ਬਠਿੰਡਾ, 31 ਅਗਸਤ (ਅਵਤਾਰ ਸਿੰਘ, ਵੀਰ ਸਿੰਘ ਕਾਲਾ)- ਜਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ ਨੇ ਕਾਂਗਰਸ ਭਵਨ ਵਿੱਚ ਵਰਕਰਾਂ ਅਤੇ ਆਹੁੱਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਰਕਰਾਂ ਨੂੰ ਖੁਰਾਕ ਸੁਰੱਖਿਆ ਬਿੱਲ ਪਾਸ ਕਰਨ ਲਈ ਸ਼੍ਰੀਮਤੀ ਸੋਨੀਆ ਗਾਂਧੀ, ਡਾ:ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਕਾਨੂੰਨ ਪਾਸ ਕਰਨ ਨਾਲ ਭਾਰਤ ਦੇ 81 ਕਰੋੜ ਲੋਕਾਂ ਨੂੰ 3 ਰੁਪਏ ਕਿਲੋ ਚਾਵਲ, 2 ਰੁਪਏ ਕਿਲੋ ਆਟਾ ਅਤੇ 1 ਰੁਪਏ ਕਿਲੋ ਜਵਾਰ, ਬਾਜਰਾ ਅਤੇ ਹੋਰ ਮੋਟਾ ਅਨਾਜ ਮਿਲਿਆ ਕਰੇਗਾ। ਅਸ਼ੋਕ ਕੁਮਾਰ ਨੇ ਕਿਹਾ ਕਿ ਯੂ.ਪੀ. ਏ. ਸਰਕਾਰ ਨੇ ਪਹਿਲਾਂ ਵੀ ਇਤਿਹਾਸਕ ਫੈਸਲੇ ਲੋਕ ਹਿੱਤਾਂ ਵਿੱਚ ਲਏ ਹਨ ਜਿਵੇਂ ਮਨਰੇਗਾ, ਸੂਚਨਾ ਦਾ ਅਧਿਕਾਰ ਅਤੇ ਹੋਰ ਸਿਹਤ ਸੇਵਾਵਾਂ ਲਈ ਵੀ ਬਹੁਤ ਸਾਰੀਆਂ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਹਨ ਤੇ ਹੁਣ ਖੁਰਾਕ ਸੁਰੱਖਿਆ ਦੇ ਨਾਲ – ਨਾਲ ਕਿਸਾਨਾਂ ਦੇ ਹਿੱਤਾਂ ਲਈ ਜ਼ਮੀਨ ਪ੍ਰਾਪਤੀ ਬਿੱਲ ਲੋਕ ਸਭਾ ਵਿੱਚ ਪਾਸ ਕਰਕੇ ਕਿਸਾਨਾਂ ਲਈ ਇਤਿਹਾਸਕ ਕਾਨੂੰਨ ਬਣਾ ਦਿੱਤਾ ਹੈ। ਜਿੱਥੇ ਸ਼ਹਿਰ ਦੇ ਪ੍ਰਭਾਵਤ ਲੋਕਾਂ ਲਈ 2 ਗੁਣਾ ਅਤੇ ਪੇਂਡੂ ਖੇਤਰ ਵਿੱਚ 4 ਗੁਣਾ ਮੁਆਵਜ਼ਾ ਮਿਲਿਆ ਕਰੇਗਾ। ਅਸ਼ੋਕ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਕਾਂਗਰਸ ਜਲਦ ਹੀ ਇਨ੍ਹਾਂ ਲੋਕ ਹਿੱਤਾਂ ਦੀਆਂ ਸਕੀਮਾਂ ਬਾਰੇ ਇੱਕ ਜਨ-ਜਾਗਰਣ ਪ੍ਰੋਗਰਾਮ ਬਣਾ ਕੇ ਇਹਨਾਂ ਸਕੀਮਾਂ ਬਾਰੇ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਜਾਗਰੂਕ ਕਰੇਗੀ। ਇਸ ਮੌਕੇ ਰੁਪਿੰਦਰ ਬਿੰਦਰਾ, ਅਸ਼ੋਕ ਭੋਲਾ, ਨੰਦ ਲਾਲ, ਮੱਖਣ ਲਾਲ, ਹਰਪਾਲ ਬਾਜਵਾ, ਡਾ: ਮੁਕੇਸ਼ ਨੇ ਕਿਹਾ ਕਿ ਖੁਰਾਕ ਸੁਰੱਖਿਆ ਬਿੱਲ ਪਾਸ ਹੋਣ ਨਾਲ ਕੋਈ ਗਰੀਬ ਹੁਣ ਭੁੱਖਾ ਨਹੀਂ ਸੋਵੇਗਾ। ਇਸ ਬਿੱਲ ਦੇ ਪਾਸ ਹੋਣ ਨਾਲ ਕਾਂਗਰਸ ਦਾ ਵੋਟ ਬੈਂਕ ਵਧੇਗਾ ਅਤੇ ਲੋਕ ਗਰੀਬੀ ਰੇਖਾ ਤੋਂ ਉੱਪਰ ਉਠਣਗੇ। ਉਪਰੋਕਤ ਨੇਤਾਵਾਂ ਨੇ ਕਿਹਾ ਕਿ ਕੇਂਦਰ ਵਿੱਚ ਤੀਸਰੀ ਵਾਰ ਸਰਕਾਰ ਬਣਨੀ ਯਕੀਨੀ ਹੈ। ਇਸ ਮੌਕੇ ਦੂਲੀ ਚੰਦ, ਅਸ਼ਰਫ ਖਾਨ, ਸੰਜੀਵ ਸਚਦੇਵਾ, ਗੁਰਜੀਤ ਸਿੱਧੂ, ਅਵਤਾਰ ਨਿਟੂ, ਓਮ ਪ੍ਰਕਾਸ਼ ਸ਼ਰਮਾ, ਰਾਕੇਸ਼ ਖੁਰਾਣਾ, ਵਿਪਿਨ ਮਿੱਤੂ, ਗੁਰਮੀਤ ਜਟਾਣਾ, ਵਰਿੰਦਰ ਜ਼ੈਲਦਾਰ, ਕੰਚਨ ਸਿੱਧੂ, ਜਗਰਾਜ ਸਿੰਘ, ਜਗਮੀਤ ਸਿੰਘ, ਜਗਤਾਰ ਸਿੱਧੂ, ਰਾਧੇਸ਼ਾਮ, ਮੋਹਨ ਝੂੰਬਾ, ਸੁਰੇਸ਼ ਕੁਮਾਰ ਆਦਿ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨਗਰ ਨਿਗਮ ਚੋਣਾਂ ਕਰਵਾਉਂਣ ਤੋਂ ਭੱਜ ਰਹੀ ਹੈ ਕਿਉਂਕਿ ਇਸ ਵਾਰ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਦਾ ਸਫ਼ਾਇਆ ਹੋ ਜਾਵੇਗਾ।