ਨਵੀਂ ਦਿੱਲੀ, 28 ਅਗਸਤ (ਮਨਪ੍ਰੀਤ ਸਿੰਘ ਖਾਲਸਾ)-ਬੀਤੇ ਦਿਨ ਦਿੱਲੀ ਦੀ ਇੱਕ ਅਦਾਲਤ ਵਿੱਚ ਪੁਲਿਸ ਦੀ ਸਖਤ ਸੁਰੱਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਸੁਰਿੰਦਰ ਸਿੰਘ ਕੰਡਾ (ਜੋ ਕਿ ਜਮਾਨਤ ‘ਤੇ ਹਨ) ਨੂੰ ਐੱਫ. ਆਈ. ਆਰ ਨੰਬਰ 229/05 ਅਲੀਪੁਰ ਥਾਣਾ ਧਾਰਾ 307 ਅਧੀਨ ਸਮੇਂ ਸਿਰ ਮਾਣਯੋਗ ਜੱਜ ਦਯਾ ਪ੍ਰਕਾਸ਼ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।

ਪੇਸ਼ੀ ਉਪਰੰਤ ਭਾਈ ਹਵਾਰਾ ਨੇ ਧਰਮਯੁਧ ਮੋਰਚੇ ਦੌਰਾਨ ਪਲਾਸਟਿਕ ਦੀ ਗੇਂਦ ਸਹਾਰੇ ਜਹਾਜ਼ ਅਗਵਾ ਕਰਨ ਦਾ ਅਦੁਤੀ ਕਾਰਨਾਮਾ ਕਰਨ ਵਾਲੇ ਕੌਮੀ ਸੁਰਮੇ ਭਾਈ ਗੁਰਬਖਸ਼ ਸਿੰਘ ਜੀ ਹਾਈਜੈਕਰ ਦੇ ਅਕਾਲ ਚਲਾਣੇ ਦੇ ਦੁੱਖ ਦਾ ਪ੍ਰਗਟ ਕੀਤਾ। ਉਪਰੰਤ ਭਾਈ ਹਵਾਰੇ ਨੇ ਕਿਹਾ ਕਿ ਪਿਛਲੇ ਕੁਝ ਸਾਲਾ ਦੌਰਾਨ ਮੀਡੀਆ ਵਿੱਚ ਖਾਸ ਕਰਕੇ ਇੰਟਰਨੈੱਟ ਰਾਹੀਂ ਪੰਥਕ ਵੀਰ ਇੱਕ ਦੂਜੇ ਵਿਰੁੱਧ ਦੂਸ਼ਣਬਾਜੀ ਕਰਦੇ ਆ ਰਹੇ ਹਨ। ਇਹ ਦੂਸ਼ਣਬਾਜੀ ਵਾਲਾ ਵਿਸ਼ਾ ਬਹੁਤ ਗੰਭੀਰ ਅਤੇ ਵਿਚਾਰਨ ਵਾਲਾ ਹੈ। ਕੌਮੀ ਹਿਤ ਲਈ ਸਾਡੇ ਸਮੂਹ ਪੰਥਕ ਵੀਰਾਂ ਨੂੰ ਮਿਲ ਬੈਠ ਕੇ ਇਹ ਸੋਚਣਾ ਚਾਹੀਦਾ ਹੈ ਕਿ ਕਿੱਥੇ ਇਹ ਸਭ ਸਰਕਾਰੀ ਖੂਫੀਆ ਏਜੰਸੀਆ ਸਾਡਾ ਕੌਮੀ ਨਿਸ਼ਾਨੇ ਤੋਂ ਧਿਆਨ ਭਟਕਾਉਣ ਲਈ ਅਪਣੀ ਕੋਝੀਆਂ ਚਾਲਾਂ ਦਾ ਸ਼ਿਕਾਰ ਤੇ ਨਹੀਂ ਬਣਾ ਰਹੀਆਂ ਹਨ। ਸਰਕਾਰ ਹਰ ਹੀਲੇ ਸਾਡਾ ਧਿਆਨ ਕੌਮੀ ਨਿਸ਼ਾਨੇ ‘ਖਾਲਿਸਤਾਨ’ ਤੋਂ ਲਾਂਬੇ ਕਰਨਾ ਚਾਹੁੰਦੀਆਂ ਹਨ। ਸਾਡੀ ਸਮੂਹ ਬੰਦੀ ਸਿੰਘਾਂ ਵੱਲੋਂ ਸਮੂਹ ਖਾਲਸਾ ਪੰਥ ਨੂੰ ਪੁਰਜ਼ੋਰ ਅਪੀਲ ਹੈ ਆਪਸੀ ਮਤਭੇਦ ਭੁਲਾਉਂਦੇ ਹੋਏ ਆਪਸੀ ਦੁਸ਼ਣਬਾਜੀ ਬੰਦ ਕਰਕੇ ਅਪਣੀ ਮੰਜਿਲ ਵੱਲ ਵੱਧਣ ਲਈ ਆਪਣੇ ਕਦਮ ਪੁੱਟਣੇ ਚਾਹੀਦੇ ਹਨ। ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਸਤੰਬਰ ਨੂੰ ਹੋਵੇਗੀ।