June 20, 2026 12:12 am

ਕੈਨੇਡਾ ਦੇ ਕਿਊਬੇਕ ਸੂਬੇ ‘ਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ‘ਤੇ ਪਾਬੰਦੀ ਲਗਾਉਣ ਵਾਲੇ ਪ੍ਰਸਤਾਵ ‘ਤੇ ਤੁਰੰਤ ਰੋਕ ਲਗਾਈ ਜਾਵੇ : ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 24 ਅਗਸਤ (ਨਰਿੰਦਰਪਾਲ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੈਨੇਡਾ ਦੇ ਕਿਊਬੇਕ ਸੂਬੇ ਦੀ ਵਿਧਾਨਪਾਲਿਕਾ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ‘ਤੇ ਜਨਤਕ ਥਾਵਾਂ ‘ਤੇ ਪਾਬੰਦੀ ਲਾਉਣ ਸਬੰਧੀ ਲਿਆਂਦੇ ਜਾ ਰਹੇ ਪ੍ਰਸਤਾਵ ਸਬੰਧੀ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਸ ਸਬੰਧੀ ਇਕ ਪੱਤਰ ਲਿਖ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਇਸ ਸਬੰਧੀ ਤੁਰੰਤ ਦਖਲ ਦੇ ਕੇ ਕਾਰਵਾਈ ਰੋਕਣ ਦੀ ਅਪੀਲ ਕੀਤੀ ਹੈ।
avtar-singh-makkar
ਉਨ੍ਹਾਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਚਿੰਨ੍ਹ ਦਸਤਾਰ, ਕ੍ਰਿਪਾਨ, ਕੜਾ ਨੂੰ ਸਕੂਲਾਂ  ਕਾਲਜਾਂ ਵਿਚ ਪਹਿਨਣ ‘ਤੇ ਪਾਬੰਦੀ ਲਾਉਣ ਸਬੰਧੀ ਕੀਤੀ ਜਾ ਰਹੀ ਤਿਆਰੀ ਨੂੰ ਫੌਰੀ ਰੋਕਣਾ ਚਾਹੀਦਾ ਹੈ। ਇਸ  ਪਾਬੰਦੀ ਨਾਲ ਸਮੁੱਚੇ ਸੰਸਾਰ ਵਿਚ ਵੱਸਦੇ  ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ  ਪੁੱਜੇਗੀ ਅਤੇ ਰੋਹ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਵੱਸਦੇ ਸਿੱਖਾਂ ਨੇ ਕੈਨੇਡਾ ਦੇਸ਼ ਦੀ ਤਰੱਕੀ ਲਈ ਅਹਿਮ ਯੋਗਦਾਨ ਪਾਇਆ ਹੈ ਅਤੇ ਉਥੋਂ ਦੀ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕਰਨ ਨਾਲ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਪਾਬੰਦੀ ਵਿਰੁੱਧ ਸਮੁੱਚੇ ਸੰਸਾਰ ਦੇ ਸਿੱਖਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ ਅਤੇ ਕੈਨੇਡਾ ਦੀ ਕਿਊਬੇਕ ਵਿਧਾਨਪਾਲਿਕਾ ਨੂੰ ਆਪਣਾ ਇਹ ਪ੍ਰਸਤਾਵ ਵਾਪਸ ਲੈ ਕੇ ਸਮੁੱਚੀ ਸਿੱਖ ਕੌਮ ਦਾ ਮਾਣ ਸਤਿਕਾਰ ਬਹਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਕ ਵਿਲੱਖਣ ਤੇ ਨਿਰਾਲੀ ਕੌਮ ਹੈ ਜਿਸ ਨੇ ਹਮੇਸ਼ਾ ਸਦਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ। ਮੌਜੂਦਾ ਪ੍ਰਸਤਾਵ ਨੂੰ ਵਾਪਸ ਕਰਾਉਣ ਲਈ ਭਾਰਤ ਸਰਕਾਰ ਸੰਜੀਦਗੀ ਨਾਲ ਆਪਣੀ ਭੂਮਿਕਾ ਨਿਭਾਵੇ।

Send this to a friend