ਭਦੌੜ, 28 ਮਾਰਚ (ਯੋਗੇਸ਼ ਸ਼ਰਮਾਂ)- ਪੰਜਾਬ ਅੰਦਰ ਸੱਤਾ ਤਬਦੀਲੀ ਉਪਰੰਤ ਵਿਵਾਦਾਂ ਚ ਚੱਲੀ ਆ ਰਹੀ ਟਰੱਕ ਯੂਨੀਅਨ ਸ਼ਹਿਣਾ-ਭਦੌੜ ਦੀ ਪ੍ਰਧਾਨਗੀ ਦੇ ਮਾਮਲੇ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਕਾਂਗਰਸ ਪਾਰਟੀ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਜਗਦੀਪ ਸਿੰਘ ਜੱਗੀ ਨੂੰ ਟਰੱਕ ਓਪਰੇਟਰਾਂ ਅਤੇ ਕਾਂਗਰਸ ਪਾਰਟੀ ਦੇ ਸਮੱਰਥਕਾਂ ਨੇ ਟਰੱਕ ਯੂਨੀਅਨ ਸ਼ਹਿਣਾ-ਭਦੌੜ ਦਾ ਪ੍ਰਧਾਨ ਥਾਪ ਦਿੱਤਾ। ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਸੱਜੀ ਬਾਂਹ ਸਮਝੇ ਜਾਂਦੇ ਜਗਦੀਪ ਸਿੰਘ ਜੱਗੀ ਨੂੰ ਕੇਵਲ ਢਿੱਲੋਂ ਦੇ ਪੀ.ਏ. ਗੁਰਜੀਤ ਸਿੰਘ ਬਰਾੜ ਪ੍ਰਧਾਨਗੀ ਦੀ ਕੁਰਸੀ ’ਤੇ ਬਿਠਾਉਣ ਲਈ ਉਚੇਚੇ ਤੌਰ ਤੇ ਪੁੱਜੇ। ਪ੍ਰਧਾਨਗੀ ਪਦ ’ਤੇ ਬੈਠਦਿਆਂ ਜਗਦੀਪ ਸਿੰਘ ਜੱਗੀ ਨੇ ਸ੍ਰ: ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਸ੍ਰ: ਢਿੱਲੋਂ ਅਤੇ ਟਰੱਕ ਓਪਰੇਟਰਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਲਈ ਦਿਨ ਰਾਤ ਇੱਕ ਕਰ ਦੇਵਾਂਗਾ। ਉਹਨਾਂ ਟਰੱਕ ਓਪਰੇਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੇ ਹਿੱਤਾਂ ਦੀ ਪੂਰਨ ਰਾਖੀ ਕੀਤੀ ਜਾਵੇਗੀ ਅਤੇ ਟਰੱਕ ਯੂਨੀਅਨ ਵਿੱਚ ਪਹਿਲਾਂ ਹੋਏ ਘਪਲਿਆਂ ਦੀ ਜਾਂਚ ਹਰ ਹਾਲਤ ਵਿੱਚ ਕਰਵਾਈ ਜਾਵੇਗੀ ਅਤੇ ਓਪਰੇਟਰਾਂ ਦੀ ਮਿਹਨਤ ਦੀ ਕਮਾਈ ਦਾ ਇੱਕ ਵੀ ਪੈਸਾ ਅਜਾਈ ਨਹੀਂ ਜਾਣ ਦਿੱਤਾ ਜਾਵੇਗਾ। ਸ.ਜੱਗੀ ਨੂੰ ਪ੍ਰਧਾਨਗੀ ਦੀ ਕੁਰਸੀ ਤੇ ਬਿਰਾਜਮਾਨ ਕਰਨ ਸਮੇਂ ਸਮਰਥਕਾਂ ਨੇ ਲੱਡੂ ਵੀ ਵੰਡੇ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਤਲਵੰਡੀ, ਅਮਰਜੀਤ ਜੀਤਾ, ਗੁਰਮੀਤ ਸਿੰਘ ਸਿੱਖ, ਇੰਦਰ ਸਿੰਘ ਭਿੰਦਾ, ਨਾਹਰ ਸਿੰਘ ਔਲਖ, ਸਾਬਕਾ ਕੌਂਸਲਰ ਹੇਮ ਰਾਜ ਸ਼ਰਮਾਂ, ਬਲਵਿੰਦਰ ਸਿੱਧੂ, ਸਤੀਸ਼ ਕਲਸੀ, ਬਲਵਿੰਦਰ ਸਰਾਂ, ਲਾਹਲਾ ਭੁੱਲਰ, ਗੁਰਪ੍ਰੀਤ ਸਿੰਘ, ਜਗਸੀਰ ਬੁੱਟਰ, ਜੀਵਨ ਠੇਕੇਦਾਰ, ਗੁਰਪ੍ਰੀਤ ਸਿੰਘ ਕੋਰੀਅਨ, ਪ੍ਰਦੀਪ ਰੂਪਾ, ਦੀਪਾ ਬਾਬੂ, ਜੱਥੇਦਾਰ ਗੁਰਦੀਪ ਦੀਪਾ, ਐਡਵੋਕੇਟ ਇਕਬਾਲ ਸਿੰਘ ਜੰਗੀਆਣਾ, ਗਿਰਧਾਰੀ ਲਾਲ ਸ਼ਹਿਣਾ, ਜਗਰੂਪ ਸਿੰਘ ਦੀਪਗੜ੍ਹ, ਵੀਰ ਚੰਦ ਤਲਵੰਡੀ, ਟਰਾਂਸਪੋਰਟਰ ਬਲਵਿੰਦਰ ਕੋਚਾ, ਭਾਈ ਓਂਕਾਰ ਸਿੰਘ ਬਰਾੜ, ਪ੍ਰਧਾਨ ਰਾਮ ਸਿੰਘ, ਗੁਰਦੀਪ ਦੀਪਾ, ਸਾਧੂ ਰਾਮ ਜਰਗਰ, ਸੈਕਟਰੀ ਲੱਡੂ ਖਾਂ, ਪਾਲਾ ਖਾਂ, ਰਾਜ ਮੁਹੰਮਦ, ਸੁਖਵਿੰਦਰ ਧਾਲੀਵਾਲ, ਚੰਦ ਸਿੰਘ, ਵਰਿੰਦਰ ਬਰਾੜ ਬਰਨਾਲਾ, ਭਗਵੰਤ ਭੰਤਾ, ਕੌਂਸਲਰ ਭੋਲਾ ਭਲਵਾਨ, ਕੌਂਸਲਰ ਵਕੀਲ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਟਰੱਕ ਓਪਰੇਟਰ ਨੈਬ ਸਿੰਘ ਸਾਬਕਾ ਸਰਪੰਚ, ਭਗਵਾਨ ਲੋਗੜ, ਬਲਜਿੰਦਰ ਸ਼ਰਮਾਂ, ਬਲਵਿੰਦਰ ਗਿਆਨੀ, ਵਰਿੰਦਰ ਸਿੰਘ ਫੂਲਕਾ, ਤੇਜ ਸਿੰਘ, ਗੁਰਚਰਨ ਪੱਖੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਓਪਰੇਟਰ ਅਤੇ ਪ੍ਰਧਾਨ ਜੱਗੀ ਸਮੱਰਥਕ ਹਾਜ਼ਰ ਸਨ। ਪੰਜਾਬ ਚ ਕਾਂਗਰਸ ਦੀ ਸਰਕਾਰ ਬਣਨ ’ਤੇ 12 ਮਾਰਚ 2017 ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫ਼ਾ ਦੇਣ ਵਾਲੇ ਪ੍ਰਧਾਨ ਬੀਰਇੰਦਰ ਸਿੰਘ ਜ਼ੈਲਦਾਰ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਟਰੱਕ ਓਪਰੇਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨਗੀਆਂ ਸਰਕਾਰਾਂ ਨਾਲ ਹੀ ਚੱਲਦੀਆਂ ਹਨ, ਮੈਂ ਨਹੀਂ ਸੀ ਚਾਹੁੰਦਾ ਕਿ ਕਿਸੇ ਟਰੱਕ ਓਪਰੇਟਰ ਦਾ ਮੇਰੇ ਕਰਕੇ ਨੁਕਸਾਨ ਹੋਵੇ ਜਿਸ ਕਰਕੇ ਮੈਂ ਅਸਤੀਫ਼ਾ ਦੇ ਗਿਆ ਸੀ ਪ੍ਰੰਤੂ ਉਸ ਉਪਰੰਤ ਸਾਡੀ ਹੀ ਪਾਰਟੀ ਦੇ ਭੋਲਾ ਸਿੰਘ ਵਿਰਕ ਇੱਥੇ ਪ੍ਰਧਾਨ ਬਣਨ ਲਈ ਆਏ ਅਤੇ ਉਹਨਾਂ ਦੋਸ਼ ਲਗਾਇਆ ਕਿ ਵਿਰਕ ਪਿਛਲੀਆਂ ਦੋ ਸਪੈਸ਼ਲਾਂ ਦੇ 9 ਲੱਖ ਰੁਪਏ ਮੇਰੇ ਮੁਨਸ਼ੀ ਪੱਪੂ ਤੋਂ ਲੈ ਗਏ। ਜਦੋਂ ਇਸ ਸਬੰਧੀ ਭੋਲਾ ਸਿੰਘ ਵਿਰਕ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਬੀਰਇੰਦਰ ਜੈਲਦਾਰ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹਨਾਂ ਦੀ ਪ੍ਰਧਾਨਗੀ ਵਿੱਚ ਲੱਗੀਆਂ ਸਪੈਸ਼ਲਾਂ ਦੇ ਉਹ ਜਿੰਮੇਵਾਰ ਹਨ ਅਤੇ ਮੁਨਸ਼ੀ ਤੋਂ 9 ਲੱਖ ਰੁਪਏ ਲੈ ਕੇ ਜਾਣ ਸਬੰਧੀ ਵਿਰਕ ਨੇ ਕਿਹਾ ਕਿ ਇਹ ਟਰੱਕ ਓਪਰੇਟਰਾਂ ਦੇ ਰੁਪਏ ਖੁਰਦ-ਬੁਰਦ ਕਰਨ ਲਈ ਮੇਰੇ ’ਤੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਸਰਕਾਰ ਬਦਲਦਿਆਂ ਹੀ ਅਕਾਲੀ ਆਗੂ ਭੋਲਾ ਸਿੰਘ ਵਿਰਕ ਨੇ ਮਾਰਕਿਟ ਕਮੇਟੀ ਬਰਨਾਲਾ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇਣ ਉਪਰੰਤ ਕੁੱਝ ਅਕਾਲੀ ਆਗੂਆਂ ਅਤੇ ਕੁੱਝ ਟਰੱਕ ਓਪਰੇਟਰਾਂ ਨੂੰ ਨਾਲ ਲੈ ਕੇ ਟਰੱਕ ਯੂਨੀਅਨ ਸ਼ਹਿਣਾ-ਭਦੌੜ ਵੱਲ ਆਪਣਾ ਰੁਖ਼ ਕਰਦਿਆਂ ਯੂਨੀਅਨ ਦਾ ਪ੍ਰਧਾਨ ਹੋਣ ਦਾ ਦਾਅਵਾ ਕਰ ਦਿੱਤਾ ਸੀ, ਜਿਸ ਨਾਲ ਕਾਂਗਰਸੀ ਖੇਮਿਆਂ ਚ ਭੂਚਾਲ ਆ ਗਿਆ ਸੀ। ਯੂਨੀਅਨ ਵਿਖੇ ਅੱਜ ਹੋਏ ਘਟਨਾਕ੍ਰਮ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਮੇਰੀ ਚੋਣ ਟਰੱਕ ਓਪਰੇਟਰਾਂ ਨੇ ਕੀਤੀ ਸੀ ਅਤੇ ਅੱਜ ਵੀ ਟਰੱਕ ਓਪਰੇਟਰਾਂ ਦਾ ਬਹੁਮਤ ਮੇਰੇ ਨਾਲ ਹੈ ਪ੍ਰੰਤੂ ਕਾਂਗਰਸ ਵੱਲੋਂ ਪ੍ਰਧਾਨਗੀ ’ਤੇ ਕਾਬਜ਼ ਹੋਣ ਨੂੰ ਉਨ੍ਹਾਂ ਟਰੱਕ ਓਪਰੇਟਰਾਂ ਦੀ ਬਜਾਏ ਕਾਂਗਰਸ ਪਾਰਟੀ ਦਾ ਇਕੱਠ ਦੱਸਿਆ ਜਦੋਂ ਉਹਨਾਂ ਤੋਂ ਪਿਛਲੀ ਟਰੱਕ ਯੂਨੀਅਨ ਦੀ ਚੋਣ ਮੌਕੇ ਕਾਬਜ਼ ਹੋਏ ਵੱਖ-ਵੱਖ ਅਕਾਲੀ ਪ੍ਰਧਾਨਾਂ ਕੋਲ ਵੀ ਕੋਈ ਓਪਰੇਟਰਾਂ ਦਾ ਬਹੁਮਤ ਨਹੀਂ ਸੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਉਸ ਸਬੰਧੀ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਟਰੱਕ ਯੂਨੀਅਨ ਸ਼ਹਿਣਾ-ਭਦੌੜ ’ਤੇ ਕਾਂਗਰਸ ਹੋਈ ਕਾਬਜ਼



