ਆਖਰੀ ਦਿਨ ਵੀ ਵੱਖ ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਦੀਵਾਨ ਸਜਾਏ ਗਏ ਤੇ ਅੰਮ੍ਰਿਤ ਸੰਚਾਰ ਵੀ ਹੋਇਆ
ਤਲਵੰਡੀ ਸਾਬੋ, 14 ਅਪ੍ਰੈਲ- ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਲੈ ਕੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੀਤੇ 11 ਅਪ੍ਰੈਲ ਤੋਂ ਚੱਲ ਰਿਹਾ ਵਿਸਾਖੀ ਜੋੜ ਮੇਲਾ ਅੱਜ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਖਾਲਸਾਈ ਜਾਹੋ ਜਲਾਲ ਦੇ ਨਾਲ ਮੁਹੱਲਾ ਕੱਢਣ ਦੇ ਨਾਲ ਹੀ ਸੰਪੰਨ ਹੋ ਗਿਆ। ਜੋੜ ਮੇਲੇ ਦੇ ਬਿਨਾਂ ਕਿਸੇ ਅਣਸੁਖਾਂਵੀ ਘਟਨਾ ਦੇ ਵਾਪਰਨ ਦੇ ਸ਼ਾਤੀਪੂਰਬਕ ਤਰੀਕੇ ਨਾਲ ਸੰਪੰਨ ਹੋ ਜਾਣ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ।ਅੱਜ ਜੋੜ ਮੇਲੇ ਦੇ ਅੰਤਿਮ ਦਿਨ ਵੀ ਵੱਖ ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਧਾਰਮਿਕ ਦੀਵਾਨ ਸਜਾਏ ਗਏ ਤੇ ਵੱਖ ਵੱਖ ਪਦਾਰਥਾਂ ਦੇ ਲੰਗਰਾਂ ਦਾ ਆਯੋਜਨ ਵੀ ਕੀਤਾ ਗਿਆ। ਅੱਜ ਜੋੜ ਮੇਲੇ ਦੇ ਆਖਰੀ ਦਿਨ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁੱਖ ਅਸਥਾਨ ਗੁ: ਬੇਰ ਸਾਹਿਬ ਦੇਗਸਰ ਵਿਖੇ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਰਖਵਾਏ ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ। ਭੋਗ ਉਪਰੰਤ ਬੁੱਢਾ ਦਲ ਦੇ ਹਜੂਰੀ ਰਾਗੀ ਜਥੇ ਨੇ ਸ਼ਬਦ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਤੇ ਇਸ ਮੌਕੇ ਆਯੋਜਿਤ ਢਾਡੀ ਦਰਬਾਰ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ। ਬੁੱਢਾ ਦਲ ਵੱਲੋਂ ਕਰਵਾਏ ਅੰਮ੍ਰਿਤ ਸੰਚਾਰ ਵਿੱਚ ਸੈਂਕੜੇ ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣੇ। ਇਸ ਮੌਕੇ ਨਿਹੰਗ ਸਿੰਘਾਂ ਦੇ ਲਾਇਸੰਸ ਬਣਾਏ ਗਏ ਤੇ ਰਿਨੀਊ ਵੀ ਕੀਤੇ ਗਏ। ਅਰਦਾਸ ਉਪਰੰਤ ਸੈਂਕੜੇ ਘੋੜਸਵਾਰ ਸਿੰਘ ਖਾਲਸਾਈ ਜਾਹੋ ਜਲਾਲ ਨਾਲ ਬੁੱਢਾ ਦਲ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਰਵਾਨਾ ਹੋਏ ਤੇ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਗੁ: ਮਹੱਲਸਰ ਸਾਹਿਬ ਨਤਮਸਤਕ ਹੋਣ ਤੋਂ ਬਾਦ ਬੱਸ ਸਟੈਂਡ ਦੇ ਪਿਛਲੇ ਪਾਸੇ ਗੁਰੂ ਕੀਆਂ ਲਾਡਲੀਆਂ ਫੌਜਾਂ ਵੱਲੋਂ ਮੁਹੱਲਾ ਕੱਢਦਿਆਂ ਖਾਲਸਾਈ ਸ਼ਸਤਰ ਕਲਾ ਦੇ ਜੌਹਰ ਦਿਖਾਏ ਗਏ। ਨਿਹੰਗ ਸਿੰਘਾਂ ਵੱਲੋਂ ਇੱਕ ਘੋੜੇ, ਦੋ ਘੋੜਿਆਂ, ਤਿੰਨ ਘੋੜਿਆਂ ਤੇ ਚਾਰ ਘੋੜਿਆਂ ਦੀ ਸਵਾਰੀ ਕਰਕੇ ਸੰਗਤਾਂ ਨੂੰ ਉਂਗਲਾਂ ਟੁੱਕਣ ਲਾ ਦਿੱਤਾ। ਬਾਬਾ ਬਲਬੀਰ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਸਨਮਾਨਿਤ ਵੀ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੁਰਾਤਨ ਰਵਾਇਤ ਮੁਤਾਬਿਕ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਮੁਹੱਲਾ ਕੱਢਣ ਦੇ ਨਾਲ ਹੀ ਜੋੜ ਮੇਲਿਆਂ ਦੀ ਸਮਾਪਤੀ ਹੁੰਦੀ ਰਹੀ ਹੈ ਤੇ ਉਹੀ ਰਵਾਇਤ ਦਲ ਪੰਥ ਵੱਲੋਂ ਅਜੇ ਤੱਕ ਵੀ ਕਾਇਮ ਰੱਖੀ ਗਈ ਹੈ।ਉਨ੍ਹਾਂ ਨੇ ਪਤਿਤ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬਾਨ ਤੇ ਸਿੱਖ ਸ਼ਹੀਦਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਲਈ ਬੜੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਅੱਜ ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਘੋਨ ਮੋਨ ਹੋ ਕੇ ਸੁੰਦਰ ਸਮਝਣ ਲੱਗ ਪਏ ਹਾਂ ਜਦੋਂਕਿ ਸਿੱਖ ਦੀ ਸ਼ਾਨ ਸਿਰਫ ਸਾਬਤ ਸੂਰਤ ਸਰੂਪ ਨਾਲ ਹੀ ਬਣਦੀ ਹੈ।ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਜੀਵਨ ਸਫਲਾ ਕਰਨ ਦੀ ਅਪੀਲ ਕੀਤੀ।ਉਕਤ ਸਮਾਗਮਾਂ ਵਿੱਚ ਦਲ ਪੰਥ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਵੱਲੋਂ ਵੀ ਵਿਸ਼ੇਸ ਤੌਰ ਤੇ ਸ਼ਮੂਲੀਅਤ ਕੀਤੀ ਤੇ ਉਨ੍ਹਾ ਦੇ ਦਲ ਦੇ ਮੁਹੱਲੇ ਵਿੱਚ ਪੁੱਜੇ ਹਾਥੀ ਵਿਸ਼ੇਸ ਖਿੱਚ ਦਾ ਕੇਂਦਰ ਬਣੇ ਰਹੇ। ਮੁਹੱਲਾ ਕੱਢਣ ਮੌਕੇ ਭਾਂਵੇਂ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਪ੍ਰੰਤੂ ਸਿਵਲ ਪ੍ਰਸ਼ਾਸਨ ਵੱਲੋਂ ਮੁਹੱਲੇ ਦੇ ਪ੍ਰਬੰਧਾਂ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਚਲਦਿਆਂ ਮੁਹੱਲੇ ਵਾਲੀ ਜਗ੍ਹਾ ਤੇ ਪਾਣੀ ਦਾ ਛਿੜਕਾਅ ਨਾ ਕੀਤੇ ਜਾਣ ਦੇ ਚਲਦਿਆਂ ਘੋੜਸਵਾਰਾਂ ਦੇ ਚੱਲਣ ਮੌਕੇ ਉੱਡਦੀ ਧੂੜ ਨਾਲ ਮੁਹੱਲਾ ਦੇਖਣ ਪੁੱਜੀ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁਹੱਲਾ ਕੱਢਣ ਮੌਕੇ ਦਲ ਪੰਥ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਤੋਂ ਇਲਾਵਾ ਭਾਈ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਗੱਜਣ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਵੱਸਣ ਸਿੰਘ ਮੜ੍ਹੀਆਂਵਾਲੇ, ਬਾਬਾ ਮਨਮੋਹਣ ਸਿੰਘ ਵਾਰਨ ਵਾਲੇ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਮਾਨ ਸਿੰਘ ਮੜੀਆਂ ਵਾਲੇ, ਬਾਬਾ ਬਲਦੇਵ ਸਿੰਘ ਬੱਲਾ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਜਗਸੀਰ ਸਿੰਘ ਮਾਂਗੇਆਣਾ, ਬਾਬਾ ਲਾਲ ਸਿੰਘ ਮਾਲਵਾ ਤਰਨਾ ਦਲ, ਬਾਬਾ ਜੱਸਾ ਸਿੰਘ ਪੀ. ਏ., ਬਾਬਾ ਅਰਜੁਨਦੇਵ ਸਿੰਘ ਸ਼ਿਵਜੀ, ਭਾਈ ਮੇਜਰ ਸਿੰਘ ਮੁਖਤਿਆਰ ਏ ਆਮ, ਭਾਈ ਸੁਖਮੰਦਰ ਸਿੰਘ ਮੋਰ, ਭਾਈ ਰਣਯੋਧ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਬਲਦੇਵ ਸਿੰਘ ਢੋਡੀਵਿੰਡੀਆ, ਭਾਈ ਸਰਵਣ ਸਿੰਘ ਮਝੈਲ, ਭਾਈ ਪਿਆਰਾ ਸਿੰਘ ਆਦਿ ਸਿੰਘ ਹਾਜ਼ਰ ਸਨ। ਓਧਰ ਮੁਹੱਲਾ ਕੱਢਣ ਦੇ ਨਾਲ ਹੀ ਵਿਸਾਖੀ ਮੇਲਾ ਰਸਮੀ ਤੌਰ ‘ਤੇ ਸਮਾਪਤ ਹੋ ਗਿਆ। ਅੱਜ ਆਖਰੀ ਦਿਨ ਵੀ ਜਿੱਥੇ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਤਖਤ ਸਾਹਿਬ ਵਿਖੇ ਮੱਥਾ ਟੇਕਿਆ ਉੱਥੇ ਹੋਰਨਾਂ ਗੁਰਦੁਆਰਾ ਸਾਹਿਬਾਨ ਵਿੱਚ ਵੀ ਨਤਮਸਤਕ ਹੋਈਆਂ। ਸਰਬੱਤ ਖਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ੍ਹ ਵੱਲੋਂ ਆਖਿਰੀ ਦਿਨ ਵੀ ਧਾਰਮਿਕ ਦੀਵਾਨ ਸਜਾਏ ਗਏ ਤੇ ਲੰਗਰਾਂ ਦਾ ਆਯੋਜਨ ਕੀਤਾ ਗਿਆ। ਭਾਈ ਮਨੀ ਸਿੰਘ ਸੇਵਾ ਸੁਸਾਇਟੀ ਤੋਂ ਇਲਾਵਾ ਵੱਖ ਵੱਖ ਨਗਰਾਂ ਦੀਆਂ ਸੰਗਤਾਂ ਤੇ ਜਥੇਬੰਦੀਆਂ ਵੱਲੋਂ ਵੱਖ ਵੱਖ ਪਦਾਰਥਾਂ ਦੇ ਦਰਜਨਾਂ ਲੰਗਰਾਂ ਦਾ ਆਯੋਜਨ ਕੀਤਾ ਗਿਆ। ਵਿਸਾਖੀ ਜੋੜ ਮੇਲਾ ਸ਼ਾਤੀਪੂਰਬਕ ਸੰਪੰਨ ਹੋ ਜਾਣ ਦੇ ਨਾਲ ਹੀ ਪੁਲਿਸ ਤੇ ਪ੍ਰਸ਼ਾਸਨ ਨੇ ਸੁਖ ਦਾ ਸਾਹ ਲਿਆ ਹੈ।
ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਦਿਆਂ ਹੀ ਵਿਸਾਖੀ ਜੋੜ ਮੇਲਾ ਸਿਖਰ ’ਤੇ ਪਹੁੰਚਿਆ



