ਤਲਵੰਡੀ ਸਾਬੋ, (ਰਾਮ ਰੇਸ਼ਮ ਨਥੇਹਾ)- 10 ਸਾਲ ਰਾਜਭਾਗ ਦਾ ਸੁਖ ਮਾਣ ਕੇ ਸੱਤਾ ਤੋਂ ਲਾਂਭੇ ਹੋਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਥਾਨਕ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਕੀਤੀ ਰਾਜਸੀ ਕਾਨਫਰੰਸ ਤੇ ਭਾਵੇ ਸਰਕਾਰ ਖੁੱਸ ਜਾਣ ਦਾ ਅਸਰ ਦਿਖਾਈ ਦੇ ਰਿਹਾ ਸੀ ਪ੍ਰੰਤੂ ਫਿਰ ਵੀ ਪਾਰਟੀ ਭਰਵਾਂ ਇਕੱਠ ਕਰਨ ਵਿੱਚ ਸਫਲ ਰਹੀ। ਰੈਲੀ ਵਿੱਚ ਭਾਵਂੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੁਨਣ ਲਈ ਆਏ ਲੋਕਾਂ ਨੂੰ ਨਿਰਾਸ਼ ਮੁੜਨਾ ਪਿਆ ਪ੍ਰੰਤੂ ਪਾਰਟੀ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਭਾਸ਼ਣ ਐਂਤਕੀ ਪਹਿਲਾਂ ਨਾਲੋਂ ਵੀ ਪ੍ਰਭਾਵਸ਼ਾਲੀ ਸੁਨਣ ਨੂੰ ਮਿਲਿਆ। ਰੈਲੀ ਵਿੱਚ ਪੁੱਜਣ ਤੇ ਸਭ ਤੋਂ ਪਹਿਲਾਂ ਹਲਕੇ ਤੋਂ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਕੌਮੀ ਮੀਤ ਪ੍ਰਧਾਨ ਸ਼੍ਰੋ. ਅ. ਦਲ ਨੇ ਪਾਰਟੀ ਪ੍ਰਧਾਨ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਵਿਸਾਖੀ ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਭਰੋਸਾ ਦੁਆਇਆ ਕਿ ਭਾਵੇਂ ਸਰਕਾਰ ਹੋਂਦ ਵਿੱਚ ਕਾਂਗਰਸ ਦੀ ਸਰਕਾਰ ਆ ਚੁੱਕੀ ਹੈ ਪਰ ਅਕਾਲੀ ਵਰਕਰ ਮਾਯੂਸ ਨਹੀਂ ਹਨ ਤੇ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਵਰਕਰ ਮਿਹਨਤ ਕਰਕੇ ਚੋਣਾਂ ਜਿੱਤ ਕੇ ਪਾਰਟੀ ਨੂੰ ਕਾਮਯਾਬ ਬਣਾਉਣਗੇ। ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਤੇ ਜਿਲ੍ਹਾ ਪ੍ਰਧਾਨ ਸਿਕੰਦਰ ਸਿਮਘ ਮਲੂਕਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਕਾਸ ਨੂੰ ਵਿਸਾਰਦਿਆਂ ਜਿਵੇਂ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਉਸਦਾ ਖਮਿਆਜਾ ਲੋਕਾਂ ਨੂੰ ਹੀ ਭੁਗਤਣਾ ਪੈਣਾ ਹੈ ਕਿਉਂਕਿ ਉਕਤ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀ ਕਰਨਾ।