌਰਾਨ ਉਸ ਦੇ ਖਿਲਾਫ ਕੇਸ ਚਲਾਇਆ ਜਾ ਸਕਦਾ ਹੈ।ਵਿਧਾਨ ਸਭਾ ਹਲਕਾ ਖੇਂਮਕਰਨ ਤੋਂ ਵਿਧਾਇਕ ਚੁਣੇ ਗਏ ਵਿਰਸਾ ਸਿੰਘ ਵਲਟੋਹਾ ਨੂੰ ਆੜੇ ਹੱਥੀ ਲੈਦਿਆਂ ਉਹਨਾਂ ਨੇ ਕਿਹਾ ਕਿ ਭਿੱਖੀਵਿੰਡ ਵਿੱਚ ਇੱਕ ਫਿਰਕੇ ਦੇ ਲੋਕਾਂ ਦੇ ਧਾਰਮਿਕ ਅਸਥਾਨ ਮੰਦਰ ਨੂੰ ਢਾਹ ਕੇ ਵਲਟੋਹਾ ਕਬਜਾ ਕਰਨਾ ਚਾਹੁੰਦਾ ਸੀ ਤੇ ਉਸ ਨੇ ਸਥਾਨਕ ਪੁਲੀਸ ਤੇ ਆਪਣੇ ਭੂ ਮਾਫੀਆ ਨੂੰ ਲੈ ਕੇ ਜਨਮਅਸ਼ਟਮੀ ਵਾਲੇ ਦਿਨ ਪਹਿਲਾਂ ਮੰਦਿਰ ‘ਤੇ ਕਬਜ਼ਾ ਕੀਤਾ ਤੇ ਫਿਰ ਉਹਨਾਂ ਦੀ ਆਸਥਾ ਦੇ ਕੇਂਦਰ ਦੀਆ ਵੱਖ ਵੱਖ ਮੂਰਤੀਆ ਨੂੰ ਤੋੜ ਕੇ ਛੱਪੜ ਵਿੱਚ ਸੁੱਟ ਦਿੱਤਾ। ਉਹਨਾਂ ਕਿਹਾ ਕਿ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ।ਇਸ ਸਮੇਂ ਉਹਨਾਂ ਨਾਲ ਸੀਨੀਅਰ ਮੀਤ ਪ੍ਰਧਾਨ ਸ੍ਰ ਧਿਆਨ ਸਿੰਘ ਮੰਡ, ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਚੱਠਾ, ਬੀਬੀ ਕੁਲਵੰਤ ਕੌਰ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਰਨਾਮ ਸਿੰਘ ਵਾਲੇ, ਹਰਬੀਰ ਸਿੰਘ ਸੰਧੂ, ਅਮਰੀਕ ਸਿੰਘ ਨੰਗਲ, ਜਰਨੈਲ ਸਿੰਘ ਸਖੀਰਾ, ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਪਵਾਰ, ਗੁਰਜੰਟ ਸਿੰਘ ਕੱਟੂ ਆਦਿ ਵੀ ਹਾਜਰ ਸਨ।