ਸੰਗਰੂਰ, 8 ਅਪ੍ਰੈਲ (ਹਰਜੀਤ ਸਿੰਘ ਹਸਨਪੁਰੀ)- ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ‘ਸਰਬੱਤ ਦਾ ਭਲਾ ਟਰੱਸਟ’ ਦੀ ਟੀਮ ਵੱਲੋਂ ਮੈਨੇਜਿੰਗ ਟਰੱਸਟੀ ਤੇ ਨਾਮਵਰ ਸਮਾਜ ਸੇਵੀ ਡਾ. ਐਸ.ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਇੱਥੇ ਜ਼ਿਲ੍ਹਾ ਜੇਲ੍ਹ ਦਾ ਦੌਰਾ ਕੀਤਾ ਗਿਆ। ਟੀਮ ਵੱਲੋਂ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਸਹੂਲਤ ਲਈ ਜੇਲ੍ਹ ਲਾਇਬ੍ਰੇਰੀ ਵਾਸਤੇ 250 ਕਿਤਾਬਾਂ, 60 ਪੱਖੇ, ਜੇਲ੍ਹ ਦੇ ਹਸਪਤਾਲ ਲਈ ਏਅਰ ਕੰਡੀਸ਼ਨਰ ਅਤੇ ਆਰਓ ਸਿਸਟਮ ਲਈ ਸ਼ੈੱਡ ਦਾ ਪ੍ਰਬੰਧ ਕਰਨ ਕੀਤਾ ਗਿਆ। ਇਸ ਮੌਕੇ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਇਸ ਧਰਤੀ ‘ਤੇ ਮਨੁੱਖਤਾ ਦੀ ਭਲਾਈ ਵਾਸਤੇ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਸਰਬਤ ਦਾ ਭਲਾ ਟਰੱਸਟ ਦੀ ਟੀਮ ਵੱਲੋਂ ਵੀ ਅਜਿਹੇ ਕੰਮ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਸ ਮੌਕੇ ਜੇਲ੍ਹ ਸੁਪਰਡੈਂਟ ਹਰਦੀਪ ਸਿੰਘ ਭੱਟੀ ਨੇ ਦੱਸਿਆ ਕਿ ਜੇਲ੍ਹ ਵਿੱਚ ਆਰਓ ਸਿਸਟਮ ਵੀ ਸ੍ਰੀ ਓਬਰਾਏ ਵੱਲੋਂ ਹੀ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਜੇਲ੍ਹ ਵਿੱਚ ਬੰਦ ਕੈਦੀ ਔਰਤਾਂ ਨਾਲ ਰਹਿੰਦੇ ਬੱਚਿਆਂ ਦੀ ਪੜ੍ਹਾਈ ਲਈ ਸਥਾਪਿਤ ਕਰੈਚ ਸੈਂਟਰ ਦਾ ਦੌਰਾ ਵੀ ਕੀਤਾ ਗਿਆ। ਇਸ ਮੌਕੇ ਜੇਲ੍ਹ ਪ੍ਰਬੰਧ ਲਈ ਬਿਹਤਰ ਸੇਵਾਵਾਂ ਨਿਭਾ ਰਹੇ ਸਹਾਇਕ ਜੇਲ੍ਹ ਸੁਪਰਡੈਂਟ ਕੈਲਾਸ਼ ਕੁਮਾਰ, ਹੈੱਡ ਵਾਰਡਨ ਕਰਮ ਦਾਸ, ਜਗਦੇਵ ਸਿੰਘ, ਰਾਮ ਲਾਲ, ਲਾਭ ਸਿੰਘ, ਪ੍ਰਮਜੀਤ ਕੁਮਾਰ, ਸੁਖਦੇਵ ਸਿੰਘ ਅਤੇ ਧੰਨਾਂ ਸਿੰਘ ਨੂੰ ਉੱਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਸਰਬਤ ਦਾ ਭਲਾ ਟਰੱਸਟ ਦੇ ਪ੍ਰਧਾਨ ਗੁਰਜਤਿੰਦਰ ਸਿੰਘ ਰੰਧਾਵਾ ਯੂਐਸਏ, ਸੁਖਮਿੰਦਰ ਸਿੰਘ, ਕੁਲਵੰਤ ਸਿੰਘ, ਰਣਬੀਰ ਸਿੰਘ, ਪਾਲਾ ਮੱਲ ਸਿੰਗਲਾ, ਜਗਦੇਵ ਸਿੰਘ ਅਤੇ ਹੋਰ ਆਗੂ ਵੀ ਮੌਜੂਦ ਸਨ।
ਸਰਬੱਤ ਦਾ ਭਲਾ ਟਰੱਸਟ ਵੱਲੋਂ ਸੰਗਰੂਰ ਜੇਲ੍ਹ ਦਾ ਦੌਰਾ



