ਨੂਰਪੁਰ ਬੇਦੀ, 9 ਅਪ੍ਰੈਲ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)- ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬਸਾਲੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਝਿੜੀ ਸਾਹਿਬ ਦੇ ਲਾਗੇ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਨੂੰ ਚੁੱਕਣ ਦੀ ਮੰਗ ਜ਼ੋਰ ਫੜ੍ਹ ਗਈ ਹੈ।ਦੱਸਣਯੋਗ ਹੈ ਕਿ ਇਹ ਸ਼ਰਾਬ ਦਾ ਠੇਕਾ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਬਾਊਂਡਰੀ ਨਾਲ ਲੱਗਦੀ ਮੁੱਖ ਸੜਕ ਤੇ ਸਥਿਤ ਹੈ। ਇਤਿਹਾਸਕ ਗੁਰਦੁਆਰਾ ਸਾਹਿਬ ਲਾਗੇ ਸ਼ਾਮ ਨੂੰ ਸ਼ਰੇਆਮ ਸੋਮਰਸ ਦੇ ਪੱੈਗ ਲਗਾਏ ਜਾ ਰਹੇ ਹਨ। ਜਿਸ ਕਰਕੇ ਜਿਥੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਠੇਸ ਪੁੱਜ ਰਹੀ ਹੈ ਉਥੇ ਸੜਕ ਕਿਨਾਰੇ ਬਣੇ ਇਸ ਠੇਕੇ ਕਾਰਨ ਆਸ-ਪਾਸ ਦੇ ਪਿੰਡਾਂ ਦੀਆਂ ਔਰਤਾਂ ਲਈ ਵੀ ਵੱਡੀ ਸਿਰਦਰਦੀ ਬਣੀ ਹੋਈ ਹੈ। ਇਸ ਠੇਕੇ ਕਰਕੇ ਕਈ ਵਾਰ ਔਰਤਾਂ ਨੂੰ ਸ਼ਰਾਬੀਆਂ ਦੀਆਂ ਟਿੱਚਰਾਂ ਦਾ ਦਰਦ ਵੀ ਸਹਿਣਾ ਪੈਂਦਾ ਹੈ। ਇਸ ਮੁੱਦੇ ਨੂੰ ਲੈ ਕੇ ਜਿਥੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਸਰਪੰਚ ਹਰਕੇਤ ਸਿੰਘ ਕੋਲਾਪੁਰ, ਸਰਪੰਚ ਕਰਨੈਲ ਸਿੰਘ ਜੱਸੇਮਾਜਰਾ, ਬਖਸ਼ੀਸ਼ ਸਿੰਘ ਸਾ.ਸਰਪੰਚ ਅਤੇ ਡਾ.ਸ਼ਿੰਗਾਰਾ ਸਿੰਘ ਆਦਿ ਨੇ ਰੋਸ ਪ੍ਰਗਟ ਕੀਤਾ ਹੈ, ਉਥੇ ਗੁੱਜਰ ਸਮਾਜ ਦੇ ਆਗੂ ਅਤੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਜਨਰਨਲ ਸਕੱਤਰ ਡਾ. ਦਵਿੰਦਰ ਬਜਾੜ ਬੂੰਗੜੀ ਨੇ ਕਿਹਾ ਕਿ ਉਹ ਇਹ ਮਾਮਲਾ ਆਬਕਾਰੀ ਵਿਭਾਗ ਦੇ ਅਧਿਕਾਰੀਆਂ, ਐਸ.ਐਸ.ਪੀ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਕੋਲ ਵੀ ਉਠਾ ਚੁੱਕੇ ਹਨ।ਡਾ.ਬਜਾੜ ਨੇ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਜਾਣੂੰ ਕਰਵਾ ਦਿੱਤਾ ਹੈ ਅਗਰ ਪ੍ਰਸ਼ਾਸ਼ਨ ਨੇ ਇਥੋ ਜਲਦ ਸ਼ਰਾਬ ਦਾ ਠੇਕਾ ਨਾ ਹਟਾਇਆਂ ਤਾਂ ਉਹ ਇਲਾਕੇ ਦੇ ਲੋਕਾਂ ਦੇ ਸਹਿਯੋਗ ਅਤੇ ਸਮਾਜ ਸੇਵੀ ਜਥੇਬੰਦੀਆਂ ਦੀ ਮੱਦਦ ਨਾਲ ਸੰਘਰਸ਼ ਸ਼ੁਰੂ ਕਰਨਗੇ।ਉਹਨਾਂ ਕਿਹਾ ਕਿ ਇਸ ਕੰਮ ਲਈ ਅਗਰ ਉਹਨਾਂ ਨੂੰ ਭੁੱਖ ਹੜਤਾਲ ਤੇ ਵੀ ਬੈਠਣਾ ਪਿਆ ਤਾਂ ਉਹ ਇਹ ਸਭ ਕੁਝ ਕਰਨਗੇ। ਡਾ. ਬਜਾੜ ਨੇ ਦੱਸਿਆ ਕਿ ਗੁਰਦੁਆਰਾ ਝਿੜੀ ਸਾਹਿਬ ਉਹ ਧਾਰਮਿਕ ਤੇ ਪਵਿੱਤਰ ਸਥਾਨ ਹੈ ਜਿਥੇ ਦਸ਼ਮੇਸ਼ ਪਿਤਾ ਗੁਰੁ ਗੋਬਿੰਦ ਸਿੰਘ ਜੀ 14 ਕੱਤਕ 1757 ਨੂੰ ਨਿਰਮੋਹਗੜ੍ਹ ਦੀ ਜੰਗ ਜਿੱਤ ਕੇ ਬਸਾਲੀ ਦੇ ਰਾਜਾ ਸਲਾਹੀ ਚੰਦ ਦੇ ਸੱਦੇ ਤੇ ਇਥੇ ਆਏ ਸਨ।ਡਾ.ਬਜਾੜ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸ਼ਰਾਬ ਦੇ ਠੇਕੇ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ।ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਮਨਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਥੇ ਹਾਈਵੇ ਤੇ ਸਥਿਤ ਠੇਕੇ ਹਟਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ ੳੇੁਥੇ ਸਰਕਾਰ ਨੂੰ ਇਤਿਹਾਸਕ ਗੁਰਦੁਆਰਿਆਂ ਦੇ ਲਾਗੇ ਸਥਿਤ ਸ਼ਰਾਬਖਾਨੇ ਵੀ ਬੰਦ ਕਰਵਾਉਣੇ ਚਾਹੀਦੇ ਹਨ। ਇਤਿਹਾਸਕ ਗੁਰਦੁਆਰਾ ਝਿੜੀ ਸਾਹਿਬ ਲਾਗੇ ਸਥਿਤ ਸ਼ਰਾਬ ਦਾ ਠੇਕਾ।
ਇਤਿਹਾਸਕ ਗੁਰਦੁਆਰਾ ਝਿੜੀ ਸਾਹਿਬ ਲਾਗੇ ਸਥਿਤ ਸ਼ਰਾਬ ਦੇ ਠੇਕੇ ਨੂੰ ਹਟਾਉਣ ਦੀ ਮੁੜ ਉੱਠੀ ਮੰਗ



