ਕਾਂਗਰਸ, ਅਕਾਲੀ ਦਲ ਤੇ ‘ਆਪ’ ਦੇ ਵੱਡੇ ਆਗੂ ਨਾ ਪਹੁੰਚੇ
ਪੰਜਾਬ ਸਰਕਾਰ ਕਿਸਾਨਾਂ ਦੇ ਕਰਜ਼ਿਆਂ ਸਬੰਧੀ ਬਜਟ ਦੌਰਾਨ ਯੂ.ਪੀ. ਨਾਲੋਂ ਵੱਡਾ ਕਦਮ ਚੁੱਕੇਗੀ : ਮਨਪ੍ਰੀਤ ਬਾਦਲ
ਤਲਵੰਡੀ ਸਾਬੋ, 13 ਅਪ੍ਰੈਲ- ਮੇਲਾ ਵਿਸਾਖੀ ਮੌਕੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ ਜਿਹੜੀਆਂ ਕਿ ਇਕੱਠ ਪੱਖੋਂ ਤਿੰਨੇ ਹੀ ਸਿਆਸੀ ਪਾਰਟੀਆਂ ਲਈ ਨਿਰਾਸ਼ਾਜਨਕ ਰਹੀਆਂ। ਪੰਜਾਬ ਦੀ ਸੱਤਾਧਾਰੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੇਲਾ ਮੈਨੇਜਮੈਂਟ ਵੱਲੋਂ ਕਾਨਫਰੰਸਾਂ ਲਈ ਰੱਖੀ ਗਈ ਜਗ੍ਹਾ ਵਿੱਚ ਉਹ ਥਾਂ ਅਲਾਟ ਕੀਤੀ ਗਈ ਸੀ ਜਿੱਥੇ ਪਿਛਲੀ ਵਿਸਾਖੀ ਮੌਕੇ ਤੱਤਕਾਲੀਨ ਸੱਤਾ ‘ਤੇ ਕਾਬਜ਼ ਪਾਰਟੀ ਵੱਲੋਂ ਰੈਲੀ ਕਰਨ ਲਈ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਂਦੇ ਸਾਰੇ ਰਸਤੇ ਸੀਲ ਕਰਕੇ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨੂੰ ਕਾਮਯਾਬ ਕਰ ਲਿਆ ਗਿਆ ਸੀ ਪ੍ਰੰਤੂ ਇਸ ਵਾਰ ਕਾਂਗਰਸ ਸਰਕਾਰ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਅਹਿਮੀਅਤ ਦਿੰਦਿਆਂ ਆਪਣੀ ਰੈਲੀ ਵਿੱਚ ਇਕੱਠ ਕਰਨ ਲਈ ਕੋਈ ਵੀ ਅਜਿਹਾ ਹੀਲਾ ਨਹੀਂ ਵਰਤਿਆ ਗਿਆ। ਓਧਰ ਬਠਿੰਡਾ ਰੋਡ ‘ਤੇ ਕੀਤੀ ਗਈ ਆਮ ਆਦਮੀ ਪਾਰਟੀ ਦੀ ਰੈਲਕੀ ਵਿੱਚ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਆਪ ਨੇਤਾ ਭਗਵੰਤ ਮਾਨ ਦੇ ਨਾ ਪਹੁੰਚਣ ਕਾਰਨ ਲੋਕ ਰੈਲੀ ਵਾਲੀ ਜਗ੍ਹਾ ਤੋਂ ਨਿਰਾਸ਼ ਹੋ ਕੇ ਓਹਨੀਂ ਪੈਰੀਂ ਮੁੜਦੇ ਰਹੇ ਜਿਸ ਕਾਰਨ ਆਮ ਆਦਮੀ ਪਾਰਟੀ ਦੀ ਰੈਲੀ ਇਕੱਠ ਪੱਖੋਂ ਫਿੱਕੀ ਰਹੀ।
ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਬੋਲਦਿਆਂ ਵਿਧਾਨ ਸਭਾ ਦੇ ਵਿਰੋਧੀ ਨੇਤਾ ਐਚ ਐਸ ਫੂਲਕਾ ਨੇ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਬਿਨ੍ਹਾ ਕਿਸੇ ਕਿਸਮ ਦਾ ਨਸਾ ਵੰਡੇ ਤੋਂ ਪੰਜਾਬੀਆਂ ਨੇ ਉਨ੍ਹਾਂ 18 ਨੇਤਾਵਾਂ ਨੂੰ ਸੱਤ੍ਹਾ ਵਿੱਚ ਭੇਜਿਆ ਜੋ ਰਾਜਨੀਤੀ ਤੋਂ ਬਿਲਕੁੱਲ ਹੀ ਕੋਰੇ ਸਨ ਜਿਸਤੋਂ ਪਤਾ ਲਗਦਾ ਹੈ ਕਿ ਪੰਜਾਬੀ ਹੁਣ ਨਸ਼ਿਆਂ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਸਿਆਸੀ ਹੱਥ ਕੰਡਿਆਂ ਤੋਂ ਪੂਰੀ ਤਰ੍ਹਾ ਜਾਗਰੂਕ ਹੋ ਚੁੱਕੇ ਹਨ ਜਿਸਦਾ ਸਦਕਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੂਰੀ ਤਰ੍ਹਾਂ ਇਮਾਨਦਾਰ ਅਤੇ ਬੇਦਾਗ਼ ਨੇਤਾ ਦੇਸ਼ ਦੀ ਵਾਗ ਡੋਰ ਸੰਭਾਲਣ ਦੇ ਸਮਰੱਥ ਹੋ ਸਕਣਗੇ। ਇਸ ਤੋਂ ਇਲਾਵਾ ਕਾਨਫਰੰਸ ਨੂੰ ਸੁਖਪਾਲ ਸਿੰਘ ਖਹਿਰਾ, ਪ੍ਰੋ. ਬਲਜਿੰਦਰ ਕੌਰ ਹਲਕਾ ਵਿਧਾਇਕ ਤਲਵੰਡੀ ਸਾਬੋ, ਵਿਧਾਇਕ ਰੁਪਿੰਦਰ ਰੂਬੀ, ਜਗਦੇਵ ਸਿੰਘ ਕਮਾਲੂ, ਮਨਜੀਤ ਸਿੰਘ ਬਿਲਾਸਪੁਰ, ਮਨਿੰਦਰ ਸਿੰਘ ਕੰਗ, ਹਰਪਾਲ ਚੀਮਾ, ਮਾ. ਜਗਸੀਰ ਸਿੰਘ, ਕਰਮਜੀਤ ਕੌਰ ਚਹਿਲ, ਜਸਵੀਰ ਕੌਰ, ਕਰਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਤਾਰ ਸਿੰਘ ਰਾਏਪੁਰ, ਪਿਰਮਿਲ ਸਿੰਘ ਧੌਲ਼ਾ ਆਦਿ ਆਗੂਆਂ ਨੇ ਸੰਬੋਧਨ ਕੀਤਾ ਜਦੋਂ ਕਿ ਮੀਡੀਆ ਇੰਚਾਰਜ ਨੀਲ ਗਰਗ ਨੇ ਕਾਨਫਰੰਸ ਨੂੰ ਸਫਲ਼ ਕਰਨ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਈ।
ਮਨਪ੍ਰੀਤ ਸਿੰਘ ਬਾਦਲ: ਪੰਜਾਬ ਸਰਕਾਰ ਆਉਂਦੇ 3 ਮਹੀਂਿਨਆਂ ਤੱਕ ਕਿਸਾਨਾਂ ਦੇ ਕਰਜ਼ਿਆਂ ਦਾ ਢੁੱਕਵਾਂ ਹੱਲ ਕਰਨ ਜਾ ਰਹੀ ਹੈ ਜੋ ਕਿ ਆਉਣ ਵਾਲੇ ਬਜਟ ਵਿਚ ਪੇਸ਼ ਕੀਤਾ ਜਾਵੇਗਾ। ਕਿਸਾਨਾਂ ਦੇ ਕਰਜ਼ਿਆਂ ਦੇ ਮਾਮਲੇ ’ਤੇ ਪੰਜਾਬ ਸਰਕਾਰ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ 3 ਮਹੀਨਿਆਂ ਬਾਅਦ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਜਾਵੇਗਾ। ਇਹ ਐਲਾਨ ਅੱਜ ਇੱਥੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਮੌਕੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਭਾਰੀ ਇਕੱਠ ਨੂੰ ਸੰਬੋਧਤ ਹੁੰਦਿਆਂ ਸ਼੍ਰੀ ਬਾਦਲ ਨੇ ਇਸ ਮੁਬਾਰਕ ਦਿਨ ’ਤੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨਾਲ ਕੀਤਾ ਵਾਅਦਾ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਕਰਜ਼ ਮੁਆਫੀ ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਸਰਕਾਰ ਨਾਲੋਂ ਵੱਡਾ ਕਦਮ ਚੁੱਕੇਗੀ ਜਿਸ ਨਾਲ ਆਉਂਦੇ 3 ਮਹੀਨਿਆਂ ਬਾਅਦ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਇੱਕ ਹੋਰ ਅਹਿਮ ਐਲਾਨ ਕਰਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਲਦ ਹੀ ਮਜ਼ਬੂਤ ਅਤੇ ਅਸਰਦਾਰ ਲੋਕਪਾਲ ਬਿੱਲ ਲਿਆਂਦਾ ਜਾ ਰਿਹਾ ਹੈ ਤਾਂ ਜੋ ਪ੍ਰਸ਼ਾਸਨਿਕ ਕੰਮਾਂ ਵਿਚ ਹੋਰ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰਸਤਾਵਤ ਬਿੱਲ ਦੇ ਘੇਰੇ ਵਿਚ ਅਫ਼ਸਰਸ਼ਾਹੀ ਹੀ ਨਹੀਂ ਸਗੋਂ ਮੁੱਖ ਮੰਤਰੀ ਅਤੇ ਮੰਤਰੀ ਵੀ ਆਉਣਗੇ। ਇਸ ਮੌਕੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀ ਵਧਾਈ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ਼੍ਰੀ ਲਾਲ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤਾ ਹਰ ਵਾਅਦਾ ਸਮਾਂਬਧ ਢੰਗ ਨਾਲ ਪੂਰਾ ਕਰਨ ਲਈ ਵਚਨਬਧ ਹੈ। ਉਨ੍ਹਾਂ ਕਿਹਾ ਨਸ਼ਿਆਂ ਵਿਰੁੱਧ ਛੇੜੀ ਜੰਗ ਦੀ ਚੰਗੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸਪੈਸ਼ਲ ਟਾਸਕ ਫੋਰਸ ਵਲੋਂ ਕੀਤੀ ਜਾ ਰਹੀ ਕਾਰਵਾਈ ਸਦਕਾ ਆਉਂਦੇ ਦਿਨਾਂ ’ਚ ਹੋਰ ਚੰਗੇ ਨਤੀਜੇ ਸਾਹਮਣੇ ਆਉਣਗੇ। ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ, ਭੁੱਚੋ ਮੰਡੀ ਤੋਂ ਵਿਧਾਇਕ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ, ਖੁਸ਼ਬਾਜ਼ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਵਿਧਾਇਕ ਸ਼੍ਰੀ ਗੁਰਕੀਰਤ ਕੋਟਲੀ, ਪਾਇਲ ਤੋਂ ਵਿਧਾਇਕ ਸ਼੍ਰੀ ਲਖਵੀਰ ਸਿੰਘ ਲੱਖਾ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਆਦਿ ਹਾਜ਼ਰ ਸਨ।
ਵਿਸਾਖੀ ਕਾਨਫਰੰਸਾਂ ’ਚ ਸਿਆਸੀ ਤੋਪਾਂ ਦੀ ਰਹੀ ਘਾਟ



