ਲਾਲੜੂ, 7 ਅਪ੍ਰੈਲ (ਧਾਮੀ ਸ਼ਰਮਾ)- ਇਥੋਂ ਨਜ਼ਦੀਕੀ ਪਿੰਡ ਧਰਮਗੜ੍ਹ ਨਿਵਾਸੀ ਗੁਰਚਰਨ ਸਿੰਘ ਦੇ ਪਰਿਵਾਰ ਨਾਲ ਬੀਤੀ ਰਾਤ ਜਵਾਲਾ ਜੀ ਹਿਮਾਚਲ ਵਿਚ ਯਾਤਰਾ ਤੇ ਜਾਂਦੇ ਸਮੇਂ ਉਨ੍ਹਾਂ ਦੀ ਕਾਰ ਨਾਲ ਇਕ ਭਿਆਨਕ ਹਾਦਸਾ ਵਾਪਰ ਗਿਆ। ਜਿਸ ਦੇ ਚਲਦੇ ਕਾਰ ਵਿਚ ਸਵਾਰ ਕਾਰ ਚਾਲਕ ਗੁਰਚਰਨ ਸਿੰਘ ਦੇ ਪਿਤਾ, ਪਤਨੀ ਅਤੇ ਪੁੱਤਰ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ ਅਤੇ ਉਹ ਖੁਦ ਤੇ ਉਸ ਦਾ ਵੱਡਾ ਪੁੱਤਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਜਦੋਂ ਇਹ ਖ਼ਬਰ ਅੱਜ ਸਵੇਰੇ ਪਿੰਡ ਵਿਚ ਪੁੱਜੀ ਤਾਂ ਸਾਰੇ ਇਲਾਕੇ ਅੰਦਰ ਅੱਗ ਵਾਂਗ ਫੇਲ ਗਈ ਅਤੇ ਪੂਰਾ ਇਲਾਕਾ ਸੋਗ ਵਿਚ ਡੁੱਬ ਗਿਆ। ਅੱਜ ਦੇਰ ਸ਼ਾਮ ਪਿੰਡ ਧਰਮਗੜ੍ਹ ਦੇ ਸਮਸਾਨ ਘਾਟ ਵਿਚ ਤਿੰਨ ਲਾਸ਼ਾ ਦਾ ਜਦੋਂ ਸੰਸਕਾਰ ਕੀਤਾ ਗਿਆ ਤਾਂ ਪਿੰਡ ਦਾ ਬੱਚਾ, ਬਜੂਰਗ, ਮਾਈ ਭਾਈ ਤੇ ਜਵਾਨ ਭੁੱਬਾਂ ਮਾਰ ਕੇ ਰੋ ਰਿਹਾ ਸੀ ਅਤੇ ਇਸ ਨੂੰ ਕੁਦਰਤ ਦਾ ਕਹਿਰ ਦੱਸ ਰਿਹਾ ਸੀ। ਪੁਰੇ ਪਿੰਡ ਵਿਚ ਕਿਸੇ ਦੇ ਘਰ ਸਾਰਾ ਦਿਨ ਚੁੱਲਾ ਨਹੀ ਜੱਗਿਆ ਅਤੇ ਸਾਰਾ ਦਿਨ ਹਾਦਸੇ ਦੀ ਹੀ ਚਰਚਾ ਪੁਰੇ ਇਲਾਕੇ ਵਿਚ ਹੁੰਦੀ ਰਹੀ।
ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਗੁਰਚਰਨ ਸਿੰਘ ਉਮਰ 44 ਸਾਲ ਵਾਸੀ ਧਰਮਗੜ੍ਹ ਆਪਣੀ ਕਾਰ ਰਾਂਹੀ ਆਪਣੇ ਪਿਤਾ ਰਾਮ ਕਿਸਨ 75 ਸਾਲ, ਪਤਨੀ ਕਿਰਨ 42 ਸਾਲ, ਪੁੱਤਰ ਕਰਨ 13 ਸਾਲ ਅਤੇ ਦੂਜਾ ਪੁੱਤਰ ਮਨਜਿੰਦਰ ਸਿੰਘ 15 ਸਾਲ ਨੂੰ ਨਾਲ ਲੈ ਕੇ ਦੇਵੀ ਜਵਾਲਾ ਜੀ ਦੀ ਯਾਤਰਾ ਤੇ ਜਾ ਰਹੇ ਸਨ। ਇਸੇ ਦੌਰਾਨ ਰਸਤੇ ਵਿਚ ਉਹ ਅੰਬ ਕਸਬੇ ਨੇੜੇ ਕਿਸੇ ਢਾਬੇ ਤੇ ਰੁੱਕੇ, ਰੁਕਣ ਉਪਰੰਤ ਜਦੋਂ ਉਹ ਅੱਗੇ ਚਲੇ ਤਾਂ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਹਿਮਾਚਲ ਰੋਡਵੇਜ਼ ਦੀ ਬੱਸ ਨੇ ਉਨ੍ਹਾ ਦੀ ਕਾਰ ਵਿਚ ਕੰਡਕਟਰ ਸਾਈਡ ਜੋਰਦਾਰ ਟੱਕਰ ਮਾਰੀ, ਜਿਸ ਦੇ ਚਲਦੇ ਕਾਰ ਬੁਰੀ ਤਰ੍ਹਾਂ ਟੂੱਟ ਗਈ, ਕਾਰ ਵਿਚ ਸਵਾਰ ਪਿਤਾ ਰਾਮ ਕਿਸਨ, ਪਤਨੀ ਕਿਰਨ
