ਸੰਗਰੂਰ, 9 ਅਪ੍ਰੈਲ (ਹਰਜੀਤ ਸਿੰਘ ਹਸਨਪੁਰੀ)- ਲੌਂਗੋਵਾਲ ਵਿਖੇ ਤਰਕਸ਼ੀਲ ਸੁਸਾਇਟੀ ਇਕਾਈ ਲੌਂਗੋਵਾਲ ਦਾ ਸਾਲ 2017-19 ਲਈ ਇਜਲਾਸ ਹੋਇਆ, ਜਿਸ ਵਿਚ ਤਰਕਸ਼ੀਲ ਮੈਗਜ਼ੀਨ ਦੇ ਮੁਖੀ ਬਲਵੀਰ ਲੌਂਗੋਵਾਲ ਅਤੇ ਵਿੱਤ ਜ਼ੋਨ ਮੁਖੀ ਜੁਝਾਰ ਲੌਂਗੋਵਾਲ ਬਤੌਰ ਨਿਗਰਾਨ ਸ਼ਾਮਲ ਹੋਏ। ਇਜਲਾਸ ਦੌਰਾਨ ਪਿਛਲੇ ਕੰਮਾਂ ਅਤੇ ਗਤੀਵਿਧੀਆਂ ਬਾਰੇ ਰਿਪੋਰਟ ਪੇਸ਼ ਕੀਤੀ ਗਈ।ਇਜਲਾਸ ਦੌਰਾਨ ਤਰਕਸ਼ੀਲ ਸੁਸਾਇਟੀ ਇਕਾਈ ਲੌਂਗੋਵਾਲ ਦੇ ਵੱਖ-ਵੱਖ ਵਿਭਾਗਾਂ ਦੀ ਚੋਣ ਕੀਤੀ ਗਈ, ਜਿਸ ਵਿਚ ਜੁਝਾਰ ਲੌਂਗੋਵਾਲ ਨੂੰ ਜਥੇਬੰਦਕ ਵਿਭਾਗ ਦਾ ਮੁਖੀ, ਕਮਲਜੀਤ ਲੌਂਗੋਵਾਲ ਨੂੰ ਵਿੱਤ ਅਤੇ ਮੈਗਜ਼ੀਨ ਵੰਡ ਮੁਖੀ, ਬੀਰਬਲ ਲੌਂਗੋਵਾਲ ਨੂੰ ਮੀਡੀਆ ਵਿਭਾਗ ਦਾ ਮੁਖੀ, ਗੁਰਜੀਤ ਸਿੰਘ ਨੂੰ ਸਭਿਆਚਾਰ ਵਿਭਾਗ ਮੁਖੀ, ਹਰਜੀਤ ਸਿੰਘ ਨੂੰ ਮਾਨਸਿਕ ਸਿਹਤ ਸਲਾਹ ਵਿਭਾਗ ਦੇ ਮੁਖੀ ਵਜੋਂ ਚੁਣਿਆ ਗਿਆ ਹੈ।ਇਨ੍ਹਾਂ ਵਿਭਾਗਾਂ ਦੇ ਨਾਲ ਸਹਾਇਕ ਦੇ ਤੌਰ ‘ਤੇ ਪਰਵਿੰਦਰ ਉਭਾਵਾਲ, ਗੋਬਿੰਦ ਲੌਂਗੋਵਾਲ, ਰਣਬੀਰ ਸ਼ਾਹਪੁਰ, ਭਾਗ ਸਿੰਘ ਅਤੇ ਹਰਦੀਪ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਇਜਲਾਸ ਦੌਰਾਨ ਨਵੀਂ ਮੈਂਬਰਸ਼ਿਪ ਪ੍ਰਾਪਤ ਕਰਕੇ ਸ਼ਾਮਲ ਹੋਏ ਨਵੇਂ ਮੈਂਬਰਾਂ ਵਲੋਂ ਇਕਾਈ ਦੇ ਕੰਮਾਂ ਨੂੰ ਵੇਖਦਿਆਂ ਸਮਾਜ ਵਿਚ ਚੰਗੇ ਕੰਮਾਂ ਲਈ ਵਿਗਿਆਨਕ ਦ੍ਰਿਸ਼ਟੀ ਅਪਣਾਉਂਦੇ ਹੋਏ ਕੰਮ ਕਰਨ ਦਾ ਪ੍ਰਣ ਕੀਤਾ ਗਿਆ।ਇਜਲਾਸ ਦੌਰਾਨ ਇਕਾਈ ਲੌਂਗੋਵਾਲ ਨੇ ਸਕੂਲਾਂ, ਪਿੰਡਾਂ ਅਤੇ ਮੁਹੱਲਿਆਂ ਵਿਚ ਵਿਗਿਆਨਕ ਪ੍ਰੋਗਰਾਮ ਅਤੇ ਸੈਮੀਨਾਰ ਕਰਵਾਉਣ ਬਾਰੇ ਵੀ ਵਿਚਾਰ ਕੀਤਾ ਗਿਆ। ਨਿਗਰਾਨ ਬਲਵੀਰ ਲੌਂਗੋਵਾਲ ਵਲੋਂ ਸਮੂਹ ਮੈਂਬਰਾਂ ਨੂੰ ਤਰਕਸ਼ੀਲ ਸੁਸਾਇਟੀ ਦੀ ਵਿਗਿਆਨਕ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸੁਨੇਹਾ ਦਿੱਤਾ।
ਜੁਝਾਰ ਲੌਂਗੋਵਾਲ ਤਰਕਸ਼ੀਲ ਸੁਸਾਇਟੀ ਲੌਂਗੋਵਾਲ ਦੇ ਮੁਖੀ ਚੁਣੇ ਗਏ



