ਅਜਨਾਲਾ, ਰਾਜਾਸਾਂਸੀ, ਅੰਮ੍ਰਿਤਸਰ ਪੂਰਬੀ ਅਤੇ ਅੰਮ੍ਰਿਤਸਰ ਉਤਰੀ ਹਲਕਿਆਂ ਨੂੰ ਅੱਗ ਬੁਝਾਊ ਗੱਡੀਆਂ ਦੇਣ ਦਾ ਐਲਾਨ
ਅ੍ਰੰਮਿਤਸਰ, 23 ਅਪ੍ਰੈਲ– ਪੰਜਾਬ ਦੇ ਲੋਕਲ ਬਾਡੀ, ਸੱਭਿਆਚਾਰ ਮਾਮਲੇ ਅਤੇ ਸੈਰ ਸਪਾਟਾ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਅੱਗ ਨਾਲ ਸੜੀ ਕਣਕ ਦਾ ਮੁਆਵਜ਼ਾ ਆਪਣੀ ਜੇਬ ਵਿਚੋਂ ਦੇਣ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਰਾਜਾਸਾਂਸੀ ਹਲਕੇ ਦੇ ਪਿੰਡ ਓਠੀਆਂ ਨੇੜੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਜਿੰਨਾਂ ਕਿਸਾਨਾਂ ਦੀ ਕਰੀਬ 300 ਏਕੜ ਕਣਕ ਸੜ ਗਈ ਸੀ ਉਹਨਾਂ ਕਿਸਾਨਾਂ ਦੀ ਮਦਦ ਲਈ ਸਿੱਧੂ ਨੇ ਉਕਤ ਪੀੜਤ ਕਿਸਾਨਾਂ ਨੂੰ ਆਪਣੀ ਜੇਬ ਵਿਚੋਂ ਮੁਆਵਜ਼ਾ ਦੇਣ ਦਾ ਐਲਾਨ ਕਰਕੇ ਨਿਰਾਸ ਹੋਏ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਲੈ ਆਂਦੀ ਹੈ।ਇੱਥੇ ਦੱਸਣਯੋਗ ਹੈ ਕਿ ਉਕਤ ਇਲਾਕਾ ਸਿੱਧੂ ਦੇ ਵਿਧਾਨ ਸਭਾ ਹਲਕੇ ਦਾ ਹਿੱਸਾ ਨਹੀਂ ਅਤੇ ਖੇਤੀ ਦਾ ਮਹਿਕਮਾ ਵੀ ਸਿੱਧੂ ਕੋਲ ਨਹੀਂ, ਪਰ ਫਿਰ ਵੀ ਕਿਸਾਨਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਸਿੱਧੂ ਅੱਜ ਕਿਸਾਨਾਂ ਨੂੰ ਮਿਲਣ ਲਈ ਜਾ ਪੁਹੰਚੇ। ਉਹ ਉਕਤ ਪ੍ਰਭਾਵਿਤ ਖੇਤਾਂ ਵਿਚ ਗਏ ਅਤੇ ਪੀੜਤ ਕਿਸਾਨਾਂ ਨੂੰ ਹੌਸਲਾ ਦਿੱਤਾ।ਕਿਸਾਨਾਂ ਨਾਲ ਗੱਲਬਾਤ ਕਰਦੇ ਸਿੱਧੂ ਨੇ ਕਿਹਾ ਕਿ ਤੁਹਾਡੀ ਕਣਕ ਦਾ ਨੁਕਸਾਨ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋਇਆ ਹੈ ਅਤੇ ਇਸ ਦਾ ਮੁਆਵਜ਼ਾ, ਜੋ ਕਿ ਪੰਜਾਬ ਸਰਕਾਰ ਵੱਲੋਂ 8 ਹਜ਼ਾਰ ਰੁਪਏ ਪ੍ਰਤੀ ਏਕੜ ਤੈਅ ਹੈ, ਪਾਵਰਕਾਮ ਪੰਜਾਬ ਵੱਲੋਂ ਦਿੱਤਾ ਜਾਵੇਗਾ, ਜੋ ਕਿ ਤਕਰੀਬਨ 24 ਲੱਖ ਰੁਪਏ ਬਣੇਗਾ ਅਤੇ ਇੰਨਾਂ ਹੀ ਮੁਆਵਜਾ ਮੈਂ ਆਪਣੀ ਜੇਬ ਵਿਚੋਂ ਦੇਵਾਂਗਾ।ਸਿੱਧੂ ਨੇ ਕਿਹਾ ਕਿ ਪੰਜਾਬ ਦੇ ਚੰਗੇ ਭਾਗ ਹਨ ਕਿ ਅੱਜ ਕੈਪਟਨ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ। ਉਨਾਂ ਕਿਹਾ ਕਿ ਛੇਤੀ ਹੀ ਅਜਿਹੀ ਨੀਤੀ ਪੰਜਾਬ ਦੇ ਕਿਸਾਨਾਂ ਦੇ ਭਲੇ ਲਈ ਤਿਆਰ ਕੀਤੀ ਜਾਵੇਗੀ ਕਿ ਕਿਸੇ ਕਿਸਾਨ ਨੂੰ ਕਰਜ਼ਾ ਚੁੱਕਣ ਦੀ ਨੌਬਤ ਹੀ ਨਾ ਆਵੇ।ਅੱਗ ਲੱਗਣ ਮੌਕੇ ਅੱਗ ਬੁਝਾਉਣ ਲਈ ਫਾਇਰ ਗੱਡੀਆਂ ਦੀ ਘਾਟ ਵਾਲੀ ਗੱਲ ਸੁਣਨ ‘ਤੇ ਸਿੱਧੂ ਨੇ ਤੁਰੰਤ ਅਜਨਾਲਾ, ਰਾਜਾਸਾਂਸੀ, ਅੰਮ੍ਰਿਤਸਰ ਪੂਰਬੀ ਅਤੇ ਅੰਮ੍ਰਿਤਸਰ ਉਤਰੀ ਵਿਧਾਨ ਸਭਾ ਹਲਕਿਆਂ ਵਿਚ ਇਕ-ਇਕ ਅੱਗ ਬੁਝਾਊ ਗੱਡੀਆਂ ਦੇਣ ਦਾ ਐਲਾਨ ਕਰ ਦਿੱਤਾ।



