June 13, 2026 9:13 am

ਪੱਛਮੀ ਦੇਸ਼ ਸੀਰੀਆ ‘ਤੇ ਹਮਲੇ ਲਈ ਤਿਆਰ

ਅਮਾਨ/ਵਾਸ਼ਿੰਗਟਨ, 28 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪਿਛਲੇ ਹਫਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀਆਂ ਸੈਨਾਵਾਂ ਵੱਲੋਂ ਬਾਗੀਆਂ ਖਿਲਾਫ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਦੀ ਪ੍ਰਤੀਕਿਰਿਆ ਵਜੋਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਸੀਰੀਆ ‘ਤੇ ਹਮਲੇ ਦੀਆਂ ਤਿਆਰੀਆਂ ਕੀਤੀਆ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਪੱਛਮੀ ਦੇਸ਼ ਇਕ ਦੋ ਦਿਨਾਂ ਵਿਚ ਸੀਰੀਆ ਖਿਲਾਫ ਸੈਨਿਕ ਕਾਰਵਾਈ ਕਰ ਸਕਦੇ ਹਨ
syria
ਅਤੇ ਇਸਤਾਂਬੁਲ ਵਿਚ ਪੱਛਮੀ ਦੇਸ਼ਾਂ ਦੇ ਪ੍ਰਤੀਨਿਧਾਂ ਨੇ ਸੀਰੀਆ ਦੀ ਵਿਰੋਧੀ ਧਿਰ ਦੇ ਆਗੂਆਂ ਨੂੰ ਸੰਭਾਵਿਤ ਹਮਲੇ ਬਾਰੇ ਸੂਚਿਤ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਪੱਛਮੀ ਦੇਸ਼ ਸੰਯੁਕਤ ਰਾਸ਼ਟਰ ਦੇ ਉਸ ਦਲ ਦੀ ਸੀਰੀਆ ‘ਚੋਂ ਵਾਪਸੀ ਦੀ ਉਡੀਕ ਕਰ ਰਿਹਾ ਹੈ ਜੋ ਸੀਰੀਆਈ ਫੌਜ ਵੱਲੋਂ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਇਸ ਸਮੇਂ ਸੀਰੀਆ ਵਿਚ ਹੈ। ਇਸੇ ਦੌਰਾਨ ਆਸਟਰੇਲੀਆ ਨੇ ਸੀਰੀਆ ਖਿਲਾਫ ਸੰਭਾਵਿਤ ਸੈਨਿਕ ਕਾਰਵਾਈ ਦੀ ਵਕਾਲਤ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇਂ ਸੀਰੀਆ ਮਸਲੇ ਸਲਾਹ ਮਸ਼ਵਰੇ ਲਈ ਆਪਣੇ ਸਹਿਯੋਗੀ ਦੇਸ਼ਾਂ ਦੇ ਨੇਤਾਵਾਂ ਨਾਲ ਫੋਨ ‘ਤੇ ਰਾਬਤਾ ਬਣਾਇਆ ਹੋਇਆ ਹੈ, ਇਸੇ ਸਿਲਸਿਲੇ ਵਿਚ ਓਬਾਮਾ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਅਮਰੀਕੀ ਰੱਖਿਆ ਮੰਤਰੀ ਚੁਕ ਹੇਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕ ਫੌਜਾਂ ਰਾਸ਼ਟਰਪਤੀ ਓਬਾਮਾ ਦੇ ਆਦੇਸ਼ ‘ਤੇ ਸੀਰੀਆ ਉਪਰ ਹਮਲਾ ਕਰਨ ਲਈ ਤਿਆਰ ਬਰ ਤਿਆਰ ਹਨ। ਸੂਤਰਾਂ ਅਨੁਸਾਰ ਓਬਾਮਾ ਸੀਰੀਆ ਖਿਲਾਫ ਸੈਨਿਕ ਕਾਰਵਾਈ ਜ਼ਿਆਦਾ ਲੰਬੀ ਨਹੀਂ ਖਿੱਚਣਾ ਚਾਹੁੰਦੇ, ਇਸ ਲਈ ਸੀਰੀਆ ‘ਤੇ ਸੈਨਿਕ ਕਾਰਵਾਈ ਦੋ ਦਿਨ ਤੋਂ ਜ਼ਿਆਦਾ ਨਹੀਂ ਹੋਵੇਗੀ। ਇਸੇ ਦੌਰਾਨ ਸੰਯੁਕਤ ਰਾਸ਼ਟਰ ਦੇ ਮਾਹਿਰਾਂ ਦੇ ਦਲ ਨੇ ਅੱਜ ਸੀਰੀਆ ਦੀ ਰਾਜਧਾਨੀ ਵਿਚ ਰਸਾਇਣਕ ਹਥਿਆਰਾਂ ਦੀ ਵਰਤੋਂ ਦੀ ਜਾਂਚ ਅੱਜ ਮੁੜ ਸ਼ੁਰੂ ਕਰ ਦਿੱਤੀ। ਜਾਂਚ ਦਲ ਨੇ ਸੁਰੱਖਿਆ ਕਾਰਨਾਂ ਕਰਕੇ ਜਾਂਚ ਮੁਲਤਵੀ ਕਰ ਦਿੱਤੀ ਸੀ। ਸੂਤਰਾਂ ਅਨੁਸਾਰ ਜਾਂਚ ਦਲ ਦੇ ਮੈਂਬਰਾਂ ਨੂੰ ਛੇ ਗੱਡੀਆਂ ਵਿਚ ਪ੍ਰਭਾਵਿਤ ਇਲਾਕਿਆਂ ਵਿਚ ਲਿਜਾਇਆ ਗਿਆ। ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਥਾਂ ‘ਤੇ ਜਾਂਚ ਕਰਨਗੇ।
ਫੌਜੀ ਕਾਰਵਾਈ ਵਿਰੁੱਧ ਈਰਾਨ ਵੱਲੋਂ ਚੇਤਾਵਨੀਤਹਿਰਾਨ-ਈਰਾਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਬਾਸ ਅਰਾਕਚੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸੀਰੀਆ ‘ਚ ਸੈਨਿਕ ਕਾਰਵਾਈ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਖੇਤਰ ਬਹੁਤ ਸੰਵੇਦਨਸ਼ੀਲ ਹੈ ਅਤੇ ਇਥੇ ਸ਼ਾਂਤੀ ਹੋਰ ਕਿਸੇ ਚੀਜ਼ ਨਾਲੋਂ ਜ਼ਿਆਦਾ ਜ਼ਰੂਰੀ ਹੈ। ਇਸ ਲਈ ਇਸ ਸਮੱਸਿਆ ਦੇ ਰਾਜਨੀਤਕ ਹੱਲ ਹੀ ਜਰੂਰੀ ਹਨ। ਅਰਾਕਚੀ ਨੇ ਕਿਹਾ ਕਿ ਇਹ ਨਿਸ਼ਚਿਤ ਹੈ ਕਿ ਸੀਰੀਆ ‘ਚ ਸੈਨਿਕ ਕਾਰਵਾਈ ਹੱਦਾਂ ਪਾਰ ਕਰ ਜਾਵੇਗਾ ਅਤੇ ਪੂਰੇ ਖੇਤਰ ਨੂੰ ਆਪਣੀ ਚਪੇਟ ‘ਚ ਲੈ ਲਵੇਗਾ। ਅਲ ਕਾਇਦਾ ਦਾ ਸਹਿਯੋਗੀ ਸੰਗਠਨ ਲਵੇਗਾ ਸੀਰੀਆ ਤੋਂ ਬਦਲਾ ਦੁਬਈ-ਪਿਛਲੇ ਹਫਤੇ ਸੀਰੀਆਈ ਫੌਜਾਂ ਵੱਲੋਂ ਬਾਗੀਆਂ ਖਿਲਾਫ ਰਸਾਇਣਕ ਹਥਿਆਰਾਂ ਦੀ ਕੀਤੀ ਗਈ ਵਰਤੋਂ ਕਾਰਨ ਅਲ ਕਾਇਦਾ ਦਾ ਇਕ ਸਹਿਯੋਗੀ ਸੰਗਠਨ ਸੀਰੀਆ ਨਾਲ ਸਖਤ ਨਰਾਜ਼ ਹੈ ਅਤੇ ਉਸ ਦੇ ਮਨ ਵਿਚ ਬਦਲੇ ਦੀ ਅੱਗ ਭੜਕ ਰਹੀ ਹੈ। ‘ਇਸਲਾਮਿਕ ਸਟੇਟ ਇਨ ਇਰਕਾ ਐਂਡ ਲੇਵੈਂਟ’ (ਆਈ ਐਸ ਆਈ ਐਲ) ਦੀ ਇਕ ਸ਼ਾਖਾ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਸੀਰੀਆ ਦੀ ਬਸ਼ਰ ਅਲ ਅਸਦ ਸਰਕਾਰ ਨੂੰ ਸਜਾ ਦੇਵੇਗਾ। ਇਹ ਬਿਆਨ ਸੀਰੀਆ ਦੇ ਅੱਠ ਵਿਰੋਧੀ ਸੰਗਠਨਾਂ ਦੀ ਬੈਠਕ ਤੋਂ ਬਾਅਦ ਜਾਰੀ ਕੀਤਾ ਗਿਆ। ਇਸ ਬੈਠਕ ਵਿਚ ਸੀਰੀਆ ਸਰਕਾਰ ਤੋਂ ਬਦਲਾ ਲੈਣ ਲਈ ਰਣਨੀਤੀ ਤਿਆਰ ਕੀਤੀ ਗਈ।

Send this to a friend