ਸ਼ਹੀਦ ਭਗਤ ਸਿੰਘ ਨਗਰ 31 ਅਗਸਤ (ਸਨਪ੍ਰੀਤ ਮਾਂਗਟ, ਬਲਵੀਰ ਰੂਬੀ) ਨਜਦੀਕੀ ਪਿੰਡ ਉਸਮਾਨਪੁਰ ਵਿੱਖੇ ਇਕ ਧਾਰਮਿਕ ਅਸਥਾਨ ਤੇ ਕਥਿਤ ਤੌਰ ਤੇ ਹੋਏ ਲੜਾਈ ਝਗੜੇ ਵਿੱਚ ਇਕ ਗਰਭਵਤੀ ਮਹਿਲਾ ਗੰਭੀਰ ਜਖਮੀ ਹੋ ਗਈ ਹੈ। ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਹਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤਾ ਰੀਨਾ ਕੁਮਾਰੀ ਪਤਨੀ ਬਲਵਿੰਦਰ ਕੁਮਾਰ ਵਾਸੀ ਉਸਮਾਨਪੁਰ ਨੇ ਦਸਿਆ ਕਿ ਬੀਤੇ ਦਿਨ ਇਕ ਧਾਰਮਿਕ ਅਸਥਾਨ ਤੇ ਸਮੁਹ ਪਿੰਡ ਵਾਸੀਆਂ ਵਲੋਂ ਲਗਾਏ ਗਏ ਲੰਗਰ ਵਿੱਚ ਉਹ ਗਈ ਸੀ। ਜਿਥੇ ਇਕ ਮਹਿਲਾ ਨਾਲ ਲੰਗਰ ਦੀ ਸਬਜੀ ਦੇ ਲੈਣ ਦੇਣ ਨੂੰ ਲੈ ਕੇ ਹੋਈ ਮਾਮੁਲੀ ਤਰਕਾਰ ਬਾਜੀ ਤੋਂ ਬਾਅਦ ਉਕਤ ਮਹਿਲਾ ਅਤੇ ਉਸਦੇ ਰਾਹੋਂ ਤੋਂ ਆਏ ਰਿਸਤੇਦਾਰਾਂ ਵਲੋਂ ਮੇਰੇ ਘਰ ਜਬਰੀ ਦਾਖਲ ਹੋ ਕੇ ਮੇਰੇ ਨਾਲ ਕਥਿਤ ਤੌਰ ਤੇ ਬੁਰੀ ਤਰਾਂ ਮਾਰ ਕੁਟਾਈ ਕੀਤੀ ਗਈ। ਰੀਨਾ ਕੁਮਾਰੀ ਨੇ ਕਿਹਾ ਕਿ ਹਮਲਾਵਰਾਂ ਵਲੋਂ ਉਸਦੇ ਪੇਟ ਵਿੱਚ ਲੱਤਾ ਮਾਰੀਆਂ ਜਿਸ ਕਾਰਨ ਉਨਾਂ ਦਾ 5 ਮਹੀਨੇ ਦੇ ਗਰਭ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਉਨਾਂ ਹਮਲਾਵਰਾਂ ਖਿਲਾਫ ਬਣਦੀ ਕਾਰਵਾਈ ਦੀ ਗੁਹਾਰ ਲਗਾਈ। ਉਨਾਂ ਦਸਿਆ ਕਿ ਇਸ ਹਮਲੇ ਬਾਰੇ ਪਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਓਧਰ ਰਾਹੋਂ ਦੇ ਅਡੀਸ਼ਨਲ ਐਸਐਚਓ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਘਟਨਾ ਦੀ ਜਾਣਕਾਰੀ ਮਿਲਣ ਤੇ ਉਹ ਸਮੇਤ ਪੁਲਸ ਪਾਰਟੀ ਮੌਕੇ ਤੇ ਪੁੱਜੇ ਤੇ ਕਾਰਵਾਈ ਆਰੰਭ ਕੀਤੀ। ਉਨਾਂ ਦੱਸਿਆ ਕਿ ਮਹਿਲਾ ਦਾ ਹਾਲਤ ਸਹੀ ਨਾ ਹੋਣ ਕਰਕੇ ਅਜੇ ਉਸ ਨੇ ਬਿਆਨ ਨਹੀ ਦਿੱਤੇ, ਬਿਆਨ ਲੈਣ ਉਪਰੰਤ ਬਣਦੇ ਦੋਸ਼ੀਆ ਲਾਫ ਮਾਮਲਾ ਦਰਜ ਕਰ ਲਿਆ ਜਾਵੇਗਾ।



