ਮਲੋਟ 26 ਅਗਸਤ (ਹਰਦੀਪ ਸਿੰਘ ਖਾਲਸਾ) ਹੜ੍ਹਾਂ ਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਸੱਤਾਧਾਰੀ ਧਿਰ ਦੇ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਕÎਥਿਤ ਮਨਮਾਨੀਆਂ ਕਾਰਨ ਪਿੰਡਾਂ ਵਿਚ ਥਾਂ ਥਾਂ ਤੇ ਲੜਾਈਆਂ ਹੋ ਰਹੀਆਂ ਹਨ। ਪ੍ਰਸਾਸ਼ਨ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਪੁਲਿਸ ਵੱਲੋਂ ਵੀ ਭਾਰੀ ਨੁਕਸਾਨ ਤੋਂ ਬਾਅਦ ਪ੍ਰੇਸ਼ਾਨੀ ਵਿਚ ਗੁਜਰ ਰਹੇ ਕਿਸਾਨਾਂ ਨੂੰ ਆਪਣੀਆਂ ਮੁਸ਼ਕਲਾਂ ਲਈ ਰੋਸ ਵੀ ਕਰਨ ਨਹੀਂ ਦਿੱਤਾ ਜਾ ਰਿਹਾ। ਇਹਨਾਂ ਹਲਾਤਾਂ ‘ਚ ਜ਼ਿਲ੍ਹਾ ਪ੍ਰਸਾਸ਼ਨ ਦੀ ਕਾਰੁਜਗਾਰੀ ਵੀ ਬਹੂਤੀ ਚੰਗੀ ਨਹੀ।

ਪਿੰਡ ‘ਚ ਦੂਸਰੇ ਪਿੰਡਾਂ ਦੇ ਦਾਖਲ ਹੋ ਰਹੇ ਪਾਣੀ ਦੇ ਅੱਗੇ ਨਿਕਾਸੀ ਨਾ ਹੋਣ ਕਾਰਨ ਚਿੰਤਤ ਪਿੰਡ ਔਲਖ ਦੇ ਵਾਸੀਆਂ ਜਿਨ੍ਹਾ ਵਿਚ ਔਰਤਾਂ ਵੀ ਸ਼ਾਮਲ ਸਨ ਪਿੰਡ ਵਾਦੀਆਂ ਆਦਿ ਪਿੰਡ ਦੇ ਦਾਖਲ ਹੋ ਰਹੇ ਪਾਣੀ ਦੇ ਹੱਲ ਨੂੰ ਲੈ ਕੇ ਤਕਰਾਰ ਹੋ ਗਈ ਇਹ ਤਕਰਾਰ ਇਥੋਂ ਤੱਕ ਵੱਧ ਗਈ ਕਿ ਪੁਲਿਸ ਨੂੰ ਆਪਣੇ ਬਾਹੂਬਲ ਦੀ ਵਰਤੋਂ ਕਰਨੀ ਪਈ ਪੁਲਿਸ ਨੇ ਇਸ ਕਾਰਵਾਈ ਨੂੰ ਮਹਿਲਾ ਪੁਲਿਸ ਕਰਮਚਾਰੀਆਂ ਤੋਂ ਬਿਨ੍ਹਾ ਅੰਜ਼ਾਮ ਦੇ ਦਿੱਤਾ ਗਿਆ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਸਿੱਟੇ ਵਜੋਂ ਪਿੰਡ ਦੇ ਤਿੰਨ ਵਿਅਕਤੀ ਜਖ਼ਮੀ ਹੋ ਗਏ। ਪਿੰਡ ਦੇ ਹਰਜਿੰਦਰ ਸਿੰਘ, ਸੁਖਵੰਤ ਸਿੰਘ, ਗੁਰਪ੍ਰਕਾਸ਼ ਸਿੰਘ, ਸੁਖਦੇਵ ਸਿੰਘ, ਡਾ ਭਗਤ ਸਮੇਤ ਸੈਕੜੇ ਲੋਕਾਂ ਨੇ ਦੱਸਿਆ ਕਿ ਗਿੱਦੜਬਾਹਾ ਦੇ ਸੱਤਾਧਾਰੀ ਧਿਰ ਦੇ ਆਗੂਆਂ ਨੇ ਜ਼ੋਰ ਜਬਰਦਸਤੀ ਉਹਨਾਂ ਦੇ ਪਿੰਡ ਗੁਆਂਡੀ ਲੁੰਡੇਵਾਲਾ, ਵਾਦੀਆਂ ਅਤੇ ਭੁੰਦੜ ਸਮੇਤ ਪਿੰਡ ਜੋ ਵੀ ਆਈ ਪੀ ਹਲਕੇ ਗਿੱਦੜਬਾਹਾ ਦੇ ਹਨ ਵੱਲੋਂ ਆਪਣੇ ਖੇਤਾਂ ਵਿਚ ਖੜਾ ਪਾਣੀ ਔਲਖ ਵੱਲ ਛੱਡਿਆ ਜਾ ਰਿਹਾ ਹੈ। ਔਲਖਾਂ ਤੋਂ ਅੱਗੇ ਪਿੰਡ ਈਨਾਂ ਖੇੜਾ ਦੇ ਲੋਕਾਂ ਵੱਲੋਂ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਹਿਲਾ ਹੀ ਹੜਾਂ ਵਰਗੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਪਿੰਡ ਵਾਸੀਆਂ ਦੇ ਘਰ ਅਤੇ ਖੇਤ ਡੁੱਬ ਰਹੇ ਹਨ ਜਿਸ ਕਰਕੇ ਉਹਨਾਂ ਵੱਲੋਂ ਇਕੱਠੇ ਹੋਕੇ ਵਾਦੀਆਂ ਪਿੰਡ ਦਾ ਪਾਣੀ ਰੋਕਣਾ ਚਾਹਿਆ ਜਿਸ ਤੇ ਵਾਦੀਆਂ ਅਤੇ ਔਲਖਾਂ ਦੇ ਲੋਕਾਂ ਵਿਚਕਾਰ ਡਾਂਗਾਂ ਤੇ ਇੱਟਾ ਰੋੜੇ ਚੱਲੇ ਜਿਸ ਵਿਚ ਡੀਸੀ ਸਿੰਘ, ਪੁੱਤਰ ਗੁਰਦੇਵ ਸਿੰਘ, ਗੁਰਜੰਟ ਸਿੰਘ ਪੁੱਤਰ ਪੋਲਾ ਸਿੰਘ, ਛਿੰਦਰ ਸਿੰਘ ਪੁੱਤਰ ਸੰਤੌਖ ਸਿੰਘ ਜਖਮੀ ਹੋ ਗਏ ਜਿਨ੍ਹਾਂ ਨੂੰ ਆਲਮਵਾਲਾ ਪ੍ਰਾਇਮਰੀ ਹੈਲਥ ਸੈਂਟਰ ਵਿਚ ਭਰਤੀ ਕਰਵਾਇਆ ਗਿਆ। ਇਸ ਦੋਰਾਨ ਥਾਣਾ ਸਦਰ ਪੁਲਿਸ ਦੇ ਮੁਖੀ ਪਰਮਜੀਤ ਸਿੰਘ ਵੱਲੋਂ ਉਹਨਾਂ ਨੂੰ ਖਦੇੜ ਦਿੱਤਾ ਗਿਆ। ਪਿੰਡ ਵਾਸੀਆਂ ਅਨੁਸਾਰ ਬਾਅਦ ਵਿਚ ਔਲਖਾਂ ਵਾਸੀਆਂ ਨੇ ਮੁਕਤਸਰ ਮਲੋਟ ਮਾਰਗ ਤੇ ਜੋੜੇ ਪੁਲ ਧਰਨਾ ਮਾਰ ਦਿੱਤਾ। ਪਰ ਇਥੇ ਐਸ ਪੀ ਗੁਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਸਦਰ ਮਲੋਟ ਦੇ ਮੁਖੀ ਪਰਮਜੀਤ ਸਿੰਘ ਵੱਲੋਂ ਬਿਨਾਂ ਵਾਰਨਿੰਗ ਦਿੱਤੇ ਉਹਨਾਂ ਤੇ ਲਾਠੀ ਚਾਰਜ ਕਰ ਦਿੱਤਾ ਜਿਸ ਕਾਰਣ ਤਿੰਨ ਵਿਅਕਤੀ ਰਣਜੀਤ ਸਿੰਘ, ਗੁਰਦੇਵ ਸਿੰਘ ਅਤੇ ਬੇਅੰਤ ਸਿੰਘ ਜਖ਼ਮੀ ਹੋ ਗਏ । ਪੁਲਿਸ ਵੱਲੋਂ ਭੀੜ ਨੂੰ ਤਿਤਰ ਕਰਨ ਮੌਕੇ ਕਈ ਹੋਰ ਵੀ ਸੱਟਾਂ ਖਾ ਬੈਠੇ। ਇਸ ਤੋਂ ਬਾਅਦ ਪੁਲਿਸ ਨੇ ਔਲਖ ਪਿੰਡ ਵਿਚ ਲੋਕਾਂ ਨੂੰ ਘਰਾਂ ਅੰਦਰ ਵਾੜ ਦਿੱਤਾ। ਉਧਰ ਔਰਤਾਂ ਵੱਲੋਂ ਪੁਲਿਸ ਦੀ ਇਸ ਹਨੇਰ ਗਰਦੀ ਵਿਰੁੱਧ ਮੋਰਚਾ ਖੋਹਲਦਿਆਂ ਬਾਦਲ ਸਰਕਾਰ ਵਿਰੁੱਧ ਰੱਜਕੇ ਆਪਣੀ ਭੜਾਸ ਕੱਢਦਿਆਂ ਆਖਿਆ ਕਿ ਉਹ ਕਿਸੇ ਵੀ ਅਕਾਲੀ ਆਗੂ ਨੂੰ ਪਿੰਡ ‘ਚ ਨਹੀ ਵੜਣ ਦੇਣਗੇ ਭਾਂਵੇ ਉਹ ਖੁਦ ਬਾਦਲ ਹੀ ਕਿਉ ਨਾ ਹੋਵੇ। ਇਸ ਦੋਰਾਨ ਭੜਾਸ ਕੱਢ ਰਹੀਆਂ ਔਰਤਾਂ ਤੇ ਕਾਰਵਾਈ ਕਰਨ ਲਈ ਆਖਦਿਆਂ ਐਸ ਪੀ ਨੇ ਥਾਣਾ ਮੁਖੀ ਨੂੰ ਔਰਤਾਂ ਦੇ ਨਾਅ ਲਿਖਕੇ ਕਾਰਵਾਈ ਕਰਨ ਦਾ ਡਰਾਵਾ ਦੇ ਕੇ ਭਾਰੀ ਗਿਣਤੀ ਵਿਚ ਪੁਲਿਸ ਦੀ ਮਦਦ ਨਾਲ ਔਰਤਾਂ ਜਬਰੀ ਉਹਨਾਂ ਦੇ ਘਰਾਂ ਵਿਚ ਭੇਜ਼ ਦਿੱਤਾ। ਖਬਰ ਲਿਖੇ ਜਾਣ ਤੱਕ ਹਾਲਤ ਤਨਾਅ ਪੂਰਨ ਬਣੇ ਹੋਏ ਸਨ। ਕੀ ਕਹਿਣਾ ਹੈ ਪੁਲਿਸ ਦਾ ਇਸ ਮਾਮਲੇ ਤੇ ਐਸ ਪੀ ਗੁਰਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਸਮੱਸਿਆ ਸਾਰੇ ਪਿੰਡਾਂ ਦੀ ਹੈ ਇਸ ਲਈ ਧਰਨਾ ਮਾਰ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਉਚਿਤ ਨਹੀਂ। ਪੁਲਿਸ ਵੱਲੋਂ ਕੀਤੀ ਸਖਤੀ ਬਾਰੇ ਐਸ ਐਚ ਓ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਅਗਰ ਪੁਲਿਸ ਮੋਕੇ ਤੇ ਪੁੱਜ ਕਿ ਲੋਕਾਂ ਨੂੰ ਨਾ ਖਦੇੜਦੀ ਤਾਂ ਦੋ ਪਿੰਡਾਂ ਵਿਚਾਲੇ ਖੂਨ ਖਰਾਬਾ ਹੋ ਜਾਣਾ ਸੀ।