ਅਤੇ ਪੁੱਤਰ ਕਰਨ ਦੀ ਮੌਕੇ ਤੇ ਮੌਤ ਹੋ ਗਈ, ਜਦ ਕਿ ਦੂਜਾ ਪੁੱਤਰ ਮਨਜਿੰਦਰ ਸਿੰਘ ਅਤੇ ਖੁਦ ਕਾਰ ਚਲਾ ਰਿਹਾ ਗੁਰਚਰਨ ਸਿੰਘ ਜਖਮੀ ਹੋ ਗਿਆ ਜੋ ਇਸ ਸਮੇਂ ਪੀ.ਜੀ.ਆਈ ਚੰਡੀਗੜ੍ਹ ਵਿਚ ਜੇਰੇ ਇਲਾਜ ਹੈ। ਇਹ ਹਾਦਸਾ 5 ਅਪਰੈਲ ਦੀ ਸ਼ਾਮ ਨੂੰ ਕਰੀਬ 7 ਵਜੇ ਵਾਪਰਿਆ, ਜਿਸ ਬਾਰੇ ਪਰਿਵਾਰ ਵਾਲਿਆਂ ਨੂੰ ਰਾਤ ਵੇਲੇ ਹੀ ਪਤਾ ਲੱਗ ਗਿਆ ਪਰੰਤੂ ਪਿੰਡ ਵਾਲਿਆਂ ਨੂੰ ਅੱਜ ਸਵੇਰੇ ਹੀ ਪਤਾ ਲੱਗਾ ਅਤੇ ਇਸ ਦੀ ਖ਼ਬਰ ਪੂਰੇ ਇਲਾਕੇ ਵਿਚ ਅੱਗ ਵਾਂਗ ਫੈਲ ਗਈ, ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਪਿੰਡ ਪਹੁੰਚ ਗਏ।
ਸਾਰਾ ਦਿਨ ਮ੍ਰਿਤਕਾਂ ਦੀ ਲਾਸਾਂ ਦਾ ਪਿੰਡ ਵਿਚ ਇੰਤਜਾਰ ਹੁੰਦਾ ਰਿਹਾ, ਜੋ ਕਰੀਬ ਅੱਜ ਪੰਜ ਵਜੇ ਪਿੰਡ ਵਿਚ ਪੁੱਜਿਆਂ ਅਤੇ ਸ਼ਾਮੀ ਸਾਢੇ ਪੰਜ ਵਜੇ ਦੇ ਕਰੀਬ ਪਿੰਡ ਦੇ ਹੀ ਸਮਸ਼ਾਨ ਘਾਟ ਵਿਚ ਤਿੰਨੇ ਲਾਸ਼ਾ ਦਾ ਸੰਸਕਾਰ ਕੀਤਾ ਗਿਆ। ਸੰਸਕਾਰ ਵੇਲੇ ਮਹੌਲ ਇਤਨਾ ਦਰਦਨਾਕ ਸੀ ਕਿ ਹਰ ਇਕ ਅੱਖ ਵਿਚ ਹੰਝੂ ਵੱਗ ਰਹੇ ਸਨ ਅਤੇ ਲੋਕ ਇਸ ਨੂੰ ਕੁਦਰਤ ਦਾ ਕਹਿਰ ਦੱਸ ਰਹੇ ਸਨ ਅਤੇ ਪਿੰਡ ਵਾਸੀ ਇਹ ਵੀ ਦੱਸ ਰਹੇ ਸਨ ਕਿ ਉਨ੍ਹਾਂ ਦੇ ਪਿੰਡ ਵਿਚ ਪਹਿਲੀ ਵਾਰ ਤਿੰਨ ਲਾਸ਼ਾ ਦਾ ਇਕੱਠੇ ਹੀ ਸੰਸਕਾਰ ਕੀਤਾ ਗਿਆ ਹੈ ਪੂਰੇ ਪਿੰਡ ਵਿਚ ਮਾਤਮ ਦਾ ਮਹੌਲ ਅਤੇ ਸੋਕ ਪਾਇਆ ਜਾ ਰਿਹਾ ਹੈ ਅਤੇ ਲੋਕ ਪੀੜ੍ਹਤ ਪਰਿਵਾਰ ਨਾਲ ਹਮਦਰਦੀ ਕਰਨ ਲਈ ਦੂਰ ਦਰਾਜ ਤੋਂ ਵੀ ਪਹੁੰਚ ਰਹੇ ਹਨ। ਇਕ ਤਰ੍ਹਾ ਨਾਲ ਗੁਰਚਰਨ ਸਿੰਘ ਦਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੰਸਕਾਰ ਦੇ ਲਈ ਜਖਮੀ ਗੁਰਚਰਨ ਸਿੰਘ ਨੂੰ ਪੀ.ਜੀ.ਆਈ ਤੋਂ ਛੁੱਟੀ ਵੀ ਦਿੱਤੀ ਗਈ। ਇਥੇ ਜਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ ਗੁਰਚਰਨ ਸਿੰਘ ਦੀ ਮਾਤਾ ਦਾ ਵੀ ਦੇਹਾਂਤ ਹੋ ਗਿਆ ਸੀ।
ਪਿੰਡ ਧਰਮਗੜ੍ਹ ਨਿਵਾਸੀ ਪਰਿਵਾਰ ਨਾਲ ਜਵਾਲਾ ਜੀ ਦੀ ਯਾਤਰਾ ’ਤੇ ਜਾਂਦੇ ਸਮੇਂ ਵਾਪਰਿਆ ਦਰਦਨਾਕ ਸੜਕ ਹਾਦਸਾ



