ਪੰਜਾਬ ਦੇ ਭਾਸ਼ਾਈ ਤੇ ਸੱਭਿਆਚਾਰਕ ਸਰੋਕਾਰ
ਡਾ. ਬਰਜਿੰਦਰ ਸਿੰਘ ਹਮਦਰਦ
ਮੁਖ ਸੰਪਾਦਕ
ਅਜੀਤ ਗਰੁੱਪ (ਜਲੰਧਰ)
ਅਸੀਂ ਪੰਜਾਬ ਦੀ ਨਵੀਂ ਸਰਕਾਰ ਨੂੰ ਜੀ ਆਇਆਂ ਕਿਹਾ ਸੀ। ਇਸ ਆਸ ਨਾਲ ਕਿ ਇਹ ਸੂਬੇ ਵਿਚ ਇਕ ਨਵੀਂ ਧੜਕਣ ਪੈਦਾ ਕਰਨ ਦੇ ਸਮਰੱਥ ਹੋਵੇਗੀ। ਰੇਤ ਮਾਫੀਆ ਅਤੇ ਨਸ਼ਿਆਂ ਸਬੰਧੀ ਇਸ ਨੇ ਜੋ ਤੁਰੰਤ ਕਦਮ ਉਠਾਏ ਹਨ, ਉਹ ਪ੍ਰਭਾਵਸ਼ਾਲੀ ਹਨ। ਸਰਕਾਰ ਇਨ੍ਹਾਂ ਲਈ ਗੰਭੀਰ ਵੀ ਜਾਪਦੀ ਹੈ ਅਤੇ ਇਨ੍ਹਾਂ ਯਤਨਾਂ ਦੇ ਚੰਗੇ ਅਤੇ ਠੋਸ ਨਤੀਜੇ ਨਿਕਲਣ ਦੀ ਵੀ ਆਸ ਕੀਤੀ ਜਾ ਸਕਦੀ ਹੈ।ਪਰ ਇਸ ਮੌਕੇ ‘ਤੇ ਅਸੀਂ ਸਰਕਾਰ ਦਾ ਧਿਆਨ ਇਕ ਹੋਰ ਅਹਿਮ ਪਹਿਲੂ ਵੱਲ ਦਿਵਾਉਣਾ ਚਾਹੁੰਦੇ ਹਾਂ। ਉਹ ਹੈ ਪੰਜਾਬ ਦੇ ਭਾਸ਼ਾਈ ਤੇ ਸੱਭਿਆਚਾਰਕ ਸਰੋਕਾਰ। ਸਾਨੂੰ ਇਹ ਗਿਲ੍ਹਾ ਰਿਹਾ ਹੈ ਕਿ ਇਨ੍ਹਾਂ ਪੱਖਾਂ ਤੋਂ ਪੰਜਾਬ ਦੇ ਬਹੁਤੇ ਕਾਂਗਰਸੀ ਆਗੂ ਅਕਸਰ ਅਵੇਸਲੇ ਰਹੇ ਹਨ, ਉਨ੍ਹਾਂ ਵਿਚ ਇਨ੍ਹਾਂ ਦੋਵਾਂ ਪੱਖਾਂ ਬਾਰੇ ਪ੍ਰਤੀਬੱਧਤਾ ਦੀ ਘਾਟ ਰੜਕਦੀ ਰਹੀ ਹੈ। ਬਿਨਾਂ ਸ਼ੱਕ ਅੱਜ ਇਸ ਪਾਰਟੀ ਦੇ ਕਈ ਆਗੂਆਂ ਦੀ ਜੀਵਨ ਸ਼ੈਲੀ ਅਜਿਹੀ ਹੈ, ਜੋ ਅੰਗਰੇਜ਼ੀ ਸੱਭਿਆਚਾਰ ਨੂੰ ਤਰਜੀਹ ਦੇਣ ਵਾਲੀ ਹੈ। ਪਰ ਇਸ ਪਾਰਟੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਨ੍ਹਾਂ ਲੋਕਾਂ ਦੇ ਵੋਟ ਲੈ ਕੇ ਉਹ ਸੱਤਾ ਵਿਚ ਆਈ ਹੈ, ਉਹ ਬਹੁਤੇ ਪੰਜਾਬੀ ਬੋਲਣ, ਪੜ੍ਹਨ ਤੇ ਲਿਖਣ ਵਾਲੇ ਹੀ ਹਨ। ਪੰਜਾਬ ਪ੍ਰਤੀ ਉਨ੍ਹਾਂ ਨੂੰ ਫ਼ਿਕਰ ਹੈ। ਉਨ੍ਹਾਂ ਵਿਚ ਇਹ ਵੀ ਅਹਿਸਾਸ ਹੈ ਕਿ ਲਗਾਤਾਰ ਬਾਹਰਲੇ ਪ੍ਰਭਾਵਾਂ ਕਾਰਨ ਉਨ੍ਹਾਂ ਦੀ ਬੋਲੀ ਅਤੇ ਸੱਭਿਆਚਾਰ ਖ਼ੁਰਦਾ ਜਾ ਰਿਹਾ ਹੈ। ਅਸੀਂ ਦੂਜੀਆਂ ਬੋਲੀਆਂ ਦੇ ਖ਼ਿਲਾਫ਼ ਨਹੀਂ ਹਾਂ। ਸਗੋਂ ਚਾਹੁੰਦੇ ਹਾਂ ਕਿ ਅਮਲੀ ਰੂਪ ਵਿਚ ਜਿੰਨਾ ਕੁ ਸੰਭਵ ਹੋ ਸਕੇ ਵਿਦਿਆਰਥੀਆਂ ਨੂੰ ਦੂਜੀਆਂ ਜ਼ੁਬਾਨਾਂ ਵੀ ਸਿੱਖਣੀਆਂ ਚਾਹੀਦੀਆਂ ਹਨ। ਪਰ ਅਜਿਹਾ ਆਪਣੀ ਬੋਲੀ ਨੂੰ ਵਸਾਰ ਕੇ ਨਹੀਂ ਕੀਤਾ ਜਾਣਾ ਚਾਹੀਦਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਚੰਗੀ ਤਰ੍ਹਾਂ ਯਾਦ ਹੋਵੇਗਾ ਕਿ ਪੰਜਾਬੀ ਬੋਲੀ ਦੇ ਆਧਾਰ ‘ਤੇ ਸੂਬਾ ਬਣਾਉਣ ਲਈ ਲੰਬੇ ਸਮੇਂ ਤੱਕ ਪੰਜਾਬੀਆਂ ਵੱਲੋਂ ਸੰਘਰਸ਼ ਲੜਿਆ ਗਿਆ ਸੀ। ਚਾਹੇ ਕਾਂਗਰਸ ਦੀ ਇਸ ਵਿਚ ਬਹੁਤ ਘੱਟ ਦੇਣ ਸੀ। ਜੇਕਰ ਅੱਜ ਪੰਜਾਬੀ ਸੂਬਾ ਛੋਟਾ ਬਣਿਆ ਹੈ ਤਾਂ ਇਸ ਵਿਚ ਵੀ ਉਸ ਸਮੇਂ ਦੇ ਵੱਡੇ ਕਾਂਗਰਸੀ ਆਗੂਆਂ ਦਾ ਹੀ ਹੱਥ ਰਿਹਾ ਹੈ। ਉਨ੍ਹਾਂ ਦੀ ਬਦੌਲਤ ਹੀ ਕੱਟ-ਵੱਢ ਕੇ ਇਸ ਨੂੰ ਬਹੁਤ ਛੋਟਾ ਕਰ ਦਿੱਤਾ ਗਿਆ। ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਵਿਚ ਰਹਿਣ ਦਿੱਤੇ ਗਏ। ਇਸ ਦੇ ਕੁਝ ਇਲਾਕੇ ਕੱਟ ਕੇ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਗਏ। ਭਾਵ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਇਸ ‘ਚੋਂ ਬਾਹਰ ਹੀ ਰਹਿਣ ਦਿੱਤੇ ਗਏ। ਪਰ ਇਸ ਸਭ ਕੁਝ ਦੇ ਬਾਵਜੂਦ ਜੇਕਰ ਇਹ ਸੂਬਾ ਹੋਂਦ ਵਿਚ ਆ ਹੀ ਗਿਆ ਤਾਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਵੀ ਪੰਜਾਬੀਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਬੋਲੀ ਨੂੰ ਬਚਾਉਣ ਲਈ ਅਤੇ ਇਸ ਨੂੰ ਸਹੀ ਥਾਂ ਦਿਵਾਉਣ ਲਈ ਹਰ ਪੱਧਰ ‘ਤੇ ਪੰਜਾਬ ਨੂੰ ਅਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਜੱਦੋ-ਜਹਿਦ ਕਰ ਰਹੇ ਹਨ। ਪਰ ਸਾਨੂੰ ਅਫ਼ਸੋਸ ਹੈ ਕਿ ਨਵੀਂ ਸਰਕਾਰ ਵਿਚ ਜਿਸ ਸ਼ਖ਼ਸੀਅਤ ਨੂੰ ਉਚੇਰੀ ਅਤੇ ਸਕੂਲੀ ਸਿੱਖਿਆ ਦੀ ਮੰਤਰੀ ਬਣਾਇਆ ਗਿਆ ਹੈ ਅਤੇ ਜਿਸ ਨੂੰ ਉਹ ਭਾਸ਼ਾ ਵਿਭਾਗ ਸੌਂਪਿਆ ਗਿਆ ਹੈ, ਜਿਸ ਦਾ ਫ਼ਰਜ਼ ਪੰਜਾਬੀ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ, ਜੇਕਰ ਉਸ ਦੀ ਮੁਖੀ ਨੂੰ ਹੀ ਪੰਜਾਬੀ ਨਾਲ ਨਫ਼ਰਤ ਹੋਵੇ ਤਾਂ ਉਹ ਪੰਜਾਬੀ ਬੋਲੀ ਅਤੇ ਪੰਜਾਬੀਅਤ ਦੀ ਭਾਵਨਾ ਨਾਲ ਕਿੰਨਾ ਕੁ ਇਨਸਾਫ਼ ਕਰ ਸਕੇਗੀ? ਇਹ ਸੋਚਣ ਵਾਲੀ ਅਤੇ ਫ਼ਿਕਰ ਕਰਨ ਵਾਲੀ ਗੱਲ ਹੈ।ਸ੍ਰੀਮਤੀ ਅਰੁਣਾ ਚੌਧਰੀ ਨੂੰ ਚਾਹੇ ਨਵੀਂ ਸਰਕਾਰ ਵਿਚ ਰਾਜ ਮੰਤਰੀ ਦਾ ਹੀ ਦਰਜਾ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਸਿੱਖਿਆ ਸਬੰਧੀ ਜੋ ਵਿਭਾਗ ਸੌਂਪੇ ਗਏ ਹਨ, ਉਹ ਬੇਹੱਦ ਮਹੱਤਵਪੂਰਨ ਅਤੇ ਜ਼ਿੰਮੇਵਾਰੀ ਵਾਲੇ ਹਨ। ਜੇਕਰ ਇਸ ਮੰਤਰੀ ਲਈ ਪੰਜਾਬੀ ਵਿਚ ਸਹੁੰ ਚੁੱਕਣੀ ਹੀ ਔਖੀ ਹੈ ਤਾਂ ਉਸ ਦੇ ਹੱਥੋਂ ਪੰਜਾਬੀ ਦਾ ਕੀ ਭਲਾ ਹੋਵੇਗਾ? ਪਹਿਲੇ ਦਿਨ 16 ਮਾਰਚ ਨੂੰ ਆਪਣੇ ਵਜ਼ਾਰਤੀ ਅਹੁਦੇ ਦੀ ਸਹੁੰ ਉਨ੍ਹਾਂ ਨੇ ਹਿੰਦੀ ਵਿਚ ਚੁੱਕਣ ਵਿਚ ਹੀ ਆਪਣਾ ਮਾਣ ਸਮਝਿਆ ਅਤੇ ਹੁਣ ਜਦੋਂ ਵਿਧਾਨ ਸਭਾ ਵਿਚ ਵਿਧਾਇਕਾ ਵਜੋਂ ਸਹੁੰ ਚੁੱਕਣੀ ਸੀ ਤਾਂ ਸ੍ਰੀਮਤੀ ਜੀ ਨੇ ਅੰਗਰੇਜ਼ੀ ਵਿਚ ਸਹੁੰ ਚੁੱਕਣ ਵਿਚ ਹੀ ਆਪਣੀ ਸ਼ਾਨ ਸਮਝੀ। ਉਨ੍ਹਾਂ ਅਜਿਹਾ ਕਿਉਂ ਕੀਤਾ? ਇਸ ਸਬੰਧੀ ਉਨ੍ਹਾਂ ਦੇ ਪਤੀਦੇਵ ਸ੍ਰੀ ਅਸ਼ੋਕ ਚੌਧਰੀ ਆਖਦੇ ਹਨ ਕਿ ਅਰੁਣਾ ਚੌਧਰੀ ਪੰਜਾਬੀ ਬੋਲਣ ਵਿਚ ਸਹਿਜ ਮਹਿਸੂਸ ਨਹੀਂ ਕਰਦੇ। ਇਸ ਦੀ ਬਜਾਏ ਉਹ ਹਿੰਦੀ ਅਤੇ ਅੰਗਰੇਜ਼ੀ ਬੋਲਣ ਵਿਚ ਸਹਿਜ ਮਹਿਸੂਸ ਕਰਦੇ ਹਨ। ਇਸ ਦਾ ਕਾਰਨ ਉਹ ਇਹ ਦੱਸਦੇ ਹਨ ਕਿ ਉਕਤ ਮੰਤਰੀ ਦੀ ਪੜ੍ਹਾਈ ਜੰਮੂ ਵਿਚ ਹੋਈ ਸੀ, ਜਿਥੇ ਪੰਜਾਬੀ ਸਿੱਖਿਆ ਦਾ ਪ੍ਰਬੰਧ ਨਹੀਂ ਸੀ। ਯਾਦ ਰਹੇ ਪਿਛਲੇ ਦਿਨੀਂ ਇਸ ਮੰਤਰੀ ਦੇ ਪਤੀ ਉਨ੍ਹਾਂ ਦੇ ਸਕੱਤਰੇਤ ਵਿਚਲੇ ਦਫ਼ਤਰ ਵਿਚ ਬੈਠੇ ਸਬੰਧਿਤ ਕਰਮਚਾਰੀਆਂ ਨੂੰ ਹਦਾਇਤਾਂ ਦੇ ਰਹੇ ਸਨ, ਜਿਸ ਕਰਕੇ ਉਹ ਚਰਚਾ ਵਿਚ ਵੀ ਆਏ ਸਨ।ਅਸੀਂ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਿਚ ਰਹੇ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨਾਲ ਇਸ ਕਾਂਗਰਸੀ ਸਿੱਖਿਆ ਮੰਤਰੀ ਦਾ ਮੁਕਾਬਲਾ ਕਰਨਾ ਚਾਹਾਂਗੇ। ਡਾ: ਚੀਮਾ ਨੇ ਆਪਣੇ ਸਮੇਂ ਵਿਚ ਪੰਜਾਬੀ ਬੋਲੀ ਨੂੰ ਪੂਰਾ ਮਾਣ-ਸਨਮਾਨ ਦਿਵਾਉਣ ਦਾ ਯਤਨ ਕੀਤਾ। ਪੰਜਾਬੀ ਭਾਸ਼ਾ ਸਬੰਧੀ ਸਾਲ 2008 ਵਿਚ ਜੋ ਕਾਨੂੰਨ ਬਣਾਇਆ ਗਿਆ ਸੀ, ਉਸ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਸਾਲ 2016 ਵਿਚ ਉਨ੍ਹਾਂ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਵਾਇਆ, ਜਿਸ ਵਿਚ ਪੰਜਾਬ ‘ਚ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਨਾ ਪੜ੍ਹਾਉਣ ਵਾਲੇ ਅਤੇ ਸਕੂਲਾਂ ਅੰਦਰ ਪੰਜਾਬੀ ਬੋਲਣ ‘ਤੇ ਪਾਬੰਦੀ ਲਾਉਣ ਵਾਲੇ ਨਿੱਜੀ ਸਕੂਲਾਂ ਦੀ ਚੈਕਿੰਗ ਕਰਕੇ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਦੀ ਵਿਵਸਥਾ ਕੀਤੀ ਗਈ। ਇਸ ਤਰ੍ਹਾਂ ਦੀ ਚੈਕਿੰਗ ਲਈ ਵਿਸ਼ੇਸ਼ ਟੀਮਾਂ ਵੀ ਬਣਾਈਆਂ ਗਈਆਂ। ਪੰਜਾਬ ਤੋਂ ਬਾਹਰ ਦੇਸ਼ ਅਤੇ ਵਿਦੇਸ਼ ਵਿਚ ਬੈਠੇ ਪੰਜਾਬੀਆਂ ਅਤੇ ਪੰਜਾਬੀ ਸਿੱਖਣ ਦੇ ਚਾਹਵਾਨਾਂ ਨੂੰ ਆਨਲਾਈਨ ਪੰਜਾਬੀ ਸਿਖਾਉਣ ਲਈ ਵੈੱਬਸਾਈਟ ਸ਼ੁਰੂ ਕੀਤੀ ਗਈ। ਕਿੱਤਾਮੁਖੀ ਕੋਰਸਾਂ ਦੀ ਅਹਿਮੀਅਤ ਨੂੰ ਦੇਖਦਿਆਂ ਵੋਕੇਸ਼ਨਲ ਸਿੱਖਿਆ ਦਾ ਸਿਲੇਬਸ ਪੰਜਾਬੀ ਵਿਚ ਅਨੁਵਾਦ ਕਰਕੇ ਕਿਤਾਬਾਂ ਤਿਆਰ ਕਰਵਾਈਆਂ ਗਈਆਂ। 11ਵੀਂ ਤੇ 12ਵੀਂ ਦੀਆਂ ਜਮਾਤਾਂ ਲਈ ਸਾਇੰਸ ਦੀਆਂ ਪੁਸਤਕਾਂ ਨੂੰ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਵਾਇਆ ਗਿਆ। ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ‘ਤੇ ਸਕੂਲੀ ਪੱਧਰ ‘ਤੇ ਪੰਜਾਬ, ਪੰਜਾਬੀ ਭਾਸ਼ਾ, ਪੰਜਾਬੀ ਬੋਲਚਾਲ, ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਕਦਰਾਂ-ਕੀਮਤਾਂ ਸਬੰਧੀ ਅੰਤਰ-ਸਕੂਲ ਮੁਕਾਬਲਿਆਂ ਤੋਂ ਇਲਾਵਾ ਅਲੋਪ ਹੋ ਰਹੀਆਂ ਵਿਰਾਸਤੀ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ। ਅਜਿਹੇ ਯਤਨ ਆਪਣੇ ਸੂਬੇ, ਸੱਭਿਆਚਾਰ ਅਤੇ ਬੋਲੀ ਲਈ ਪ੍ਰਤੀਬੱਧਤਾ ਅਤੇ ਲਗਨ ਨਾਲ ਹੀ ਕੀਤੇ ਜਾ ਸਕਦੇ ਹਨ। ਜੋ ਸ਼ਖ਼ਸੀਅਤ ਇਨ੍ਹਾਂ ਭਾਵਨਾਵਾਂ ਤੋਂ ਅਨਜਾਣ ਤੇ ਅਣ-ਭਿੱਜ ਹੈ, ਉਹ ਪੰਜਾਬੀ ਜ਼ੁਬਾਨ ਅਤੇ ਸੱਭਿਆਚਾਰ ਦੀ ਕੀ ਸੇਵਾ ਕਰ ਸਕੇਗੀ? ਇਹ ਗੱਲ ਗੰਭੀਰਤਾ ਨਾਲ ਸੋਚਣ ਵਾਲੀ ਹੈ। (ਸੰਪਾਦਕੀ : ਅਜੀਤ, 26 ਮਾਰਚ 2017)
ਪ੍ਰਤੀਬੱਧਤਾ ਦੀ ਘਾਟ ਹੈ ਨਵੀਂ ਸਰਕਾਰ ਵਿਚ