ਰਾਜ ਸਭਾ ਮੈਂਬਰ ਤੇ ਪਾਰਟੀ ਦੇ ਸੀਨ:ਆਗੂ ਬਲਵਿੰਦਰ ਸਿੰਘ ਭੂੰਦੜ ਨੇ ਪਾਣੀਆਂ ਦੇ ਮਸਲ ਤੇ ਵੀਚਾਰ ਰੱਖਦਿਆਂ ਕਿਹਾ ਕਿ ਸਿੱਖ ਘੱਟਗਿਣਤੀ ਕੌਮ ਹੋਣ ਅਤੇ ਪੰਜਾਬ ਸਿੱਖਾਂ ਦਾ ਪ੍ਰਦੇਸ਼ ਹੋਣ ਦੇ ਨਾਤੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਉਸਦਾ ਪਾਣੀ ਖੋਹਣ ਦੀ ਕੋੋਿਸ਼ਸ ਹੋ ਰਹੀ ਹੈ ਜੋ ਕਿਸੇ ਕੀਮਤ ਦੇ ਬਰਦਾਸ਼ਤ ਨਹੀ ਹੋਵੇਗੀ। ਆਪਣੇ ਵੀਚਾਰ ਪੇਸ਼ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਵਿਸਾਖੀ ਦੇ ਮਹੱਤਵ ਅਤੇ ਇਤਿਹਾਸ ਤੋਂ ਜਾਣੂੰ ਕਰਵਾਂਉਦਿਆਂ ਇੱਕ ਵਾਰ ਫਿਰ ਏਕਤਾ ਦੀ ਪੇਸ਼ਕਸ਼ ਕਰਦਿਆਂ ਦੂਜੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਕਿਹਾ ਕਿ ਪੰਥਕ ਏਕਤਾ ਦੇ ਲਈ ਉਹ ਖੁਦ ਚੱਲ ਕੇ ਆਉਣ ਲਈ ਤਿਆਰ ਹਨ ਬਸ਼ਰਤੇ ਦੂਜੀਆਂ ਜਥੇਬੰਦੀਆਂ ਸਮਾਂ ਤੇ ਸਥਾਨ ਨਿਸ਼ਚਿਤ ਕਰਨ। ਇਸ ਮੌਕੇ ਆਪਣੇ ਸੰਬੋਧਨ ਵਿੱਚ ਕੇਂਦਰੀ ਫੁੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਰੋਧੀਆਂ ਤੇ ਸਿਆਸੀ ਹੱਲੇ ਬੋਲਦਿਆਂ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਿੱਲੀਓ ਆਈ ਪਾਰਟੀ ਦਾ ਖੁਦ ਦਿੱਲੀ ਵਿੱਚ ਵਜੂਦ ਖਤਰੇ ਵਿੱਚ ਪਿਆ ਦਿਖਾਈ ਦੇ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਤੇ ਚਾਰ ਸਾਲ ਬਾਅਦ ਉਕਤ ਜਥੇਬੰਦੀ ਦੇ ਗਠਨ ਨੂੰ ਪੂਰਾ 100 ਸਾਲ੍ਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਬੇਅਬਦੀ ਦੀਆਂ ਘਟਨਾਵਾਂ ਵੇਲੇ ਅਕਾਲੀ ਸਰਕਾਰ ਨੂੰ ਦੋਸ਼ੀ ਗਰਦਾਨ ਦੇਣ ਵਾਲੇ ਕਾਂਗਰਸੀ ਹੁਣ ਦੱਸਣ ਕਿ ਉਨ੍ਹਾਂ ਦੀ ਸਰਕਾਰ ਬਨਣ ਤੋਂ ਬਾਦ ਵੀ ਕਈ ਥਾਵਾਂ ਤੇ ਵਾਪਰਨ ਵਾਲੀਆਂ ਬੇਅਬਦੀ ਦੀਆਂ ਘਟਨਾਵਾਂ ਦਾ ਦੋਸ਼ੀ ਕੌਣ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਤੇ ਵੀ ਪਾਣੀ ਪੀ ਪੀ ਅਕਾਲੀ ਦਲ ਨੂੰ ਕੋਸਣ ਵਾਲੇ ਕੈਪਟਨ ਸਾਹਿਬ ਕੋਲ ਹੁਣ ਤਾਂ ਸਰਕਾਰ ਹੈ ਤੇ ਪੁਲਿਸ ਵੀ ਉਨ੍ਹਾਂ ਦੀ ਹੈ ਉਹ ਹੁਣ ਫੜ ਕੇ ਦੱਸਣ ਕਿ ਕਿਹੜਾ ਅਕਾਲੀ ਦਲ ਦਾ ਵਿਧਾਇਕ ਜਾਂ ਮੰਤਰੀ ਨਸ਼ੇ ਵੇਚਦਾ ਹੈ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਸਰਕਾਰ ਬਣਦਿਆਂ ਹੀ ਟਰੱਕ ਯੁਨੀਅਨਾਂ ਅਤੇ ਲੇਬਰ ਯੁਨੀਅਨਾਂ ਤੇ ਕਬਜੇ ਕਰਨ ਤੋਂ ਸਿਵਾਏ ਹੋਰ ਕਾਂਗਰਸ ਨੇ ਕੱਖ ਨਹੀ ਕੀਤਾ। ਇਸ ਮੌਕੇ ਸਥਾਨਕ ਜਥੇਬੰਦੀ ਵੱਲੋਂ ਸਾਬਕਾ ਵਿਧਾਇਕ ਸਿੱਧੁੂ ਅਤੇ ਜਿਲ੍ਹਾ ਜਥੇਬੰਦੀ ਵੱਲੋਂ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਸ੍ਰ.ਬਾਦਲ ਤੇ ਬੀਬਾ ਬਾਦਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਜ ਦੀ ਕਾਰਵਾਈ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਬਾਖੂਬੀ ਨਿਭਾਈ ਜਦੋਂਕਿ ਕਾਨਫਰੰਸ ਨੂੰ ਸ੍ਰ. ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ, ਦਿਲਰਾਜ ਸਿੰਘ ਭੂੰਦੜ ਵਿਧਾਇਕ ਸਰਦੂਲਗੜ੍ਹ, ਜਗਦੀਪ ਸਿੰਘ ਨਕੱਈ ਤੇ ਸਰੂਪ ਚੰਦ ਸਿੰਗਲਾ ਦੋਵੇਂ ਸਾਬਕਾ ਸੰਸਦੀ ਸਕੱਤਰ, ਦਰਸ਼ਨ ਸਿੰਘ ਕੋਟਫੱਤਾ ਤੇ ਗੁਰਾ ਸਿੰਘ ਤੁੰਗਵਾਲੀ ਦੋਵੇਂ ਸਾਬਕਾ ਵਿਧਾਇਕਾਂ ਨੇ ਵੀ ਸੰਬੋਧਨ ਕੀਤਾ। ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਮਨਤਾਰ ਬਰਾੜ ਸਾਬਕਾ ਸੰਸਦੀ ਸਕੱਤਰ, ਸੁਰਿੰਦਰਪਾਲ ਸਿਵੀਆ ਤੇ ਹਰੀ ਸਿੰਘ ਜੀਰਾ ਦੋਵੇਂ ਸਾਬਕਾ ਵਿਧਾਇਕ, ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਬਠਿੰਡਾ, ਹਰਪ੍ਰੀਤ ਕੋਟ ਭਾਈ, ਬਲਵੰਤ ਰਾਏ ਨਾਥ ਮੇਅਰ ਬਠਿੰਡਾ, ਬੀਬੀ ਜੋਗਿੰਦਰ ਕੌਰ ਅੰੰਿਤ੍ਰਗ ਮੈਂਬਰ ਸ਼੍ਰੋਮਣੀ ਕਮੇਟੀ, ਮਨਜੀਤ ਸਿੰਘ ਬੱਪੀਆਣਾ ਅੰਤ੍ਰਿੰਗ ਮੈਂਬਰ ਧਰਮ ਪ੍ਰਚਾਰ ਕਮੇਟੀ, ਮੋਹਣ ਸਿੰਘ ਬੰਗੀ ਤੇ ਅਮਰੀਕ ਸਿੰਘ ਕੋਟਸ਼ਮੀਰ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਆਗੂ ਹਾਜਿਰ ਸਨ।
ਕਾਂਗਰਸ ਦਾ ਖਜ਼ਾਨਾ ਖਾਲੀ ਦਾ ਰਾਗ ਵਾਅਦਿਆਂ ਤੋਂ ਮੁਕਰਨ ਲਈ : ਸੁਖਬੀਰ



